Sunday, December 22, 2024

 ਦਰਦ ਭਰੇ ਉਦਾਸ ਗੀਤ ਗਾਉਂਦਾ-ਗਾਉਂਦਾ ਸਭ ਨੂੰ ਉਦਾਸ ਕਰ ਗਿਆ – ਗਾਇਕ ਧਰਮਪ੍ਰੀਤ

ਜਿੰਨ੍ਹਾਂ ਸੀ ਮਸ਼ੂਮ ਉਨ੍ਹੀ ਡੂੰਘੀਂ ਸੱਟ ਮਾਰ ਗਿਆ

dharmpreet 2

             ਆਪਣੀ ਮਾਖਿਉਂ ਮਿੱਠੀ ਦਰਦ ਭਰੀ ਅਵਾਜ ਜਰੀਏ ਦਰਦ ਭਰੇ ਉਦਾਸ ਤੇ ਰੁਦਨ ਗੀਤਾਂ ਰਾਹੀ ਹਰ ਇਕ ਨੂੰ ਕੀਲਣ ਵਾਲਾ ਸੋਹਣਾ-ਸੁਨੱਖਾ, ਮਿੱਠ-ਬੋਲੜਾ, ਮਸੂਮ ਲੋਕ ਗਾਇਕ ‘ਧਰਮਪ੍ਰੀਤ’ ਆਪਣੀ ਜੀਵਨ ਸਾਥਣ ਮਨਦੀਪ ਕੌਰ ਤੇ ਲਾਡਲੇ ਬੇਟੇ ਅਰਮਾਨ ਅਤੇ ਇਸ ਰੰਗਲੀ ਦੁਨੀਆਂ ਨੂੰ ਛੱਡ ਸਦਾ ਲਈ ਅਲਵਿਦਾ ਆਖ ਗਿਆ ਹੈ।ਜਿਸ ਦੇ ਤੁਰ ਜਾਣ ਨਾਲ ਸੰਗੀਤਕ ਖੇਤਰ ਨੂੰ ਇਕ ਵੱਡਾ ਝੱਟਕਾ ਲੱਗਿਆ ਹੈ।ਜਿਸ ਦੀ ਘਾਟ ਸਮੁੱਚੇ ਦੇਸ਼ ਵਾਸੀਆ ਤੇ ਸੰਗੀਤ ਜਗਤ ਤੇ ਸੰਗੀਤ ਪ੍ਰੇਮੀਆਂ ਨੂੰ ਸਦੀਆਂ ਤੱਕ ਰੜਕਦੀ ਰਹੇਗੀ।ਇਸ ਦੇ ਤੁਰ ਜਾਣ ਨਾਲ ਸਮੁੱਚਾ ਆਲ਼ਮ ਸ਼ੋਗ ‘ਚ ਡੁੱਬਿਆ ਪਿਆ ਹੈ।ਦੇਸ਼ਾਂ-ਵਿਦੇਸ਼ਾਂ ‘ਚ ਉਸ ਦੇ ਚਰਚੇ ਅਤੇ ਟੀ.ਵੀ ਚੈਨਲਾਂ,ਰੇਡੀਓ ਤੇ ਹੋਰ ਕਈ ਥਾਂਈ ਉਸ ਦੇ ਗੀਤਾਂ ਨੂੰ ਲੋਕ ਉਸ ਦੀ ਇਕ ਯਾਦ ਸਮਝ ਕੇ ਸੁਣ ਰਹੇ ਨੇ।ਉਸ ਦੀ ਦਰਦ ਭਰੀ ਅਵਾਜ਼ ਵਿੱਚ ਇਕ ਨਵੇਕਲੀ ਕਸ਼ਕ ਸੀ, ਜੋ ਹਰ ਇਕ ਨੂੰ ਘਾਇਲ ਕਰਦੀ ਸੀ।
ਅਣਗਿਣਤ ਸੁਪਰਹਿੱਟ ਗੀਤ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਝੋਲੀ ਪਾਉੋਣ ਵਾਲੇ ਉੱਘੇ ਪ੍ਰਸ਼ਿੱਧ ਪੰਜਾਬੀ ਲੋਕ ਗਾਇਕ ਧਰਮਪ੍ਰੀਤ ਨੇ ਬੀਤੇ ਦਿਨੀਂ ੭ ਜੂਨ ਦੀ ਰਾਤ ਨੂੰ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।ਉਹ ਉਸ ਦਿਨ ਅੰਮ੍ਰਿਤਸ਼ਰ ਇਲਾਕੇ ‘ਚ ਪ੍ਰੋਗਰਾਮ ਕਰਕੇ ਭਰਤ ਨਗਰ ਬਠਿੰਡਾ ਵਿਖੇ ਆਪਣੇ ਘਰ ਵਾਪਿਸ ਪਰਤਣ ਤੇ ਰੋਟੀ-ਪਾਣੀ ਛਕਣ ਤੋਂ ਬਾਅਦ ਸੌਣ ਲਈ ਆਪਣੇ ਬੈੱਡ ਰੂਮ ‘ਚ ਗਿਆ,ਪਰ ਦੂਜੇ ਦਿਨ ਸਵੇਰੇ ਜਦ ਧਰਮਪ੍ਰੀਤ ਨਾ ਉੱਠਿਆ ਤਾਂ ਉਸ ਦੀ ਮਾਤਾ ਜੀ ਨੇ ਦਰਵਾਜ਼ਾ ਖੜਕਾਇਆ ‘ਤੇ ਅੰਦਰੋਂ ਕੋਈ ਜਵਾਬ ਨਾ ਮਿਲਿਆ ਤਾਂ ਆਂਢੀਆ-ਗੁਆਂਢੀਆ ਦੀ ਮਦਦ ਨਾਲ ਜਦ ਘਰ ਦਾ ਦਰਵਾਜਾ ਤੋੜਿਆ ਤਾਂ ਦੇਖਿਆ ਗਿਆ ਕਿ ਨੌਜਵਾਨ ਪੰਜਾਬੀ ਲੋਕ ਗਾਇਕ ਧਰਮਪ੍ਰੀਤ ਦੀ ਲਾਸ ਬੁੱਤ ਬਣੀ ਪੱਖੇ ਨਾਲ ਲਟਕ ਰਹੀ ਸੀ।ਇਹ ਅਣਹੌਣੀ ਵੇਖਦਿਆਂ ਸਭ ਦੇ ਪੈਰਾਂ ਥੱਲੋਂ ਜਮੀਨ ਨਿਕਲ ਗਈ ਤੇ ਘਰ ਵਿੱਚ ਚੀੰਕ ਚਿੰਘਾੜਾ ਤੇ ਰੌਣ ਦੀਆਂ ਅਵਾਜ਼ਾਂ ਸੁਰੂ ਹੋ ਗਈਆ।ਗਾਇਕ ਧਰਮਪ੍ਰੀਤ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਸਬੰਧੀ ਕਾਰਨਾਂ ਦਾ ਕੁਝ ਪਤਾ ਨਹੀ ਲੱਗਿਆ।ਪਰ ਉਸ ਦੇ ਕਰੀਬੀ ਯਾਰ ਦੱਸਦੇ ਹਨ ਕਿ ਉਹ ਪਿਛਲੇ ਕੁਝ ਸਮੇਂ ਤੋਂ ਮਾਨਸ਼ਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ,ਪਰ ਉਸ ਨੇ ਕਦੇ ਦਿਲ ਦਾ ਦੁੱਖ ਸਾਡੇ ਨਾਲ ਨਹੀ ਫਰੋਲਿਆ।ਉਸ ਦੇ ਸਟੇਜ ਸ਼ੋਅ ਤੇ ਪ੍ਰੋਗਰਾਮਾ ਸਬੰਧੀ ਵੀ ਅਫ਼ਵਾਹਾ ਉੱਡ ਰਹੀਆ ਹਨ ਕਿ ਧਰਮਪ੍ਰੀਤ ਨੂੰ ਪ੍ਰੋਗਰਾਮ ਘੱਟ ਮਿਲ ਰਹੇ ਸੀ ਤੇ ਆਰਥਿਕ ਵਜ੍ਹਾ ਕਰਕੇ ਉਸ ਨੇ ਆਤਮ ਹੱਤਿਆ ਕਰ ਲਈ ਹੈ,ਕਿਉਕਿ ਉਹ ਆਰਥਿਕ ਤੇ ਮਾਨਸ਼ਿਕ ਤੌਰ ਤੇ ਪੇ੍ਰਸ਼ਾਨ ਸੀ।ਪਰ ਉਸ ਦੇ ਕਰੀਬੀ ਦੱਸਦੇ ਹਨ ਕਿ ਅਜਿਹੀ ਕੋਈ ਗੱਲ ਨਹੀ? ਧਰਮੇ ਭਾਅ ਜੀ ਕੋਲ ਬਾਬੇ ਨਾਨਕ ਜੀ ਦਾ ਦਿੱਤਾ ਹੋਇਆ ਸਭ ਕੁਝ ਸੀ ਤੇ ਉਹ ਯਾਰਾਂ ਦਾ ਯਾਰ ਸੀ।ਜੇ ਪ੍ਰੋਗਰਾਮਾਂ ਦੀ ਗੱਲ ਕਰੀਏ ਤਾਂ ਉਹ ਆਖਰੀ ਦਿਨ ਵੀ ਪ੍ਰੋਗਰਾਮ ਲਾਕੇ ਅਮ੍ਰਿੰਤਸਰੋ ਆਇਆ ਸੀ ਤੇ ਉਸ ਕੋਲ ਆਉਣ ਵਾਲੀਆ ਤਰੀਕਾਂ ਵਿੱਚ ਵੀ ਪ੍ਰੋਗਰਾਮ ਬੁੱਕ ਸਨ।ਉਨ੍ਹਾਂ ਨੇ ਭਰੇ ਮਨ ਨਾਲ ਕਿਹਾ ਭਾਅ ਜੀ ਹੋਣੀ ਕਦੇ ਟਲਦੀ ਨਹੀ ਇਹ ਤਾਂ ਬਸ ਇਕ ਬਹਾਨਾ ਬਣ ਜਾਂਦਾ ਜੋ ਉੱਪਰ ਵਾਲਾ ਆਪਣੇ ਸਿਰ ਨਹੀ ਲੈਂਦਾ।
ਗਾਇਕ ਧਰਮਪ੍ਰੀਤ ਦਾ ਜਨਮ ਮਾਤਾ ਬਲਵੀਰ ਕੌਰ ਦੀ ਕੁੱਖੋਂ ਪਿਤਾ ਸz. ਜਗਰੂਪ ਸਿੰਘ ਦੇ ਘਰ ਪਿੰਡ ਬਿਲਾਸਪੁਰ ਜ਼ਿਲ੍ਹਾ ਮੋਗਾ ਵਿਖੇ ਹੋਇਆ ਸੀ।ਉਸ ਨੇ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਹੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ ਸੀ।ਧਰਮਪ੍ਰੀਤ ਜੀ ਨੂੰ ਸਭ ਪਿਆਰ ਨਾਲ ‘ਧਰਮਾ’ ਕਹਿੰਦੇ ਸਨ।ਧਰਮੇ ਹੋਣੀ ਤਿੰਨ ਭਰਾ ਤੇ ਇਕ ਭੈਣ ਸੀ।ਉਸ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਕ ਸੀ।ਛੋਟਾ ਹੁੰਦਿਆ ਧਰਮਾ ਆਪਣੇ ਤਾਇਆ ਜੀ ਨਾਲ ਕੀਰਤਨ ਕਰਦਾ ਹੁੰਦਾ ਸੀ।ਉਸ ਦੀ ਮਿੱਠੀ ਦਰਦ ਭਰੀ ਅਵਾਜ਼ ਨੂੰ ਸੁਣਕੇ ਅੰਤਰਰਾਸ਼ਟਰੀ ਪ੍ਰਸ਼ਿੱਧ ਢਾਡੀ ਗੁਰਬਖ਼ਸ ਸਿੰਘ ਅਲਬੇਲਾ ਜੀ ਨੇ ਉਸ ਨੂੰ ਆਪਣਾ ਸ਼ਿਗਰਦ ਤੇ ਇਕ ਹੋਣਹਾਰ ਪੁੱਤਰ ਬਣਾ ਕੇ ਢਾਡੀ ਵਾਰਾਂ ਤੇ ਗਾਇਕੀ ਦੀ ਬਕਾਇਦਾ ਤਲੀਮ ਦੇ ਕੇ ਉਸ ਨੂੰ ਪ੍ਰਪੱਕ ਗਾਇਕ ਬਣਾ ਦਿੱਤਾ।ਧਰਮੇ ਨੇ ਤਕਰੀਬਨ 1993 ‘ਚ ਗਾਇਕੀ ਦਾ ਸਫ਼ਰ ਆਪਣੀ ਜੇਠੀ ਕੈਸੇਟ ‘ਖਤਰਾ ਹੈ ਸੋਹਣਿਆ ਨੂੰ’ ਰਾਹੀ ਸੁਰੂਆਤ ਕੀਤੀ ਸੀ।ਗੁਰਬਖ਼ਸ ਸਿੰਘ ਅਲਬੇਲਾ ਜੀ ਅਤੇ ਦੀਪੇ ਘੋਲੀਏ ਨੇ ਧਰਮੇ ਦੀ ਜੇਠੀ ਕੈਸੇਟ ਪੂਰੀ ਮਿਹਨਤ ਕਰਕੇ ਪਾਇਲ ਰਿਕਾਡ ਕੰਪਨੀ ਵਿੱਚ ਕਰਵਾਈ ਸੀ।ਜਿਸ ਨੂੰ ਵਧੀਆ ਹੁੰਗਾਰਾਂ ਮਿਲਿਆ।ਉਸ ਤੋਂ ਬਾਅਦ ਗਾਇਕ ਹਰਦੇਵ ਮਾਹੀਨੰਗਲ ਨੇ ਧਰਮੇ ਦਾ ਮੇਲ ਪੰਜਾਬ ਦੇ ਉੱਘੇ ਗੀਤਕਾਰ ਤੇ ਪੇਸ਼ਕਾਰ ਭਿੰਦਰ ਡੱਬਵਾਲੀ ਨਾਲ ਕਰਵਾ ਦਿੱਤਾ।ਫਿਰ ਇਸ ਜੋੜੀ ਨੇ ਸੰਗੀਤਕ ਖੇਤਰ ਵਿੱਚ ਦਰਦ ਭਰੇ ਉਦਾਸ ਗੀਤਾਂ ਰਾਹੀ ਚਾਰੇ ਪਾਸੇ ਗਦਰ ਮਚਾ ਦਿੱਤਾ।ਭਿੰਦਰ ਡੱਬਵਾਲੀ ਦੀ ਪੇਸ਼ਕਸ ਅਤੇ ਗੋਇਲ ਕੰਪਨੀ ‘ਚ ਆਈ ਕੈਸੇਟ ‘ਦਿਲ ਨਾਲ ਖੇਡਦੀ ਰਹੀ’ ਨੇ ਲਗਭਗ ੨੩ ਲੱਖ ਤੋਂ ਜਿਆਦਾ ਵਿਕਰੀ ਨੇ ਰਿਕਾਡ ਤੋੜ ਦਿੱਤਾ ਤੇ ਧਰਮਪ੍ਰੀਤ ਅੰਬਰੀਂ ਉਡਾਰੀਆਂ ਭਰਨ ਲੱਗ ਗਿਆ।ਸਰੋਤਿਆਂ ਵੱਲੋਂ ਮਿਲੇ ਮਣਾਂ-ਮੂੰਹੀਂ ਪਿਆਰ ਨਾਲ ਉਹ ਰਾਤੋਂ-ਰਾਤ ਸਟਾਰ ਗਾਇਕ ਬਣ ਗਿਆ।ਚਾਰੇ ਪਾਸੇ ਧਰਮਪ੍ਰੀਤ-ਧਰਮਪ੍ਰੀਤ ਹੋਣ ਲੱਗ ਗਈ।ਇਸ ਉਪਰੰਤ ਆਈਆ ਕੈਸੇਟਾਂ ‘ਅੱਜ ਸਾਡਾ ਦਿਲ ਤੋੜਤਾ, ਐਨਾ ਕਦੇ ਵੀ ਨਾ ਰੋਇਆ, ਟੁੱਟੇ ਦਿਲ ਨਹੀ ਜੁੜਦੇ, ਰੋਗ ਲਾਕੇ ਇਸਕੇ ਦਾ, ਦੁੱਖ ਵਿਛੜੀ ਯਾਰੀ ਦਾ, ਚੁੰਨੀਆਂ ਨੂੰ ਗੋਟੇ, ਦਿਲ ਕਿਸੇ ਹੋਰ ਦਾ, ਕਦਰਾਂ, ਮੈਥੋਂ ਭੁੱਲਿਆ ਨੀ ਜਾਂਦਾ, ਟੁੱਟੀਆਂ ਤੜਕ ਕਰਕੇ, ਖੋਟੀਆ ਕਿਸਮਤਾ, ਹੰਝੂਆਂ ਦੀ ਸੌਗਾਤ, ਸਾਉਣ ਦੀਆਂ ਝੜੀਆਂ, ਕਲਾਸ ਫੈਲੋ, ਇਮੋਸਨਜ਼ ਆਫ ਹਾਰਟ, ਦਿਲ ਹੋਰ ਕਿਸੇ ਦਾ, ਪਰੀਆ ਦੀ ਪਟਰਾਣੀ’ ਆਦਿ ਕੈਸੇਟਾਂ ਵਿਚਲੇ ਗੀਤ ‘ਜਿੰਨੇ ਸੀ ਮਸ਼ੂਮ ਉਹਨੀ ਡੂੰਘੀਂ ਸੱਟ ਮਾਰਗੇ, ਜ਼ਿੰਦਗੀ, ਡਰ ਲੱਗਦਾ ਵਿਛੋੜਿਆਂ ਤੋਂ, ਅੱਖੀਆਂ, ਮੇਰੀ ਯਾਦ ‘ਚ ਤੜਫੇਗੀ, ਸਾਡੀ ਯਾਦ, ਵਾਅਦੇ, ਮਿੱਟੀ ਦਾ ਘਰ, ਮੈਨੂੰ ਦੱਸ ਨੀ ਸ਼ਹੇਲੀਏ, ਗੋਰੀ ਵੀਣੀ, ਮੇਰੇ ਸਹੁਰੇ ਜਾਣ ਮਗਰੋਂ, ਰਾਤੀਂ ਰੁਸ਼ ਗਿਆ ਤੂੰ ਵੇ, ਫੋਟੋ, ਚਾਦਰਾਂ, ਮੋਹ ਤਾਂ ਚੰਦਰਿਆਂ ਆਉਂਦਾ’ ਆਦਿ ਹੋਰ ਸੁਪਰਹਿੱਟ ਅਨੇਕਾਂ ਗੀਤ ਵੀ ਪੂਰੀ ਚਰਚਾ ਵਿੱਚ ਰਹੇ।ਇਸ ਤੋਂ ਇਲਾਵਾ ਉਸ ਦੀ ਧਾਰਮਿਕ ਟੇਪ ‘ਪੜ ਸਤਿਗੁਰ ਦੀ ਬਾਣੀ, ਵਾਹਿਗੁਰੂ ਤੇਰਾ ਸੁਕਰ ਹੈ’ ਨੂੰ ਵੀ ਕਾਫੀ ਹੁੰਗਾਰਾਂ ਮਿਲਿਆ।ਮੇਜਰ ਰਾਜਸਥਾਨੀ ਤੇ ਹੋਰ ਦਰਦ ਘਰੇ ਗੀਤ ਗਾਉਣ ਵਾਲੇ ਗਾਇਕਾ ਤੋਂ ਜਿਆਦਾ ਧਰਮਪ੍ਰੀਤ ਨੂੰ ਸਭ ਤੋਂ ਵੱਧ ਸੁਣਿਆ ਗਿਆ।ਸ਼ਨ ੨੦੦੬ ਤੋਂ ਬਾਅਦ ਜਦ ਧਰਮੇ ਦਾ ਮੇਲ ਅਮਰ ਆਡੀਓ ਦੇ ਨਿਰਮਾਤਾ ਪਿੰਕੀ ਧਾਲੀਵਾਲ ਤੇ ਸੰਗਦਿਲ ਸੰਤਾਲੀ ਨਾਲ ਹੋਇਆ ਤਾਂ ਉਨ੍ਹਾਂ ਦੀ ਦੇਖ-ਰੇਖ ਹੇਠ ਆਈ ਸੁਦੇਸ਼ ਕੁਮਾਰੀ ਨਾਲ ਡਿਊਟ ਬੀਟ ਟੇਪ ‘ਸਾਉਣ ਦੀਆਂ ਝੜੀਆ’ ਨੇ ਸੰਗੀਤਕ ਖੇਤਰ ਵਿੱਚ ਇਕ ਅਜਿਹਾ ਤਹਿਲਕਾ ਮਚਾਇਆ ਕਿ ਧਰਮੇ ਦੀ ਮਾਖਿਓ ਮਿੱਠੀ ਬੁਲੰਦ ਅਵਾਜ਼ ਨੇ ਦੇਸ਼ਾ-ਵਿਦੇਸਾਂ ਵਿੱਚ ਝੜੀਆ ਲਾ ਦਿੱਤੀਆ।ਉਸ ਤੋਂ ਬਾਅਦ ਪਾਇਰੇਸੀ ਦੇ ਦੌਰ ਵਿੱਚ ਆਈ ਇਸ ਕੰਪਨੀ ਦੀ ਨਵੀਂ ਟੇਪ ‘ਦੇਸੀ ਮਸਤੀ’ ਨੇ ਵੀ ਹੈਰਾਨੀਜਨਕ ਅੰਕੜੇ ਪਾਰ ਕਰ ਵਿਖਾਏ।ਉਸ ਨੇ ਸੋਲੋ ਦੇ ਨਾਲ-ਨਾਲ ਮਿਸ਼ ਪੂਜਾ ਤੇ ਕੁਲਦੀਪ ਰਸੀਲੇ ਨਾਲ ਦੋਗਾਣਾ ਗੀਤ ਵੀ ਗਾਏ ਹਨ।ਡੇਢ ਦਰਜ਼ਨ ਤੋਂ ਜਿਆਦਾ ਕੈਸੇਟਾਂ ਮਾਰਕੀਟ ਵਿੱਚ ਉਤਾਰਨ ਵਾਲੇ ਧਰਮੇ ਦੀ ‘ਇਮੋਸਨਲ ਆਫ਼ ਹਾਰਟ’ ਆਖਰੀ ਕੈਸੇਟ ਸੀ।ਅੱਜ-ਕੱਲ੍ਹ ਧਰਮਾ ਆਪਣੇ ਨਵੇਂ ਪ੍ਰਜੈਕਿਟ ਦੀ ਤਿਆਰੀ ਵਿੱਚ ਸੀ ਉਸ ਨੇ ਗਇਕ ਵੀਰ ਦਵਿੰਦਰ ਨਾਲ ਮਿਲ ਕੇ ਇਕ ਕਵੀਸ਼ਰੀ ਵੀ ਤਿਆਰ ਕੀਤੀ ਸੀ,ਜਿਸ ਦਾ ਵੀਡੀਓ ਬਣ ਚੁੱਕਿਆਂ ਹੈ ਤੇ ਉਸ ਦੇ ਰਿਲੀਜ਼ ਦੀਆਂ ਤਿਆਰੀਆਂ ਦੀ ਯੋਜਨਾ ਬਣਾ ਰਹੇ ਸੀ।
ਯਾਰੀਆ ਨਿਭਾਉਣ ਵਾਲਾ ਧਰਮਾ ਇਕ ਵਧੀਆ ਮਿੱਤਰ ਸੀ।ਉਸ ਨੇ ਮੇਰੀ ਕਿਤਾਬ ‘ਹੁਸਨ’ ਵਿੱਚ ਕੈਪਸ਼ਨ ਦੇ ਤੌਰ ਤੇ ਚਾਰ ਲਾਈਨਾਂ ਲਿਖੀਆ ਸਨ।ਇਸ ਗੱਲੋਂ ਧਰਮਾ ਬੜਾ ਖੁਸ਼ ਸੀ, ਕਿ ਮੇਰੀ ਕਿਤਾਬ ਵਿੱਚ ਹਾਜ਼ਰੀ ਲੱਗ ਗਈ।ਉਸ ਨਾਲ ਅਕਸਰ ਹੀ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਸੀ।ਗਾਇਕ ਧਰਮੇ ਦਾ ਅੰਤਿਮ ਸੰਸਕਾਰ 9 ਜੂਨ ਨੂੰ ਉਸ ਦੇ ਪਿੰਡ ਬਿਲਾਸਪੁਰ ਜ਼ਿਲ੍ਹਾ ਮੋਗਾ ਵਿਖੇ ਕੀਤਾ ਗਿਆ।ਉੱਘੇ ਲੋਕ ‘ਗਾਇਕ ਹਾਕਮ ਬਖ਼ਤੜੀ ਵਾਲਾ’ ਤੇ ‘ਗਾਇਕ ਜਸਪਾਲ ਮਾਨ’ ਨਾਲ ਮੈਨੂੰ ਵੀ ਉਸ ਦੇ ਆਖਰੀ ਦੀਦਾਰ ਕਰਨ ਦਾ ਮੌਕਾ ਮਿਲਿਆ।ਜਦ ਗੱਡੀ ‘ਚੋਂ ਪਿੰਡ ਉੱਤਰੇ ਤਾਂ ਵੇਖਿਆ ਕਿ ਬਿਲਾਸਪੁਰ ਦੀਆਂ ਸੁੰਨੀਆਂ ਗਲ਼ੀਆ ਤੇ ਕੰਧਾਂ ਵੀ ਉਦਾਸ ਜਾਪ ਰਹੀਆ ਸਨ।ਪਿੰਡ ਦੇ ਹਰ ਵਾਸੀ ਤੇ ਬੱਚੇ-ਬੱੱਚੇ ਦੀਆਂ ਅੱਖਾਂ ‘ਚੋਂ ਅੱਥਰੂ ਤਿੱਪ-ਤਿੱਪ ਚੋਅ ਰਹੇ ਸਨ।ਅੰਤਾਂ ਦੀ ਗਰਮੀਂ ਤੇ ਤੱਤੀ ਲੋਅ ਵਿੱਚ ਵੀ ਪਿੰਡ ਦੀ ਦਾਣਾ ਮੰਡੀ ਨਗਰ ਵਾਸੀਆ, ਸਰੋਤਿਆਂ, ਸ਼ਿਆਸੀ ਲੀਡਰਾਂ, ਪੁਲਿਸ ਪ੍ਰਸ਼ਾਸਨ, ਗੀਤਕਾਰਾਂ, ਸਾਹਿਤਕਾਰਾਂ ਤੇ ਕਲਾਕਾਰ ਭਰਾਵਾਂ ਨਾਲ ਖਚਾਖਚ ਭਰੀ ਪਈ ਸੀ।ਉਸ ਦਾ ਮੂੰਹ ਵੇਖਣ ਲਈ ਲੋਕਾਂ ਦਾ ਬੇਮਿਸ਼ਾਲ ਭਾਰੀ ‘ਕੱਠ ਵੇਖਣ ਨੂੰ ਮਿਲਿਆ।ਸਭ ਦੀਆਂ ਅੱਖਾਂ ਨਮ ਸਨ।ਇਸ ਤੋਂ ਪਤਾ ਚਲਦਾ ਸੀ ਕਿ ਧਰਮੇ ਦਾ ਸਾਰਿਆ ਪ੍ਰਤੀ ਕਿੰਨਾਂ ਮੋਹ ਤੇ ਪਿਆਰ ਸੀ।ਪੰਜਾਬ ਦੇ ਤਕਰੀਬਨ ਸਾਰੇ ਹੀ ਕਲਾਕਾਰਾਂ ਨੇ ਸੰਸਕਾਰ ਤੇ ਪੁੱਜਕੇ ਧਰਮੇ ਦੀ ਇਸ ਅਣਹੋਣੀ ਮੌਤ ਤੇ ਪ੍ਰੀਵਾਰ ਨਾਲ ਡੂੰਘਾ ਦੁੱਖ ਸਾਂਝਾ ਕੀਤਾ।ਧਰਮ ਦੀ ਸਭ ਸਿਫ਼ਤ ਕਰਦੇ ਸੀ ਕਿ ਉਸ ਨੇ ਕਦੇ ਆਪਣੀ ਗਾਇਕੀ ਤੇ ਮਾਣ ਨਹੀ ਸੀ ਕਰਿਆ ਉਹ ਹਮੇਸ਼ਾਂ ਸਭ ਨਾਲ ਇਕ ਆਮ ਇਨਸਾਨ ਦੀ ਤਰ੍ਹਾਂ ਹੀ ਵਿਚਰਦਾ ਸੀ।ਸੁਭਾਅ ਪੱਖੋਂ ਅੰਤਾਂ ਦਾ ਸਾਊ ਘੱਟ ਬੋਲਣਾ ਉਹਦੀ ਫਿਤਰਤ ਸੀ।ਇਕ ਸੂਝਵਾਨ ਗਾਇਕ ਹੋਣ ਕਰਕੇ ਧਰਮਪ੍ਰੀਤ ਨੂੰ ਇਹ ਫੈਸ਼ਲਾ ਨਹੀ ਸੀ ਲੈਣਾ ਚਾਹੀਦਾ।ਉਸ ਦੇ ਦਿਮਾਗ ਤੇ ਮਨ ਵਿੱਚ ਕੀ ਫੁਰਨਾ ਅੰਗੜਾਈਆਂ ਲੈ ਰਿਹਾ ਸੀ, ਕਿਸੇ ਨੂੰ ਨਹੀ ਪਤਾ।ਜੇ ਉਹ ਆਪਣੇ ਮਨ ਦੇ ਬੋਝ ਕਿਸੇ ਆਪਣੇ ਨਜਦੀਕੀ ਕੋਲ ਹਲਕਾ ਕਰ ਲੈਂਦਾ ਤਾਂ ਸ਼ਾਇਦ ਇਹ ਕੁਲੈਣੀ ਘੜੀ ਨਾ ਆਉਂਦੀ।ਧਰਮਿਆ ਜ਼ਿੰਦਗੀ ਇਕ ਸੰਘਰਸ਼ ਦਾ ਨਾਂ ਹੈ।ਇਸ ਵਿੱਚ ਉਤਰਾਅ ਚੜਾਅ ਆਉਂਦੇ ਹੀ ਰਹਿੰਦੇ ਨੇ ਜਿਸ ਦਾ ਸਾਨੂੰ ਵਿਰੋਧ ਕਰਨਾ ਚਾਹੀਦਾ ਹੈ।ਇਸ ਤਰਾਂ ਬੁਜ਼ਦਿਲਾ ਵਾਂਗ ਮੈਦਾਨ ਛੱਡ ਕੇ ਭੱਜ ਜਾਣਾ ਚੰਗੀ ਗੱਲ ਨਹੀ।ਮੇਰੀ ਹੋਰ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਉਹ ਜ਼ਿੰਦਗੀ ਮੂਹਰੇ ਇੰਝ ਹਥਿਆਰ ਨਾ ਸੁੱਟਣ।ਸਗੋਂ ਜ਼ਿੰਦਗੀ ਨਾਲ ਲੜਨ ਦੀ ਤਾਕਤ ਰੱਖਣ।ਕਿਉਂਕਿ ਜ਼ਿੰਦਾ ਦਿਲੀਂ ਦਾ ਨਾਂ ਹੀ ਜ਼ਿੰਦਗੀ ਹੈ।ਭਾਵੇਂ ਧਰਮਪ੍ਰੀਤ ਸਾਡੇ ਵਿਚਕਾਰ ਨਹੀ ਰਿਹਾ।ਪਰ ਧਰਮ ਦੇ ਗੀਤ ਉਸ ਨੂੰ ਸਦਾ ਅਮਰ ਰੱਖਣਗੇ।
ਸਾਡੇ ਇਸ ਉੱਘੇ ਪੰਜਾਬੀ ਲੋਕ ਗਾਇਕ ਧਰਮਪ੍ਰੀਤ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੀ ਅੰਤਿਮ ਅਰਦਾਸ 17  ਜੂਨ, ਦਿਨ ਬੁੱਧਵਾਰ ਨੂੰ ਗੁਰਦੁਆਰਾ ਮਾਲੂਸਰ, ਪਿੰਡ ਬਿਲਾਸਪੁਰ, ਜ਼ਿਲ੍ਹਾ ਮੋਗਾ ਵਿਖੇ ਦੁਪਿਹਰ 12.00 ਤੋਂ 2.00 ਵਜੇਂ ਤੱਕ ਹੋਈ।ਇਸ ਦੁੱਖ ਦੀ ਘੜੀ ਗਾਇਕ ਧਰਮਪ੍ਰੀਤ ਨੂੰ ਨਿੱਘੀ ਸ਼ਰਧਾਂਜ਼ਲੀ ਦੇਣ ਲਈ ਵੱਡੀ ਗਿਣਤੀ ‘ਚ ਰਿਸ਼ਤੇਦਾਰ, ਸਾਕ ਸਬੰਧੀਆਂ, ਇਲਾਕਾ ਵਾਸੀਆਂ ਅਤੇ ਉਘੀਆਂ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।

tarsem mehto 3

 

 

 

– ਤਰਸੇਮ ਮਹਿਤੋ,
ਪਿੰਡ- ਬਈਏਵਾਲ (ਸੰਗਰੂਰ)-148020
ਮੋ: 95019- 36536

Check Also

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …

Leave a Reply