50 ਬਿਸਤਰਿਆਂ ਦੇ ਰੈਣ ਬਸੇਰੇ ‘ਚ ਬੇਘਰੇ ਲੋਕਾਂ ਨੂੰ ਮਿਲੇਗੀ ਰਹਿਣ ਮੁਫਤ ਖਾਣੇ ਦੀ ਸਹੂਲਤ
ਬਟਾਲਾ, 1 ਮਈ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਬਟਾਲਾ ਸ਼ਹਿਰ ਵਿੱਚ 54.20 ਲੱਖ ਰੁਪਏ ਖਰਚ ਕੇ ਬੇਘਰੇ ਲੋਕਾਂ ਲਈ 50 ਬਿਸਤਰਿਆਂ ਦਾ ਰੈਣ ਬਸੇਰਾ (ਨਾਈਟ ਸ਼ੈਲਟਰ) ਬਣਾਇਆ ਜਾਵੇਗਾ ਤਾਂ ਜੋ ਬੇਘਰੇ ਲੋਕਾਂ ਨੂੰ ਛੱਤ ਮੁਹੱਈਆ ਕਰਾਈ ਜਾ ਸਕੇ। ਇਹ ਜਾਣਕਾਰੀ ਦਿੰਦਿਆਂ ਬਟਾਲਾ ਦੇ ਐੱਸ.ਡੀ.ਐੱਮ. ਜਸਪਾਲ ਸਿੰਘ ਨੇ ਦੱਸਿਆ ਕਿ ਬਟਾਲਾ ਦੇ ਰੈਣ ਬਸੇਰਾ ਪ੍ਰੋਜੈਕਟ ਨੂੰ ਸੂਬਾ ਸਰਕਾਰ ਵੱਲੋਂ ਮਨਜੂਰ ਕਰ ਲਿਆ ਗਿਆ ਹੈ ਅਤੇ ਛੇਤੀ ਹੀ ਇਸਦੀ ਉਸਾਰੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਰੈਣ ਬਸੇਰਾ ਬੱਸ ਸਟੈਂਡ ਦੇ ਲਾਗੇ ਟੈਂਕੀ ਵਾਲੀ ਥਾਂ ‘ਤੇ ਬਣਾਇਆ ਜਾਵੇਗਾ ਅਤੇ ਰੈਣ ਬਸੇਰੇ ‘ਚ ਹਰ ਤਰਾਂ ਦੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ। ਐੱਸ.ਡੀ.ਐੱਮ. ਬਟਾਲਾ ਜਸਪਾਲ ਸਿੰਘ ਨੇ ਅੱਗੇ ਦੱਸਿਆ ਕਿ ਰੈਣ ਬਸੇਰੇ ‘ਚ ਰਹਿਣ ਵਾਲੇ ਵਿਅਕਤੀਆਂ ਨੂੰ ਸੂਬਾ ਸਰਕਾਰ ਵੱਲੋਂ ਆਪਣੇ ਖਰਚੇ ‘ਤੇ ਮੁਫਤ ਖਾਣਾ, ਸੌਣ ਲਈ ਬਿਸਤਰੇ, 24 ਘੰਟੇ ਬਿਜਲੀ ਤੇ ਪਾਣੀ ਦੀ ਸਹੂਲਤ ਅਤੇ ਸਾਫ ਸੁਥਰੇ ਵਾਤਾਵਰਨ ਦੇ ਨਾਲ ਜੀਵਨ ਦੀ ਹਰ ਬੁਨਿਆਦੀ ਸਹੂਲਤ ਮੁਹੱਈਆ ਕਰਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਰੈਣ ਬਸੇਰੇ ਨੂੰ ਚਲਾਉਣ ਦਾ ਪ੍ਰਬੰਧ ਨਗਰ ਕੌਂਸਲ ਬਟਾਲਾ ਦਾ ਹੋਵੇਗਾ ਅਤੇ ਕੌਂਸਲ ਦੇ ਕਰਮਚਾਰੀ ਰੈਣ ਬਸੇਰੇ ਨੂੰ ਚਲਾਉਣ ਲਈ ਵਿਸ਼ੇਸ਼ ਤੌਰ ‘ਤੇ ਤਾਇਨਾਤ ਕੀਤੇ ਜਾਣਗੇ। ਐੱਸ.ਡੀ.ਐੱਮ. ਨੇ ਦੱਸਿਆ ਕਿ 50 ਬਿਸਤਰਿਆਂ ਦੇ ਇਸ ਰੈਣ ਬਸੇਰੇ ਲਈ ਜਗ੍ਹਾ ਦੀ ਚੋਣ ਕੀਤੀ ਜਾ ਚੁੱਕੀ ਹੈ ਅਤੇ ਛੇਤੀ ਹੀ ਇਸਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਰੈਣ ਬਸੇਰਾ ਬਣਨ ਨਾਲ ਸ਼ਹਿਰ ਵਿੱਚ ਤੁਰੇ ਫਿਰਦੇ ਬੇਘਰ ਵਿਅਕਤੀ ਜੋ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨ ਜਾਂ ਫੁੱਟਪਾਥ ‘ਤੇ ਰਾਤ ਗੁਜ਼ਾਰਨ ਲਈ ਮਜਬੂਰ ਹਨ ਨੂੰ ਇਸ ਰੈਣ ਬਸੇਰੇ ਵਿੱਚ ਜਗ੍ਹਾ ਦਿੱਤੀ ਜਾਵੇਗੀ ਅਤੇ ਇਨਸਾਨੀਅਤ ਦਾ ਫਰਜ਼ ਨਿਭਾਉਂਦਿਆਂ ਉਨ੍ਹਾਂ ਨੂੰ ਜੀਵਨ ਦੀਆਂ ਸਾਰੀਆਂ ਲੋੜਾਂ ਇਥੇ ਮੁਫਤ ਮੁਹੱਈਆ ਕਰਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਰੈਣ ਬਸੇਰਾ ਬਣਨ ਨਾਲ ਅਜਿਹੇ ਬੇਘਰੇ ਲੋਕਾਂ ਨੂੰ ਛੱਤ ਮਿਲਣ ਦੇ ਨਾਲ ਸ਼ਹਿਰ ਵਿੱਚ ਲਾਵਾਰਸ ਹਾਲਤ ‘ਚ ਫਿਰਨ ਵਾਲੇ ਵਿਅਕਤੀਆਂ ‘ਤੇ ਰੋਕ ਲੱਗ ਸਕੇਗੀ।