9 ਜੁਲਾਈ ਨੂੰ ਸ਼ਹੀਦੀ ਦਿਵਸ ‘ਤੇ ਵਿਸ਼ੇਸ਼

-ਦਿਲਜੀਤ ਸਿੰਘ ‘ਬੇਦੀ’
ਵਧੀਕ ਸਕੱਤਰ, ਸ਼੍ਰੋਮਣੀ ਗੁ:ਪ੍ਰ: ਕਮੇਟੀ,
ਸ੍ਰੀ ਅੰਮ੍ਰਿਤਸਰ।
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦ ਸਿੱਖ ਧਰਮ ਪ੍ਰਗਟ ਕੀਤਾ ਤਾਂ ਸਿੱਖੀ ਮਹਿਲ ਦੀ ਪਹਿਲੀ ਇੱਟ ਕੁਰਬਾਨੀ ਦੀ ਹੀ ਰੱਖੀ। ਧਰਮ ਪ੍ਰਤੀ ਕੁਰਬਾਨੀ, ਬਲੀਦਾਨ ਤੇ ਸ਼ਹਾਦਤ ਦਾ ਸੰਕਲਪ ਉਨ੍ਹਾਂ ਨੇ ਹੀ ਰੌਸ਼ਨ ਕੀਤਾ। ਸ਼ਹੀਦੀ ਦੇ ਇਤਿਹਾਸ ਵਿਚ ਸਿੱਖ ਕੌਮ ਦਾ ਸਥਾਨ ਬਹੁਤ ਉੱਚਾ ਤੇ ਮਹਾਨ ਹੈ। ਪੰਜਵੇਂ ਤੇ ਨੌਵੇਂ ਜਾਮੇ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪ ਸ਼ਹੀਦੀਆਂ ਦੇ ਕੇ ਸ਼ਹੀਦੀ ਪਰੰਪਰਾ ਨੂੰ ਅਮੀਰ ਕਰ ਦਿੱਤਾ।
ਛੇਵੇਂ ਪਾਤਸ਼ਾਹ ਦੀ ਅਗਵਾਈ ਵਿਚ ਸਿੱਖਾਂ ਨੇ ਸ੍ਰੀ ਹਰਿਗੋਬਿੰਦਪੁਰ ਦੇ ਅਸਥਾਨ ‘ਤੇ ਪਹਿਲੀ ਜੰਗ ਲੜੀ। ਉਸ ਸਮੇਂ ਤੋਂ ਹੁਣ ਤੀਕ ਲੱਖਾਂ ਹੀ ਸਿੱਖ ਤਲੀ ‘ਤੇ ਸੀਸ ਰੱਖ ਕੌਮੀ ਅਣਖ ਤੇ ਅਜ਼ਾਦੀ, ਇਨਸਾਫ, ਹੱਕ, ਸੱਚ ਦੇ ਧਰਮ ਲਈ ਜੂਝੇ ਤੇ ਸ਼ਹੀਦ ਹੋਏ ਹਨ। ਸ਼ਹਾਦਤ ਦਾ ਸਿਧਾਂਤ ਤੇ ਪਰੰਪਰਾ ਸਿੱਖ ਇਤਿਹਾਸ ਤੇ ਸਭਿਆਚਾਰ ਦੀ ਇਕ ਨਿਵੇਕਲੀ ਪਹਿਚਾਣ ਹੈ। ਸ਼ਹੀਦੀ ਅਕਾਲ ਪੁਰਖ ਦੇ ਨੇੜੇ ਹੋਣ ਦਾ ਮੁਕਾਮ ਹੈ। ‘ਸ਼ਹੀਦੀ’ ਨਿੱਡਰਤਾ ਦੀ ਨਿਸ਼ਾਨੀ ਹੈ। ਇਹ ਖੁਦਦਾਰੀ ਦਾ ਇਜ਼ਹਾਰ ਹੈ। ‘ਸ਼ਹੀਦ’ ਸਬਰ ਤੇ ਸਿਦਕ ਦਾ ਮੁਜੱਸਮਾ ਹੈ। ਇਹ ਅਣਖ ਦਾ ਐਲਾਨਨਾਮਾ ਹੈ। ‘ਸ਼ਹੀਦ’ ਲਫ਼ਜ਼ ਦਾ ਅਧਾਰ ਸ਼ਾਹਦੀ ਜਾਂ ਗਵਾਹੀ ਹੈ, ਭਾਵ ਮਕਸਦ, ਨਿਸ਼ਾਨੇ ਵਾਸਤੇ ਦ੍ਰਿੜ੍ਹਤਾ ਨਾਲ ਖੜ੍ਹੇ ਹੋ ਕੇ ਮਿਸਾਲ ਬਣਨਾ ਹੈ। ਜ਼ੁਅਰਤ ਤੇ ਗ਼ੈਰਤ ਵਾਲੇ ਲੋਕ ਹੀ ਆਪਣੇ ਅਸੂਲ ‘ਤੇ ਪਹਿਰਾ ਦਿੰਦੇ ਹਨ।ਅਜਿਹੇ ਪੂਰਨ ਸ਼ਹੀਦ ਨੂੰ ਅਰਬੀ ਵਿਚ ‘ਅਸ ਸ਼ਹੀਦ-ਉਲ-ਕਾਮਿਲ’ ਕਿਹਾ ਜਾਂਦਾ ਹੈ। ਪਰ ਇਤਿਹਾਸ ਗਵਾਹੀ ਭਰਦਾ ਹੈ ਕਿ ਸਿੱਖ ਧਰਮ ਵਿਚ ਹੋਈਆਂ ਸ਼ਹੀਦੀਆਂ ਨੇ ਗੁਰੂ ਕੇ ਸਿੱਖਾਂ ਨੂੰ ਆਪਣੇ ਅਕੀਦੇ, ਵਿਸ਼ਵਾਸ, ਧਰਮ ਵਾਸਤੇ ਅਤੇ ਜ਼ੁਲਮ-ਜਬਰ ਦੀਆਂ ਧਾੜਾਂ ਦੇ ਵਿਰੁੱਧ ਮੈਦਾਨੇ ਜੰਗ ਵਿਚ ਲੜਨ ਅਤੇ ਹੱਕ-ਸੱਚ ਦੀ ਪੁਨਰ ਸਥਾਪਤੀ ਵਾਸਤੇ ਕ੍ਰਿਆਸ਼ੀਲ ਕੀਤਾ।
ਸਿੱਖ ਕੌਮ ਦਲੇਰ ਯੋਧਿਆਂ, ਜੁਝਾਰੂਆਂ, ਮਰਜੀਵੜਿਆਂ, ਸ਼ਹੀਦਾਂ, ਮੁਰੀਦਾਂ, ਹਠੀਆਂ, ਤਪੀਆਂ ਦੀ ਕੌਮ ਹੈ। ਸਿੱਖ ਧਰਮ ਵਿੱਚ ਸਿੱਖ ਦਾ ਦਾਖਲਾ ਹੀ ਸੀਸ ਭੇਟ ਨਾਲ ਹੋਇਆ। ਜਦੋਂ ਵੀ ਧਰਮ ਦੀ ਰੱਖਿਆ ਲਈ ਸਿੱਖ ਦੀ ਪਰਖ ਹੋਈ ਤਾਂ ਉਦੋਂ ਹੀ ਗੁਰੂ ਦੇ ਸਿੱਖ ਨੇ ਆਪਣਾ ਸਭ ਕੁਝ ਨਿਛਾਵਰ ਕਰਕੇ ਬਿਨਾਂ ਝਿਜਕ ਗੁਰੂ ਮੂਹਰੇ ਹੋ ਆਪਣਾ ਸਿਰ ਹਾਜ਼ਰ ਕੀਤਾ ਹੈ। ਇਤਿਹਾਸਕ ਹਵਾਲੇ ਦੱਸਦੇ ਹਨ ਕਿ ਇਕ ਦਿਨ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਧਰਮ ਤੋਂ ਕੁਰਬਾਨ ਹੁੰਦੇ ਰਹੇ ਹਨ, ਜੰਗਾਂ, ਯੁੱਧਾਂ ਦਾ ਤਾਂ ਇਤਿਹਾਸ ਹੀ ਅਦੁੱਤੀ ਤੇ ਵੱਖਰਾ ਹੈ। ਇਸ ਜਜ਼ਬੇ ਭਰਪੂਰ ਕੌਮ ਨੇ ਕਦੀ ਹਾਰ ਨਹੀਂ ਮੰਨੀ। ਪਰਿਵਾਰਾਂ ਦੇ ਪਰਿਵਾਰ ਸ਼ਹੀਦ ਹੋਏ, ਫਿਰ ਅਗਲੇ ਦਿਨ ਜੰਗੇ ਮੈਦਾਨ ਵਿਚ ਡਟੇ, ਭਾਈ ਬੱਲੂ- ਭਾਈ ਮਨੀ ਸਿੰਘ, ਪਰਮਾਰ- ਰਾਜਪੂਤ ਪਰਿਵਾਰ ਹੈ, ਜਿਸ ਦੇ 51 ਤੋਂ ਵੱਧ ਜੀਅ ਸ਼ਹੀਦ ਹੋਏ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਅਨੇਕਾਂ ਸਿੰਘ ਅਜਿਹੇ ਸਨ, ਜਿਨ੍ਹਾਂ ਨੇ ਗੁਰੂ ਜੀ ਨਾਲ ਹੀ ਜੀਣ ਮਰਨ ਦਾ ਪ੍ਰਣ ਕੀਤਾ। ਇਨ੍ਹਾਂ ਵਿਚ ਪੰਜ ਪਿਆਰੇ, ਪੰਜ ਮੁਕਤੇ, ਭਾਈ ਮਨੀ ਸਿੰਘ ਦੇ ਪੰਜ ਪੁੱਤਰ ਤੇ ਦੋ ਭਰਾ, ਭਾਈ ਆਲਿਮ ਸਿੰਘ ਨੱਚਣਾ ਪਰਿਵਾਰ ਦੇ ਦੋ ਮੈਂਬਰ, ਘੋੜਿਆਂ ਦੀ ਸੇਵਾ ਕਰਨ ਵਾਲੇ ਦੋ ਸਿੱਖ, ਦਿੱਲੀ ਦੇ ਦੋ ਸਿੱਖ, ਤਿੰਨ ਬ੍ਰਾਹਮਣ ਪਰਿਵਾਰਾਂ ਦੇ ਮੈਂਬਰ ਤੇ 12 ਹੋਰ ਸਿਰੜੀ ਸਿਦਕੀ ਸਿੱਖ ਸਨ।
ਸ੍ਰੀ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਰਸਤੇ ਤੀਕ ਮਾਤਾ ਗੁਜਰੀ ਜੀ ਤੇ ਚਹੁੰ ਸਾਹਿਬਜ਼ਾਦਿਆਂ ਸਮੇਤ ਅਨੇਕਾਂ ਸਿੱਖ ਸ਼ਹੀਦ ਹੋਏ। ਗੁਰਬਾਣੀ ਦਾ ਫੁਰਮਾਨ ਹੈ ‘ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ’। ਕੌਮ ਦੇ ਵਾਰਸਾਂ ਦਾ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਲਾਜ਼ਮੀ ਹੈ। ਵਿਰਾਸਤ ਦੀ ਚੇਤਨਾ ਹੀ ਪੁੱਤਰ ਨੂੰ ਸਪੁੱਤਰ ਹੋਣ ਦੀ ਜੁਗਤਿ ਪ੍ਰਦਾਨ ਕਰਦੀ ਹੈ। ਸਮੁੱਚੇ ਸੰਸਾਰ ਦੇ ਸਿੱਖਾਂ ਵੱਲੋਂ ਰੋਜ਼ਾਨਾ ਅਰਦਾਸ ਵਿਚ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ‘ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਬਾਹੀ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ।
ਭਾਈ ਮਨੀ ਸਿੰਘ ਜੀ ਦਾ ਸਮੁੱਚਾ ਜੀਵਨ ਸਮੇਤ ਪਰਿਵਾਰ ਕੌਮ ਨੂੰ ਸਮਰਪਿਤ ਭਾਵਨਾ ਵਾਲਾ ਹੈ। ਭਾਈ ਮਨੀ ਸਿੰਘ ਸਿੱਖ ਧਰਮ ਤੇ ਇਤਿਹਾਸ ਦੇ ਖੇਤਰ ਵਿਚ ਦਲੇਰ ਮਰਜੀਵੜਿਆਂ ਦੀ ਸਤਿਕਾਰਤ ਸ਼ਖ਼ਸੀਅਤ ਹਨ। ਉਨ੍ਹਾਂ ਦਾ ਜੀਵਨ ਚਰਿੱਤਰ ਮਨੁੱਖੀ ਸਮਾਜ ਦੇ ਇਕ ਵਿਸ਼ੇਸ਼ ਆਦਰਸ਼ ਨੂੰ ਉਜਾਗਰ ਕਰਨ ਦੀ ਚੇਸ਼ਠਾ ਪੈਦਾ ਕਰਨ ਤੇ ਜਬਰ-ਜ਼ੁਲਮ ਨਾਲ ਟਕਰਾਉਣ, ਅਨੈਤਿਕਤਾ ਵਾਲੀਆਂ ਹਕੂਮਤਾਂ ਵਿਰੁੱਧ ਜ਼ੋਰਦਾਰ ਤਰੀਕੇ ਨਾਲ ਅਵਾਜ਼ ਉਠਾਉਣ ਤੇ ਟਕਰਾਉਣ ਵਾਲਾ ਹੈ। ਕਿਸੇ ਵਿਦਵਾਨ ਦਾ ਕਥਨ ਹੈ ਕਿ ਕਾਇਰ ਆਦਮੀ ਰੋਜ਼ ਕਈ ਵਾਰ ਮਰਦਾ ਹੈ ਤੇ ਸੂਰਬੀਰ ਇੱਕੋ ਵਾਰ ਮਰਦੇ ਹਨ। ਭਾਈ ਮਨੀ ਸਿੰਘ ਜੀ ਨੇ ਫੌਜਾਂ ਨਾਲ ਘਮਸਾਣ ਦਾ ਯੁੱਧ ਕਰਕੇ ਨਾ ਤਾਂ ਕੋਈ ਇਲਾਕਿਆਂ ‘ਤੇ ਕਬਜ਼ਾ ਕੀਤਾ ਤੇ ਨਾ ਹੀ ਸਿਕੰਦਰ, ਅਸ਼ੋਕ, ਬਾਬਰ, ਹਿਟਲਰ ਤੇ ਔਰੰਗਜ਼ੇਬ ਵਾਂਗ ਨਿਰਦੋਸ਼ ਲੋਕਾਂ ਦਾ ਖੂਨੀ ਦਰਿਆ ਵਹਾ ਕੇ ਰਾਜ ਤਖ਼ਤ ਪ੍ਰਾਪਤ ਕੀਤਾ।ਸ਼ਹੀਦੀ ਮੰਨੀ ਹੀ ਉਹ ਜਾਂਦੀ ਹੈ ਜਿਸ ਦਾ ਕਾਰਨ ਸੱਚ ਦੀ ਸਥਾਪਨਾ ਅਤੇ ਜਨ-ਕਲਿਆਣ ਲਈ ਹੋਵੇ। ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ, ਛੋਟੇ ਸਾਹਿਬਜ਼ਾਦੇ, ਬਾਬਾ ਬੰਦਾ ਸਿੰਘ ਜੀ ਬਹਾਦਰ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੀਆਂ ਸ਼ਹਾਦਤਾਂ ਨੇ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ, ਇਨ੍ਹਾਂ ਸ਼ਹਾਦਤਾਂ ਦੇ ਫਲਸਰੂਪ ਹੀ ਨਿਰਾਰਥਕ, ਡਰਪੋਕ ਤੇ ਨਿਰਬਲ ਜ਼ਿੰਦਗੀ ਬਸਰ ਕਰਨ ਵਾਲੇ ਭਾਰਤੀ ਸਮਾਜ ਵਿਚ ਜ਼ਿੰਦਾਦਿਲੀ ਤੇ ਜ਼ੁਅਰਤ (ਸ਼ਕਤੀ) ਨੇ ਜਨਮ ਲਿਆ।
ਭਾਈ ਮਨੀ ਸਿੰਘ ਜੀ ਦਾ ਜਨਮ 1644 ਈ: ਨੂੰ ਹੋਇਆ। ‘ਸ਼ਹੀਦ ਬਿਲਾਸ’ ਵਿਚ ਅੰਕਿਤ ਕੁਲ ਪਰੰਪਰਾ ਅਨੁਸਾਰ ਆਪ ਜੀ ਦੇ ਵੱਡੇ-ਵਡੇਰਿਆਂ ਦਾ ਸਬੰਧ ਉਦੇ ਦੀਪ ਬੰਸ ਦੇ ਪੰਵਾਰ ਰਾਜਪੂਤ ਘਰਾਣੇ ਨਾਲ ਸੀ ਜੋ ਮੁਲਤਾਨ ਦੇ ਨੇੜੇ ਅਲੀਪੁਰ ਦੇ ਰਹਿਣ ਵਾਲੇ ਸਨ। ਇਸ ਬੰਸ ਦਾ ਗੁਰੂ-ਘਰ ਨਾਲ ਸਬੰਧ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਜੁੜ ਜਾਂਦਾ ਹੈ, ਕਿਉਂਕਿ ਇਨ੍ਹਾਂ ਦੇ ਦਾਦਾ ਭਾਈ ਬਾਲੂ ਰਾਉ ਛੇਵੇਂ ਪਾਤਸ਼ਾਹ ਜੀ ਦੀ ਸੈਨਾ ਦੇ ਪ੍ਰਸਿੱਧ ਜਰਨੈਲ ਸੀ। ਇਹ ਖਾਨਦਾਨ ਗੁਰੂ-ਘਰ ਦਾ ਪੱਕਾ ਸ਼ਰਧਾਲੂ ਸੀ।
90 ਸਾਲ ਦੀ ਉਮਰ ਭੋਗਣ ਵਾਲੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਗੁਰੂ ਹਰਿਰਾਇ ਸਾਹਿਬ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ। ਦਸਮ ਪਿਤਾ ਦੇ ਵਿਸ਼ਵਾਸਪਾਤਰ ਭਾਈ ਮਨੀ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ, ਕਥਾਵਾਚਕ, ਗਿਆਨ ਰਤਨਾਵਲੀ ਤੇ ਸਿੱਖਾਂ ਦੀ ਭਗਤ ਮਾਲਾ ਜਿਹੀਆਂ ਵੱਡ-ਅਕਾਰੀ ਰਚਨਾਵਾਂ ਦੇ ਕਰਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਗੁਰੂ-ਘਰ ਨਾਲ ਸਬੰਧਤ ਰਹੇ।
ਪ੍ਰਸਿੱਧ ਵਿਦਵਾਨ ਡਾ: ਜਸਬੀਰ ਸਿੰਘ ਸਾਬਰ ਨੇ ਭਾਈ ਮਨੀ ਸਿੰਘ ਜੀ ਦੇ ਜੀਵਨ ਬਾਰੇ ਇਕ ਪਰਚੇ ਵਿੱਚ ਵਿਸਥਾਰਤ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਭਾਈ ਮਨੀ ਸਿੰਘ ਦੇ ਪਿਤਾ ਮਾਈ ਦਾਸ ਨੇ ਦੋ ਸ਼ਾਦੀਆਂ ਕੀਤੀਆਂ ਸਨ, ਜਿਨ੍ਹਾਂ ਦੀ ਪਹਿਲੀ ਪਤਨੀ ਦੇ ਕੁੱਖੋਂ ਭਾਈ ਮਨੀ ਸਿੰਘ ਸਮੇਤ 7 ਪੁੱਤਰ ਅਤੇ ਦੂਜੀ ਦੇ ਕੁੱਖੋਂ ਪੰਜ ਪੁੱਤਰ ਪੈਦਾ ਹੋਏ। ਭਾਈ ਮਾਈ ਦਾਸ ਨੇ 13 ਸਾਲ ਦੀ ਉਮਰ ਦੇ ਭਾਈ ਮਨੀ ਸਿੰਘ ਨੂੰ ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਦਰਬਾਰ ਭੇਟ ਕਰ ਦਿੱਤਾ, ਜਿਥੇ ਇਹ ਮੁੱਖ ਤੌਰ ‘ਤੇ ਗੁਰੂ-ਘਰ ਦੇ ਦਰਬਾਰ ਅਤੇ ਲੰਗਰ ਵਿਚ ਸੰਗਤਾਂ ਦੇ ਜੂਠੇ ਬਰਤਨ ਸਾਫ ਕਰਦਿਆਂ ਮਨ ਦੀ ਮੈਲ ਧੋਂਦੇ ਰਹੇ। 15 ਸਾਲ ਦੀ ਉਮਰ ਵਿਚ ਆਪ ਜੀ ਦੀ ਸ਼ਾਦੀ ਖੈਰਪੁਰ ਦੇ ਯਾਦਵ ਬੰਸੀ ਲਖੀ ਰਾਇ ਦੀ ਬੇਟੀ ਬੀਬੀ ਸੀਤੋ ਨਾਲ ਹੋ ਗਈ। ਬੀਬੀ ਸੀਤੋ ਦੀ ਕੁੱਖੋਂ ਆਪ ਜੀ ਦੇ ਘਰ 7 ਪੁੱਤਰਾਂ ਨੇ ਜਨਮ ਲਿਆ ਜਿਨ੍ਹਾਂ ਦੇ ਨਾਮ ਭਾਈ ਚਿਤz ਸਿੰਘ, ਭਾਈ ਬਚਿਤz ਸਿੰਘ, ਭਾਈ ਉਦੇ ਸਿੰਘ, ਭਾਈ ਅਨਿਕ ਸਿੰਘ, ਭਾਈ ਅਜਬ ਸਿੰਘ, ਭਾਈ ਅਜਾਇਬ ਸਿੰਘ ਤੇ ਭਾਈ ਗੁਰਬਖਸ਼ ਸਿੰਘ ਸਨ। ਇਨ੍ਹਾਂ ਵਿੱਚੋਂ 5 ਦੀ ਸ਼ਹੀਦੀ ਮੈਦਾਨੇ ਜੰਗ ਵਿਚ ਹੋ ਗਈ ਅਤੇ ਦੋ ਪੁੱਤਰ ਚਿਤz ਸਿੰਘ ਤੇ ਗੁਰਬਖਸ਼ ਸਿੰਘ ਆਪ ਦੇ ਨਾਲ ਹੀ 1734 ਈ: ਨੂੰ ਲਾਹੌਰ ਵਿਚ ਸ਼ਹੀਦ ਕਰ ਦਿੱਤੇ ਗਏ। ਬਾਕੀ ਦਾ ਪਰਿਵਾਰ ਵੀ ਸਮੇਂ-ਸਮੇਂ ਧਰਮ ਦੀ ਖ਼ਾਤਰ ਆਪਣਾ ਜੀਵਨ ਬਲੀਦਾਨ ਕਰਦਾ ਰਿਹਾ। ਭਾਈ ਸਾਹਿਬ ਸ੍ਰੀ ਗੁਰੂ ਹਰਿ ਰਾਇ ਜੀ ਦੇ ਅਕਾਲ ਚਲਾਣੇ ਉਪਰੰਤ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਸੰਗ ਦਿੱਲੀ ਰਹੇ ਅਤੇ ਉਥੋਂ ਹੀ ਮਾਤਾ ਸੁਲੱਖਣੀ ਜੀ ਦੇ ਨਾਲ ਬਾਬਾ ਬਕਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਪਹੁੰਚੇ। ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਜਦੋਂ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਗਏ ਤਾਂ ਭਾਈ ਸਾਹਿਬ ਜੀ ਦਸਮੇਸ਼ ਗੁਰੂ ਜੀ ਪਾਸ ਸ੍ਰੀ ਅਨੰਦਪੁਰ ਸਾਹਿਬ ਹੀ ਰਹੇ।
ਸ੍ਰੀ ਅਨੰਦਪੁਰ ਸਾਹਿਬ ਵਿਚ ‘ਮਸਤ ਹਾਥੀ’ ਨਾਲ ਯੁੱਧ ਕਰਨ ਵਾਲਾ ਭਾਈ ਬਚਿੱਤਰ ਸਿੰਘ, ਭਾਈ ਮਨੀ ਸਿੰਘ ਜੀ ਦਾ ਹੀ ਬੇਟਾ ਸੀ। ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋਣ ਵਾਲੇ ਸਿੰਘਾਂ ਵਿਚ ਭਾਈ ਸਾਹਿਬ ਦੇ ਪੁੱਤਰ ਵੀ ਸ਼ਾਮਲ ਸਨ। ਡਾ: ਸਾਬਰ ਅਨੁਸਾਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 1708 ਈ: ਵਿਚ ਜੋਤੀ-ਜੋਤਿ ਸਮਾਉਣ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਦੀ ਦੁਸ਼ਟ-ਦਮਨ ਲਹਿਰ ਨੇ ਜਿਥੇ ਵੈਰੀਆਂ ਦੀ ਨੀਂਦ ਹਰਾਮ ਕਰ ਦਿੱਤੀ, ਉਥੇ ਖਾਲਸੇ ਦੀ ਫੇਰ ਜੈ ਜੈਕਾਰ ਹੋਣ ਲੱਗ ਪਈ। ਦਸਮ ਗੁਰੂ ਜੀ ਨੇ ਸਿੱਖ ਧਰਮ ਵਿਚ ਦੇਹਧਾਰੀ ਗੁਰੂ ਦੀ ਪ੍ਰਥਾ ਸਮਾਪਤ ਕਰਦਿਆਂ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪ ਦਿੱਤੀ ਅਤੇ ਖਾਲਸੇ ਨੂੰ ਇਸੇ ‘ਪ੍ਰਗਟ ਗੁਰਾਂ ਕੀ ਦੇਹ’ ਮੰਨਣ ਦਾ ਆਦੇਸ਼ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਜਿਉਂਦੇ-ਜੀਅ ਤਾਂ ਖਾਲਸਾ ਪੰਥ ਇਕਮੁੱਠ ਰਿਹਾ ਪਰ 1716 ਈ: ਨੂੰ ਆਪ ਜੀ ਦੀ ਸ਼ਹਾਦਤ ਉਪਰੰਤ ਪੰਥ ਵਿਚ ਦੋ ਧੜੇ ਬਣ ਗਏ। ਮਾਤਾ ਸੁੰਦਰੀ ਜੀ ਅਤੇ ਭਾਈ ਮਨੀ ਸਿੰਘ ਜੀ ਨੇ ਸੂਝ-ਬੂਝ ਤੋਂ ਕੰਮ ਲੈਂਦਿਆਂ ਦੋਵਾਂ ਧੜਿਆਂ ਨੂੰ ਇਕ ਕਰਕੇ ਖਾਲਸਾ ਪੰਥ ਦੀ ਸ਼ਕਤੀ ਨੂੰ ਮੁੜ ਇੱਕ ਕਰ ਦਿੱਤਾ।
ਪੰਥ ਦੀ ਇਸ ਏਕਤਾ ਅਤੇ ਜਨ-ਸਾਧਾਰਨ ਵਿਚ ਸਵੈਮਾਨ ਨਾਲ ਜੀਵਨ-ਜਿਉਣ ਦੀ ਭਾਵਨਾ ਅਤੇ ਜਿਥੇ ਮੀਣਿਆਂ ਅਤੇ ਹੋਰ ਪੰਥ ਵਿਰੋਧੀ ਤਾਕਤਾਂ ਦੀ ਨੀਂਦ ਹਰਾਮ ਕਰ ਦਿੱਤੀ, ਉਥੇ ਲਾਹੌਰ ਅਤੇ ਦਿੱਲੀ ਦਰਬਾਰ ਵੀ ਇਸ ਵਧਦੀ ਤਾਕਤ ਦੀ ਲਹਿਰ ਨੂੰ ਆਪਣੀ ਹੋਂਦ ਲਈ ਖ਼ਤਰੇ ਦੀ ਘੰਟੀ ਸਮਝਣ ਲੱਗ ਪਿਆ। ਭਾਈ ਮਨੀ ਸਿੰਘ ਜੀ ਬੇਸ਼ੱਕ 90 ਸਾਲ ਦੀ ਆਯੂ ਨੂੰ ਪੁੱਜ ਚੁੱਕੇ ਸਨ ਪਰ ਫੇਰ ਵੀ ਸਮੁੱਚਾ ਖਾਲਸਾ ਪੰਥ ਅਤੇ ਜਨ-ਸਾਧਾਰਨ ਉਨ੍ਹਾਂ ਨੂੰ ਆਪਣਾ ਸਤਿਕਾਰਤ ਆਗੂ ਪ੍ਰਵਾਨ ਕਰਦਾ ਸੀ।
1733 ਈ: ਦਾ ਦੀਵਾਲੀ ਦਾ ਪੁਰਬ ਨੇੜੇ ਆ ਰਿਹਾ ਸੀ ਅਤੇ ਸੰਗਤਾਂ ਦੀ ਤੀਬਰ ਇੱਛਾ ਸੀ ਕਿ ਇਸ ਵਾਰ ਇਹ ਪੁਰਬ ਧੂਮ-ਧਾਮ ਨਾਲ ਮਨਾਇਆ ਜਾਵੇ। ਇਸ ਮਕਸਦ ਲਈ ਭਾਈ ਮਨੀ ਸਿੰਘ ਜੀ ਨੇ ਭਾਈ ਸੂਰਤ ਸਿੰਘ ਤੇ ਭਾਈ ਸੁਬੇਗ ਸਿੰਘ ਦੀ ਮੱਦਦ ਨਾਲ ਲਾਹੌਰ ਦੇ ਸੂਬੇਦਾਰ ਪਾਸੋਂ ਇਜਾਜ਼ਤ ਪ੍ਰਾਪਤ ਕਰ ਲਈ ਅਤੇ ਇਵਜ਼ਾਨੇ ਵਜੋਂ ਮੇਲੇ ਪਿੱਛੋਂ 10 ਹਜ਼ਾਰ ਰੁਪੈ ਜਜ਼ੀਏ ਵਜੋਂ ਦੇਣੇ ਪ੍ਰਵਾਨ ਕਰ ਲਏ। ਪਰ ਮੀਣਿਆਂ, ਪੰਥ ਵਿਰੋਧੀ ਤਾਕਤਾਂ ਅਤੇ ਲਾਹੌਰ ਦਰਬਾਰ ਨੇ ਦਿੱਲੀ ਦੇ ਤਖ਼ਤ ਦੀ ਸ਼ਹਿ ਨਾਲ ਇਕ ਡੂੰਘੀ ਸਾਜਿਸ਼ ਅਧੀਨ ਸਿੰਘਾਂ ਨੂੰ ਖਤਮ ਕਰਨ ਦਾ ਪ੍ਰੋਗਰਾਮ ਉਲੀਕਿਆ, ਜੋ ਭਾਈ ਮਨੀ ਸਿੰਘ ਨੂੰ ਵੇਲੇ ਸਿਰ ਪਤਾ ਲੱਗ ਜਾਣ ਕਾਰਨ ਸਿਰੇ ਨ ਚੜ੍ਹ ਸਕਿਆ। ਇਸ ਸਾਜਿਸ਼ ਨੂੰ ਨਾਕਾਮ ਕਰਨ ਬਦਲੇ ਭਾਈ ਸਾਹਿਬ ਨੇ ਕੌਮ ਨੂੰ ਆਪਣੀ ਸੂਝ-ਬੂਝ ਨਾਲ ਬਚਾ ਲਿਆ।
ਪਰ ਭਾਈ ਸਾਹਿਬ ਪ੍ਰਵਾਨ ਕੀਤਾ ਹੋਇਆ ਜਜ਼ੀਆ ਲਾਹੌਰ ਦਰਬਾਰ ਨੂੰ ਨਾ ਦੇ ਸਕੇ ਕਿਉਂਕਿ ਭਾਈ ਸਾਹਿਬ ਵੱਲੋਂ ਭੇਜੇ ਗੁਪਤ ਸਨੇਹਿਆਂ ਖ਼ਾਤਰ ਸੰਗਤਾਂ ਇਸ ਪੁਰਬ ਉਤੇ ਬਹੁਤ ਘੱਟ-ਗਿਣਤੀ ਵਿਚ ਇਕੱਤਰ ਹੋਈਆਂ ਸਨ। ਪਰ ਹਕੂਮਤ ਨੂੰ ਬਹਾਨਾ ਚਾਹੀਦਾ ਸੀ, ਮਹਾਨ ਦੂਰ-ਅੰਦੇਸ਼ੀ ਤੇ ਦੂਲੇ ਮਰਜੀਵੜੇ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰਨ ਦਾ। ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਅਕਹਿ ਤੇ ਅਸਹਿ ਕਸ਼ਟ ਦਿੰਦਿਆਂ ਲਾਹੌਰ ਦੇ ਨਿਖਾਸ ਚੌਂਕ ਵਿਚ ਸ਼ਹੀਦ ਕਰ ਦਿੱਤਾ ਗਿਆ, ਜਿਥੇ ਅੱਜਕਲ੍ਹ ਗੁਰਦੁਆਰਾ ਸ਼ਹੀਦ ਗੰਜ ਬਣਿਆ ਹੋਇਆ ਹੈ।

-ਦਿਲਜੀਤ ਸਿੰਘ ‘ਬੇਦੀ’
ਵਧੀਕ ਸਕੱਤਰ, ਸ਼੍ਰੋਮਣੀ ਗੁ:ਪ੍ਰ: ਕਮੇਟੀ,
ਸ੍ਰੀ ਅੰਮ੍ਰਿਤਸਰ।
Punjab Post Daily Online Newspaper & Print Media