(4 ਮਈ ਬੁੱਧ ਜੈਅੰਤੀ)
ਵੱਖ ਵੱਖ ਧਰਮ ਪਰਮਾਤਮਾ ਨੂੰ ਮਿਲਣ ਦੇ ਵੱਖ ਵੱਖ ਮਾਰਗ ਹਨ। ਇਹ ਧਰਮ ਜਿਥੇ ਮਨੁੱਖ ਨੂੰ ਸੱਚ ਨਾਲ ਜੋੜਦੇ ਹਨ ਉੱਥੇ ਉਸ ਦੀ ਸਚਿਆਰ ਬਣਨ ਵਿਚ ਵੀ ਭਰਪੂਰ ਅਗਵਾਈ ਕਰਦੇ ਹਨ। ਇਸ ਅਗਵਾਈ ਸਦਕਾ ਕੋਈ ਵੀ ਵਿਅਕਤੀ ਆਪਣੇ ਆਪ ਦੀ ਪਹਿਚਾਣ ਕਰਕੇ ਜਿਥੇ ਆਪਣੇ ਲੋਕ ਅਤੇ ਪ੍ਰਲੋਕ ਨੂੰ ਸੁਹੇਲਾ ਕਰ ਸਕਦਾ ਹੈ ਉੱਥੇ ਇਲਾਹੀ ਰਹਿਮਤਾਂ ਦਾ ਪਾਤਰ ਵੀ ਬਣ ਸਕਦਾ ਹੈ। ਇਹ ਪਾਤਰਤਾ ਉਸ ਦੇ ਪੁਰਖੀ ਜੀਵਨ ਨੂੰ ਮਹਾਂਪੁਰਖੀ ਜੀਵਨ ਦਾ ਮੁਹਾਂਦਰਾਂ ਪ੍ਰਦਾਨ ਕਰਕੇ ਲੋਕਾਈ ਦੇ ਪਿਆਰ ਅਤੇ ਸਤਿਕਾਰ ਦਾ ਭਾਗੀਦਾਰ ਬਣਾ ਦਿੰਦੀ ਹੈ। ਇਸ ਭਾਗੀਦਾਰੀ ਦੀ ਬਾਦੌਲਤ ਇਹ ਮਹਾਂਪੁਰਖ ਯੁੱਗਾਂ-ਯੁੱਗਾਂਤਰਾਂ ਤੱਕ ਲੋਕ-ਚੇਤਿਆਂ ਦਾ ਸ਼ਿੰਗਾਰ ਬਣੇ ਰਹਿੰਦੇ ਹਨ। ਇਸ ਸ਼ਿੰਗਾਰ ਕਾਰਨ ਹੀ ਇਨ੍ਹਾਂ ਪਰਮਪੁਰਖਾਂ ਦੀ ਵਿਚਾਰਧਾਰਕ ਉਮਰ ਕਈਆਂ ਸਦੀਆਂ ਤੱਕ ਇਤਿਹਾਸ ਦੇ ਪੰਨਿਆਂ ਦਾ ਅਹਿਮ ਅੰਗ ਬਣੀ ਰਹਿੰਦੀ ਹੈ। ਇਤਿਹਾਸ ਦਾ ਇਕ ਅਜਿਹਾ ਹੀ ਨਰੋਆ ਅਤੇ ਨਿਵੇਕਲਾ ਅੰਗ ਹੈ ਮਹਾਤਮਾ ਬੁੱਧ ਦਾ ਜੀਵਨ ਅਤੇ ਉਸ ਦੀ ਵਿਚਾਰਧਾਰਾ, ਜੋ ਢਾਈ ਹਜ਼ਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਵੀ ਉਨ੍ਹਾਂ ਹੀ ਸਹੀ ਅਤੇ ਸਾਰਥਿਕ ਹੋਣ ਦਾ ਦਮ ਭਰਦੀ ਹੈ।
ਏਸ਼ੀਆ ਦਾ ਚਾਨਣ ਕਰਕੇ ਜਾਣੇ ਜਾਂਦੇ ਮਹਾਤਮਾ ਬੁੱਧ ਦਾ ਜਨਮ ਰਾਜਾ ਸ਼ੁਧੋਦਨ ਅਤੇ ਰਾਣੀ ਮਹਾਂਮਾਇਆ ਦੇ ਘਰ ਕਪਿਲਵਸਤੂ (ਨੇਪਾਲ ਦੀ ਰਾਜਧਾਨੀ) ਦੇ ਨਜਦੀਕ ਲੁੰਬਿਨੀ ਨਾਮਕ ਸਥਾਨ ‘ਤੇ ਹੋਇਆ। ਬੁੱਧ ਦੇ ਜਨਮ ਬਾਰੇ ਵੱਖ-ਵੱਖ ਵਿਚਾਰਧਰਾਵਾਂ ਪ੍ਰਚਲਿਤ ਹਨ। ਇਕ ਵਿਚਾਰਧਾਰਾ ਮੁਤਾਬਕ(ਜੋ ਸ੍ਰੀ ਲੰਕਾ ਦੀ ਰਵਾਇਤ ਦੇ ਆਧਾਰਤ ਹੈ) ਮਹਾਤਮਾ ਬੁੱਧ ਨੂੰ ਈਸਵੀ ਸਨ ਦੀ ਆਰੰਭਤਾ ਤੋਂ ਸਵਾ ਛੇ ਸੌ ਸਾਲ ਪਹਿਲਾਂ ਪੈਦਾ ਹੋਇਆ ਮੰਨਿਆ ਜਾਂਦਾ ਹੈ। ਦੂਸਰੀ ਵਿਚਾਰਾਧਾਰਾ ਦੇ ਅਨੁਸਾਰ ਮਹਾਤਮਾ ਬੁੱਧ ਦੇ ਜਨਮ ਦਾ ਸਮਾਂ 566 ਈ.ਪੂ ਹੈ ਜੋ ਕਿ ਵਧੇਰੇ ਪ੍ਰਵਾਨ ਕੀਤਾ ਜਾਂਦਾ ਹੈ। ਬੋਧੀ ਭਾਈਚਾਰੇ ਵੱਲੋਂ ਬੁੱਧ ਦਾ ਜਨਮ ਆਮ ਤੌਰ ‘ਤੇ ਦੇਸੀ ਮਹੀਨੇ ਵਿਸਾਖ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਜੋ ਕਿ ਬੁੱਧ ਪੁੂਰਨਿਮਾ ਕਰਕੇ ਜਾਣਿਆ ਜਾਂਦਾ ਹੈ।
ਜਦੋਂ ਮਹਾਤਮਾ ਬੁੱਧ ਦਾ ਜਨਮ ਹੋਇਆ ਤਾਂ ਰਾਜ-ਦਰਬਾਰ ਵਿੱਚ ਭਰਪੂਰ ਖੁਸ਼ੀਆਂ ਮਨਾਈਆਂ ਗਈਆਂ ਪਰ ਇਨ੍ਹਾਂ ਖੁਸ਼ੀਆਂ ਦੀ ਉਮਰ ਬਹੁਤੀ ਲੰਮੀ ਨਾ ਰਹਿ ਸਕੀ ਕਿਉਂਕਿ ਇਕ ਹਫਤੇ ਬਾਅਦ ਬੁੱਧ ਦੀ ਮਾਤਾ ਮਹਾਂਮਇਆ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਈ। ਮਾਤਾ ਜੀ ਦੇ ਵਿਛੋੜੇ ਤੋਂ ਬੁੱਧ ਦਾ ਪਾਲਣਾ ਉਨ੍ਹਾਂ ਦੀ ਮਾਸੀ ਪਰਜਾਪਤੀ ਗੌਤਮੀ(ਸ਼ੁਧੋਦਨ ਦੀ ਦੂਜੀ ਪਤਨੀ) ਨੇ ਕੀਤੀ। ਬਾਲ ਉਮਰ ਵਿਚ ਬੁੱਧ ਨੂੰ ਦੇਖਣ ਲਈ ਇਕ ਆਸਿਤ ਨਾਮੀ ਜੋਤਸ਼ੀ ਆਇਆ ਜਿਸ ਨੇ ਉਸ ਦੇ ਤੇਜਸਵੀ ਪੁਰਖ ਹੋਣ ਦੀ ਭਵਿੱਖਬਾਣੀ ਕੀਤੀ। ਇਸ ਭਵਿੱਖਬਾਣੀ ਦੇ ਆਧਾਰਿਤ ਬੁੱਧ ਦਾ ਨਾਮ ਸਿਧਾਰਥ ਰੱਖਿਆ ਗਿਆ।
ਸਿਧਾਰਥ ਜਦੋਂ ਥੋੜ੍ਹਾ ਜਿਹਾ ਵੱਡਾ ਹੋਇਆ ਤਾਂ ਉਸ ਦਾ ਦਿਲ ਉਦਾਸ ਰਹਿਣ ਲੱਗਾ। ਪਰਿਵਾਰ ਨੇ ਉਸ ਦੀ ਉਦਾਸੀ ਨੂੰ ਦੇਖ ਉਸ ਦਾ ਵਿਆਹ ਕਰਨ ਦਾ ਫੈਸਲਾ ਕਰ ਲਿਆ ਤਾਂ ਜੋ ਉਸ ਨੂੰ ਘਰ-ਪਰਿਵਾਰ ਅਤੇ ਰਾਜ-ਭਾਗ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਜਾ ਸਕੇ। ਇਸ ਫੈਸਲੇ ਤਹਿਤ ਸਿਧਾਰਥ ਦਾ ਵਿਆਹ ਯਸ਼ੋਧਰਾ ਨਾਮਕ ਲੜਕੀ ਨਾਲ ਕਰ ਦਿੱਤਾ ਗਿਆ,ਜਿਸ ਦੀ ਕੁੱਖੋਂ ਰਾਹੁਲ ਨਾਮਕ ਬੇਟੇ ਨੇ ਜਨਮ ਲਿਆ। ਪਤਨੀ ਦਾ ਪਿਆਰ ਅਤੇ ਪੁੱਤਰ ਦਾ ਮੋਹ ਵੀ ਸਿਧਾਰਥ ਦਾ ਮਨ ਨਹੀਂ ਬਦਲ ਸਕਿਆ। ਉਹ ਅਜੇ ਵੀ ਵੈਰਾਗਮਈ ਅਵਸਥਾ ਵਿਚ ਹੀ ਵਿਚਰਦਾ ਰਹਿੰਦਾ ਸੀ। ਪਰਿਵਾਰਕ ਅਤੇ ਸੰਸਾਰਰਿਕ ਖੁਸ਼ੀਆਂ ਉਸ ਨੁੰ ਬਹੁਤਾ ਆਕਰਸ਼ਿਤ ਨਹੀਂ ਕਰ ਸਕੀਆਂ।
ਇੱਕ ਵਾਰ ਸਿਧਾਰਥ ਰਥ ਵਿਚ ਬੈਠ ਕੇ ਮਹੱਲ ਤੋਂ ਬਾਹਰ ਜਾ ਰਿਹਾ ਸੀ ਕਿ ਉਸ ਨੇ ਇਕ ਬ੍ਰਿਧ ਪ੍ਰਾਣੀ ਨੂੰ ਦੇਖਿਆ ਜੋ ਕਿ ਬਹੁਤ ਕਮਜੋਰ ਨਜ਼ਰ ਆ ਰਿਹਾ ਸੀ। ਜਦੋਂ ਉਸ ਨੇ ਆਪਣੇ ਰਥਵਾਨ ਤੋਂ ਇਸ ਪ੍ਰਾਣੀ ਬਾਬਤ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਵਡੇਰੀ ਉਮਰ ਦੇ ਪ੍ਰਭਾਵ ਨਾਲ ਸਾਰੇ ਪ੍ਰਾਣੀ ਇਸ ਤਰ੍ਹਾਂ ਹੀ ਕਮਜੋਰ ਹੋ ਜਾਂਦੇ ਹਨ ਅਤੇ ਇਕ ਨਾ ਇਕ ਦਿਨ ਖ਼ਤਮ ਹੋ ਜਾਂਦੇ ਹਨ। ਰਥਵਾਨ ਦੀ ਇਸ ਗੱਲ ਨਾਲ ਸਿਧਾਰਥ ਦੇ ਮਨ ‘ਤੇ ਗਹਿਰੀ ਚੋਟ ਵੱਜੀ। ਇੱਕ ਹੋਰ ਮੌਕੇ ‘ਤੇ ਉਸ ਨੇ ਇੱਕ ਬਿਮਾਰ ਪੁਰਸ਼ ਨੂੰ ਤੱਕਿਆ। ਤੀਸਰੀ ਵਾਰ ਸਿਧਾਰਥ ਨੇ ਇਕ ਲਾਸ਼ ਨੂੰ ਦੇਖਿਆ ਜਿਸ ਨੂੰ ਦੇਖਦੇ ਸਾਰ ਹੀ ਉਸ ਦਾ ਮਨ ਉਪਰਾਮ ਹੋ ਗਿਆ। ਇਸ ਉਪਰਾਮਤਾ ਦੇ ਕਾਰਨ ਉਸ ਨੂੰ ‘ਮੌਤ ਸੱਚ ਅਤੇ ਜੀਵਨ ਝੂਠ’ਭਾਸਣ ਲੱਗ ਪਿਆ।
ਇਕ ਦਿਨ ਸਿਧਾਰਥ ਸੈਰ ਕਰਨ ਲਈ ਖੇਤਾਂ ਵੱਲ ਨੂੰ ਜਾ ਰਿਹਾ ਸੀ ਕਿ ਉਸ ਨੇ ਕਿਸਾਨਾਂ ਨੂੰ ਖੇਤਾਂ ਵਿਚ ਹੱਲ ਵਾਹੁੰਦਿਆਂ ਨੂੰ ਦੇਖਿਆ। ਕਿਸਾਨਾਂ, ਬੈਲਾਂ ਅਤੇ ਕੀੜੇ-ਮਕੌੜਿਆਂ ਨੂੰ ਖੇਤਾਂ ਵਿਚ ਕਸ਼ਟ ਵਿਚੋਂ ਲੰਘਦਿਆਂ ਦੇਖ ਉਸ ਦਾ ਮਨ ਬਹੁਤ ਦੁਖੀ ਹੋਇਆ। ਇਸ ਦੁਖਦਾਈ ਅਵਸਥਾ ਵਿਚ ਸਿਧਾਰਥ ਇਕ ਦਰਖਤ ਹੇਠ ਬੈਠ ਗਿਆ ਅਤੇ ਉੁੇਸ ਦੀ ਸਮਾਧੀ ਲੱਗ ਗਈ। ਜਦੋਂ ਉਹ ਸਮਾਧੀ ਵਿਚੋਂ ਬਾਹਰ ਆਇਆ ਤਾਂ ਉਸ ਨੇ ਆਪਣਾ ਘਰ-ਬਾਰ ਤਿਆਗਣ ਦਾ ਮਨ ਬਣਾ ਲਿਆ। ਇਸ ਤਿਆਗੀ ਮਾਨਸਿਕਤਾ ਨੇ ਉਸ ਨੂੰ ਆਪਣੀ ਜਵਾਨ ਪਤਨੀ ਅਤੇ ਪਿਆਰੇ ਪੁੱਤਰ ਨੂੰ ਸੁੱਤੇ ਪਏ ਛੱਡ ਕੇ ਆਪਣੇ ਰਾਜ-ਭਾਗ ਦੀਆਂ ਜੂਹਾਂ ਛੱਡਣ ਲਈ ਤਤਪਰ ਕਰ ਦਿੱਤਾ। ਇਸ ਸਮੇਂ ਸਿਧਾਰਥ ਦੀ ਆਯੂ 29 ਸਾਲ ਦੇ ਨੇੜੇ ਸੀ। ਉਸ ਨੇ ਆਪਣੇ ਸ਼ਾਹੀ-ਠਾਠ ਨੂੰ ਤਿਆਗ ਕੇ ਸਿਰ ਮੁਨਵਾ ਲਿਆ ਅਤੇ ਇੱਕ ਸ਼ਿਕਾਰੀ ਦਾ ਭੇਖ ਬਣਾ ਲਿਆ। ਇਸ ਘਟਨਾ ਨੂੰ ਮਹਾਨ ਤਿਆਗ ਦਾ ਨਾਮ ਦਿੱਤਾ ਜਾਂਦਾ ਹੈ।
ਸਰਵ-ਉੱਚ ਆਦਰਸ਼ ਦੀ ਭਾਲ ਵਿਚ ਨਿਕਲੇ ਸਿਧਾਰਥ ਦਾ ਮਿਲਾਪ ਇਕ ਆਲਾਰ ਕਾਲਾਮ ਨਾਮੀ ਗੁਰੂ ਨਾਲ ਹੋਇਆ। ਇਸ ਗੁਰੁ ਨੇ ਉਸ ਨੂੰ ‘ਸੁੰਨ ਅਵਸਥਾ’ ਹਾਸਲ ਕਰਨ ਲਈ ਇਕ ਕਿਸਮ ਦਾ ਧਿਆਨ ਧਾਰਨ ਦਾ ਵੱਲ ਸਿਖਾਇਆ। ਧਿਆਨ ਦੀ ਇਸ ਕਿਸਮ ਲਈ ਜੋ ਸਾਧਨ ਵਰਤੋਂ ਵਿਚ ਲਿਆਂਦੇ ਗਏ ਉਹ ਸਨ:ਸ਼ੁੱਧਾ,ਵੀਰਯ,ਸਮ੍ਰਿਤਿ,ਸਮਾਧੀ ਅਤੇ ਪ੍ਰਗਿਆ। ਇਨ੍ਹਾਂ ਸਾਧਨਾਂ ਦੀ ਸੁਯੋਗ ਵਰਤੋਂ ਕਰਕੇ ਸਿਧਾਰਥ ਨੇ ਆਪਣੇ ਗੁੁਰੂ ਕਾਲਾਮ ਦੁਆਰਾ ਦੱਸੀ ਹੋਈ ਮੰਜ਼ਿਲ ਨੂੰ ਪ੍ਰਾਪਤ ਕਰ ਲਿਆ। ਪਰ ਇਸ ਮੰਜ਼ਿਲ ‘ਤੇ ਪਹੁੰਚ ਕੇ ਵੀ ਉਸ ਦੇ ਮਨ ਦੀ ਤਸੱਲੀ ਨਹੀਂ ਹੋਈ ਅਤੇ ਉਹ ਉਥੋਂ ਅਗਾਂਹ ਤੁਰ ਪਿਆ।
ਤੁਰਦਿਆਂ-ਤੁਰਦਿਆਂ ਜਦੋਂ ਸਿਧਾਰਥ ਨੇ ਕੁੱਝ ਸਫਰ ਤਹਿ ਕੀਤਾ ਤਾਂ ਉਸ ਦੀ ਮੁਲਾਕਾਤ ਇੱਕ ਹੋਰ ਅਚਾਰੀਆ ਉਦ੍ਰਕ ਰਾਮਪੁਤ੍ਰ ਨਾਲ ਹੋਈ। ਉਸ ਅਚਾਰੀਆ ਨੇ ਉਸ ਨੂੰ ‘ਨ ਸੰਕਲਪ ਅਤੇ ਨਿਰਸੰਕਲਪ’ ਅਵਸਥਾ ਪ੍ਰਾਪਤ ਕਰਨ ਦੀ ਤਲੀਮ ਦਿੱਤੀ। ਸਿਧਾਰਥ ਨੇ ਉਸ ਤਲੀਮ ‘ਤੇ ਨਿਪੁੰਨਤਾ ਨਾਲ ਅਮਲ ਕਰਕੇ ਉਹ ਅਵਸਥਾ ਵੀ ਹਾਸਲ ਕਰ ਲਈ ਪਰ ਇਸ ਅਵਸਥਾ ਵਿਚ ਵੀ ਉਸ ਨੂੰ ਮੁਕਤੀ ਦਾ ਮਾਰਗ ਦਿਖਾਈ ਨਹੀਂ ਦਿੱਤਾ। ਉਸ ਨੇ ਉਦ੍ਰਕ ਦਾ ਆਸ਼ਰਮ ਵੀ ਛੱਡ ਦਿੱਤਾ।
ਉਪਰੋਕਤ ਦੋਵੇਂ ਅਵਸਥਾਵਾਂ ਸਿਧਾਰਥ ਨੂੰ ਪਰਮ ਸੱਚ ਤੋਂ ਉਰਲੀਆਂ ਹੀ ਨਜ਼ਰ ਆਈਆਂ ਜੋ ਉਸ ਲਈ ਨਿਰਵਾਣ ਪ੍ਰਾਪਤੀ ਦਾ ਸਬੱਬ ਨਹੀਂ ਬਣ ਸਕੀਆਂ। ਆਪਣੇ ਅਤ੍ਰਿਪਤ ਮਨ ਨੂੰ ਲੈ ਕੇ ਉਹ ਗਯਾ ਦੇ ਕੋਲ ਉਰਵੇਲਾ ਨਦੀ ਦੇ ਕਿਨਾਰੇ ਪਹੁੰਚ ਗਿਆ ਕਿਉਂਕਿ ਉਸ ਦੇ ਜੀਵਨ ਦਾ ਉਦੇਸ਼ ਤਾਂ ਦੁੱਖਾਂ ਤੋਂ ਖਹਿੜਾ ਛੁਡਾਉਣ ਦਾ ਕਾਰਨ ਲੱਭਣਾ ਸੀ। ਇਸ ਨਦੀ ਦੇ ਕੰਢੇ ‘ਤੇ ਬੈਠ ਕੇ ਛੇ ਸਾਲ ਉਸ ਨੇ ਆਪਣੇ ਸਾਥੀਆਂ ਸਮੇਤ ਘੋਰ ਤੱਪਸਿਆ ਕੀਤੀ। ਇਸ ਕਠਿਨ ਤਪ ਨੇ ਸਿਧਾਰਥ ਦੇ ਸਰੀਰ ਨੂੰ ਤੀਲੇ ਵਰਗਾ ਕਰ ਕੇ ਰੱਖ ਦਿੱਤਾ। ਜਦੋਂ ਉਸ ਦਾ ਮਨ ਇਸ ਕਠਿਨ ਸਾਧਨਾ ਤੋਂ ਕੁੱਝ ਉਚਾਟ ਹੋਣ ਲੱਗਾ ਤਾਂ ਇਕ ਦਿਨ ਮੱਧ ਵਰਗ ਦੀ ਇਕ ਸੁਜਾਤਾ ਨਾਮੀ ਲੜਕੀ ਨੇ ਉਸ ਨੂੰ ਖਾਣ ਵਾਸਤੇ ਖੀਰ ਭੇਟ ਕੀਤੀ। ਜਦੋਂ ਸਿਧਾਰਥ ਨੇ ਉਹ ਖੀਰ ਖਾਧੀ ਤਾਂ ਉਸ ਨੇ ਮੱਧ ਮਾਰਗੀ ਜੀਵਨ-ਜਾਚ ਅਪਨਾਉਣ ਲਈ ਸੋਚਿਆ। ਇਹ ਸੋਚ ਉਸ ਦਰਮਿਆਨੇ ਰਾਹ ਦੀ ਹਾਮੀ ਸੀ ਜਿਸ ਉਪਰ ਚੱਲ ਕੇ ਜਿਥੇ ਆਪਣੇ ਆਪ ਨੂੰ ਦੁਨਿਆਵੀ ਰੰਗ-ਤਮਸ਼ਿਆਂ ਤੋਂ ਦੂਰ ਰੱਖਣਾ ਹੁੰਦਾ ਹੈ ਉਥੇ ਕਠੋਰ ਸਾਧਨਾਵਾਂ ਤੋਂ ਵੀ ਪ੍ਰਹੇਜ਼ ਕਰਨਾ ਹੁੰਦਾ ਹੈ। ਵੈਸਾਖ ਦੀ ਪੂਰਨਮਾਸ਼ੀ ਵਾਲੇ ਦਿਨ ਸਿਧਾਰਥ ਪਰਮ ਗਿਆਨ ਦੀ ਪ੍ਰਾਪਤੀ ਲਈ ਪਿਪਲ (ਬੋਧੀ) ਦੇ ਦਰਖਤ ਹੇਠ ਬੈਠ ਗਿਆ। ਉਸੇ ਦਿਨ ਸ਼ਾਮ ਨੂੰ ਮਨੁੱਖੀ ਕਾਮਨਾਵਾਂ ਅਤੇ ਆਤਮਿਕ ਸ਼ਕਤੀਆਂ ਦੇ ਸੰਘਰਸ਼ ਦੇ ਫੈਸਲੇ ਦੀ ਘੜੀ ਆ ਗਈ। ਮਨੁੱਖੀ ਕਾਮਨਾਵਾਂ ਮਾਰ (ਅਗਿਆਨ) ਦੁਆਰਾ ਅਤੇ ਆਤਮਿਕ ਸ਼ਕਤੀਆਂ ਬੋਧ (ਗਿਆਨ) ਰਾਹੀਂ ਪ੍ਰਗਟ ਹੋਈਆਂ। ਸਿਧਾਰਥ ਇਕ ਇਕ ਕਰਕੇ ਧਿਆਨ ਦੀਆਂ ਚਾਰੇ ਮੰਜ਼ਿਲਾਂ ਚੜ੍ਹਦਾ ਗਿਆ। ਧਿਆਨ ਦੀ ਆਖਰੀ ਮੰਜ਼ਿਲ ਸ਼ੁਧ ਚੇਤਨਾ ਅਤੇ ਸਮਤੁਲਿਤ ਬਿਰਤੀ ਦੀ ਸੂਚਕ ਹੈ। ਸੰਪੂਰਨਤਾ ਦੀ ਇਸ ਅਵਸਥਾ ਵਿਚ ਹੀ ਉਸ ਨੇ ਉਹ ਸੱਚਾਈਆਂ ਦੇਖੀਆਂ ਜਿਨ੍ਹਾਂ ਨੇ ਉਸ ਦੇ ਅੰਦਰ ਜਾਗ੍ਰਤੀ ਅਤੇ ਗਿਆਨ ਪੈਦਾ ਕਰ ਦਿੱਤਾ। ਗਿਆਨ ਦੀ ਇਸ ਪੈਦਾਇਸ਼ ਤੋਂ ਬਾਅਦ ਹੀ ਸਿਧਾਰਥ ਮਹਾਤਮਾ ਬੁੱਧ ਬਣ ਗਿਆ ਜੋ ਲੋਕ ਅਤੇ ਪ੍ਰਲੋਕ ਦਾ ਗਿਆਤਾ ਹੋ ਨਿਬੜਿਆ।
-ਰਮੇਸ਼ ਬੱਗਾ ਚੋਹਲਾ, ਰਿਸ਼ੀ ਨਗਰ (ਲੁਧਿਆਣਾ) ਮ: 9463132719