ਫ਼ਿਲਮ ਦੇ ਨਿਰਦੇਸ਼ਕ ਹਨ ਅਨੁਰਾਗ ਸਿੰਘ, ਰਾਜ਼ੀ ਐਮ. ਸ਼ਿੰਦੇ ਤੇ ਰਬਿੰਦਰ ਨਰਾਇਣ ਹਨ ਫ਼ਿਲਮ ਦੇ ਨਿਰਮਾਤਾ
ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਚਰਚਿੱਤ ਗਾਇਕ ਅਤੇ ਪੰਜਾਬੀ ਫਿਲਮਾਂ ਦੇ ਹੀਰੋ ਦਿਲਜੀਤ ਦੁਸਾਂਝ ਅਤੇ ਨਾਮਵਰ ਅਦਾਕਾਰਾ ਸੁਰਵੀਨ ਚਾਵਲਾ ਦੀ ਜੋੜੀ ਪਰਦੇ ‘ਤੇ 11 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ‘ਡਿਸਕੋ ਸਿੰਘ’ ਨਾਲ ਧਮਾਲ ਮਚਾਉਣ ਲਈ ਆ ਰਹੇ ਹਨ।’ਪੀਟੀਸੀ ਮੋਸ਼ਨ ਪਿਕਚਰਜ਼’ ਦੇ ਬੈਨਰ ਹੇਠ ਬਣੀ ‘ਡਿਸਕੋ ਸਿੰਘ’ ਫ਼ਿਲਮ ਦੇ ਨਿਰਮਾਤਾ ਰਾਜੀ ਐਮ ਸ਼ਿੰਦੇ ਤੇ ਰਬਿੰਦਰ ਨਰਾਇਣ ਹੈ, ਜਦਕਿ ਇਸ ਦੇ ਨਿਰਦੇਸ਼ਕ ਅਨੁਰਾਗ ਸਿੰਘ ਹਨ ।
ਫ਼ਿਲਮ ਦੇ ਪ੍ਰਮੋਸ਼ਨ ਲਈ ਪੁੱਜੇ ਫ਼ਿਲਮ ਦੇ ਹੀਰੋ ਦਿਲਜੀਤ ਦੁਸਾਂਝ ਨੇ ਸਥਾਨਕ ਹੋਟਲ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੋਕਾਂ ਦੇ ਮਨੋਰੰਜਨ ਲਈ ਬਣਾਈ ਗਈ ਇਸ ਫਿਲਮ ਵਿੱਚ ਦਰਸ਼ਕ ਉਨਾਂ ਨੂੰ ਵੱਖਰੇ ਰੂਪ ‘ਚ ਦੇਖਣਗੇ, ਕਿਉਂਕਿ ਅਜਿਹਾ ਕਿਰਦਾਰ ਉਹ ਪਹਿਲੀ ਵਾਰ ਨਿਭਾਅ ਰਹੇ ਹਨ।ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨਾਂ ਦੱਸਿਆ ਕਿ ਉਹ ਹਰ ਸਾਲ ਨਵੀਂ ਧਾਰਮਿਕ ਐਲਬਮ ਸੰਗੀਤ ਪ੍ਰੇਮੀਆਂ ਦੇ ਰੂ-ਬ-ਰੂ ਕਰਦੇ ਹਨ ਅਤੇ 11 ਅਪ੍ਰੈਲ ਨੂੰ ਵੀ ਵਿਸਾਖੀ ਮੌਕੇ ਉਨਾਂ ਦੀ ਧਾਰਮਿਕ ਐਲਬਮ ਰਲੀਜ਼ ਕੀਤੀ ਹਾਵੇਗੀ, ਜੋ ਅੱਜ ਵਿਦੇਸ਼ ਵਿੱਚ ਰਲੀਜ ਹੋ ਚੁੱਕੀ ਹੈ।ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਦਿਲਜੀਤ ਦੁਸਾਂਝ ਨੇ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਸਦਕਾ ਪਹਿਲਾਂ ਗਾਇਕ ਤੇ ਹੁਣ ਫਿਲਮੀ ਕਲਾਕਾਰ ਵਜੋਂ ਪੰਜਾਬੀਆਂ ਵਲੋਂ ਉਨਾਂ ਨੂੰ ਬਹੁਤ ਮਾਨ ਸਨਮਾਨ ਮਿਲਿਆ ਹੈ ਅਤੇ ‘ਜੱਟ ਐਂਡ ਜੂਲੀਅਟ-1 ਅਤੇ 2’ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਅਨੁਰਾਗ ਸਿੰਘ ਇਸ ਫ਼ਿਲਮ ਜ਼ਰੀਏ ਮਨੋਰੰਜਨ ਦਾ ਇਕ ਨਵਾਂ ਧਮਾਕਾ ਕਰਨ ਜਾ ਰਹੇ ਹਨ ।
ਨਿਰਮਾਤਾ ਰਾਜੀ ਐਮ ਸ਼ਿੰਦੇ ਦਾ ਕਹਿਣਾ ਹੈ ਕਿ ਡਿਸਕੋ ਸਿੰਘ ਇਕਦਮ ਫਰੈਸ਼ ਅਤੇ ਪੀ.ਟੀ.ਸੀ. ਮੋਸ਼ਨ ਪਿਕਚਰਜ਼ ਦੀ ਪਹਿਲੀ ਪ੍ਰੋਡਕਸ਼ਨ ਹੈ, ਇਸ ਲਈ ਇਸ ਤੋਂ ਬਹੁਤ ਜਿਆਦਾ ਉਮੀਦਾਂ ਹਨ।ਕਈ ਸਾਲਾਂ ਤੋਂ ਪੀ.ਟੀ.ਸੀ. ਨੇ ਪੰਜਾਬੀ ਇੰਟਰਟੇਨਮੈਂਟ ਨੂੰ ਕਵਾਲਿਟੀ ਦਿੱਤੀ ਹੈ ਅਤੇ ਡਿਸਕੋ ਸਿੰਘ ਉਸੇ ਵਾਅਦੇ ਦੀ ਇਕ ਕੜੀ ਹੈ।ਮਕਸਦ ਸਿਰਫ਼ ਇਨਾ ਹੈ ਕਿ ਪੂਰੇ ਪਰਿਵਾਰ ਲਈ ਫ਼ਨ ਅਤੇ ਮਜ਼ੇ ਦਾ ਅਹਿਸਾਸ ਪੈਦਾ ਕੀਤਾ ਜਾਏ।ਉਨਾਂ ਦੱਸਿਆ ਕਿ ਰੁਮਾਂਟਿਕ ਕਾਮੇਡੀ ਵਾਲੀ ਇਸ ਫ਼ਿਲਮ ਵਿੱਚ ਹੀਰੋਇਨ ਦੇ ਰੋਲ ਵਿੱਚ ਸੁਰਵੀਨ ਚਾਵਲਾ ਤੋਂ ਇਲਾਵਾ ਮਨੋਜ ਪਾਹਵਾ, ਉਪਾਸਨਾ ਸਿੰਘ, ਅਪਰੂਵਾ ਅਰੋੜਾ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ ਅਤੇ ਚੰਦਨ ਪ੍ਰਭਾਕਰ ਨੇ ਅਹਿਮ ਭੂਮਿਕਾ ਨਿਭਾਈ ਹੈ।ਫ਼ਿਲਮ ਦੀ ਕਹਾਣੀ ਅਤੇ ਸ੍ਰਕੀਨ ਪਲੇਅ ਨਿਰਦੇਸ਼ਕ ਅਨੁਰਾਗ ਸਿੰਘ ਨੇ ਹੀ ਲਿਖਿਆ ਹੈ ਜਦਕਿ ਸੰਵਾਦ ਉਨਾਂ ਅਤੇ ਅੰਬਰਦੀਪ ਸਿੰਘ ਨੇ ਸਾਂਝੇ ਤੌਰ ‘ਤੇ ਲਿਖੇ ਹਨ।
ਫ਼ਿਲਮ ਦੀ ਹੀਰੋਇਨ ਸੁਰਵੀਨ ਚਾਵਲਾ ਨੇ ਦੱਸਿਆ ਕਿ ਇਸ ਫ਼ਿਲਮ ਜ਼ਰੀਏ ਦਰਸ਼ਕਾਂ ਨੂੰ ਕੁੱਝ ਵੱਖਰਾ ਦੇਖਣਗੇ ਨੂੰ ਮਿਲੇਗਾ। ਇਸ ਫ਼ਿਲਮ ਦੀ ਸ਼ੂਟਿੰਗ ਦਿੱਲੀ, ਗੁੜਗਾਓਂ, ਨੋਇੰਡਾ ਅਤੇ ਹੈਦਰਾਬਾਦ ‘ਚ ਕੀਤੀ ਗਈ ਹੈ।ਫ਼ਿਲਮ ਵਿੱਚਲਾ ਉਨਾਂ ਦਾ ਕਿਰਦਾਰ ਬੇਹੱਦ ਵੱਖਰੇ ਕਿਸਮ ਦਾ ਹੈ।ਫ਼ਿਲਮ ਦੇ ਨਿਰਦੇਸ਼ਕ ਅਨੁਰਾਗ ਸਿੰਘ ਮੁਤਾਬਕ ਉਨਾਂ ਦੀ ਇਹ ਫ਼ਿਲਮ ਹਰ ਵਰਗ ਦੇ ਦਰਸ਼ਕ ਦਾ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ।ਫ਼ਿਲਮ ਦੇ ਸੰਗੀਤ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਗਈ ਹੈ ਜੋ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਫਿਲਮ ਦੇ ਗੀਤ ਇਕਾਕਾ, ਬਲਬੀਰ ਬੋਪਾਰਾਏ, ਵੀਤ ਬਲਜੀਤ ਅਤੇ ਕੋਕੀਦੀਪ ਨੇ ਲਿਖੇ ਹਨ।ਜਿਨਾਂ ਨੂੰ ਨਾਮਵਾਰ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ। ਇਨਾਂ ਗੀਤਾਂ ਨੂੰ ਕੋਰੀਓਗ੍ਰਾਫ ਬਾਬਾ ਯਾਦਵ, ਆਦਿਲ ਸ਼ੇਖ਼, ਪੱਪੂ ਮੱਲੂ ਅਤੇ ਪ੍ਰਿਯੂਸ਼ ਪੰਚਲ ਨੇ ਕੀਤਾ ਹੈ।ਫ਼ਿਲਮ ਵਿੱਚ ਦਰਸ਼ਕਾਂ ਨੂੰ ਐਕਸ਼ਨ ਡਾਇਰੈਕਟਰ ਮੁਹੰਮਦ ਬਖ਼ਸ਼ੀ ਦਾ ਐਕਸ਼ਨ ਵੀ ਦੇਖਣ ਨੂੰ ਮਿਲੇਗਾ।