ਟਿੱਕਾ ਨਾਲ ਪਾਰਟੀ ਵਿੱਚ ਆਏ ਹਰ ਨੌਜਵਾਨ ਦਾ ਪੂਰਾ ਪੂਰਾ ਸਤਿਕਾਰ ਹੋਵੇਗਾ – ਮਜੀਠੀਆ
ਅੰਮ੍ਰਿਤਸਰ, 16 ਅਪ੍ਰੈਲ (ਜਗਦੀਪ ਸਿੰਘ)- ਸ੍ਰੀ ਅਰੁਣ ਜੇਤਲੀ ਦੀ ਚੋਣ ਮੁਹਿੰਮ ਨੂੰ ਅਜ ਉਸ ਵਕਤ ਵੱਡਾ ਹੁਲਾਰਾ ਮਿਲਿਆ, ਜਦ ਵਿਧਾਨ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਦੱਖਣੀ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਕੇ ਚੋਣ ਲੜਨ ਵਾਲੇ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਅੱਜ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਅਕਾਲੀ-ਭਾਜਪਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਅਤੇ ਮਾਲ ਮੰਤਰੀ ਸ੍ਰ: ਬਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ ਵਿੱਚ ਅਕਾਲੀ ਦਲ ਵਿੱਚ ਮੁੜ ਸ਼ਾਮਿਲ ਹੋਣ ਦਾ ਐਲਾਨ ਕਰਦਿਆਂ ਘਰ ਵਾਪਸੀ ਕੀਤੀ।ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ: ਬਾਦਲ ਨੇ ਕਿਹਾ ਕਿ ਸ੍ਰ. ਟਿੱਕਾ ਨੂੰ ਪਾਰਟੀ ਵਿੱਚ ਵਾਪਸ ਲੈ ਕੇ ਉਹਨਾਂ ਨੂੰ ਖੁਸ਼ੀ ਮਿਲੀ ਹੈ, ਉਹਨਾਂ ਦੱਸਿਆ ਕਿ ਸ੍ਰ. ਟਿੱਕਾ ਮਿਹਨਤੀ ਤੇ ਬੇਦਾਗ ਆਗੂ ਹਨ, ਜੋ ਕੁੱਝ ਇੱਕ ਗਲਤਫਹਿਮੀ ਦੇ ਕਾਰਣ ਪਾਰਟੀ ਤੋਂ ਵੱਖ ਹੋ ਗਏ ਸਨ।ਉਨਾਂ ਕਿਹਾ ਕਿ ਸ੍ਰ. ਟਿੱਕਾ ਦੇ ਬਜੁਰਗਾਂ ਨਾਲ ਉਨਾਂ ਦੇਬਹੁਤ ਹੀ ਕਰੀਬੀ ਸਬੰਧ ਸਨ। ਇਸ ਮੌਕੇ ਸ੍ਰੀ ਜੇਤਲੀ ਨੇ ਕਿਹਾ ਕਿ ਯੂਥ ਆਗੂ ਸ੍ਰ: ਟਿੱਕਾ ਦੇ ਵਾਪਸ ਅਕਾਲੀ ਦਲ ਵਿੱਚ ਆਉਣ ਨਾਲ ਉਹਨਾਂ ਦੀ ਚੋਣ ਮੁਹਿੰਮ ਨੂੰ ਤਕੜਾ ਹੁਲਾਰਾ ਮਿਲਿਆ ਹੈ।
ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਸ: ਟਿੱਕਾ ਨਾਲ ਅੱਜ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਹਰ ਨੌਜਵਾਨ ਦਾ ਪਾਰਟੀ ਵਿਚ ਪੂਰਾ ਪੂਰਾ ਸਨਮਾਨ ਕੀਤਾ ਜਾਵੇਗਾ।ਇਸ ਮੌਕੇ ਯੂਥ ਅਕਾਲੀ ਦਲ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਰਹੇ ਸ: ਟਿੱਕਾ ਨੇ ਅਕਾਲੀ ਦਲ ਵਿੱਚ ਮੁੜ ਵਾਪਸੀ ਲਈ ਮੁੱਖ ਮੰਤਰੀ ਸ: ਬਾਦਲ, ਉਪ ਮੁਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਅਤੇ ਸ੍ਰ: ਮਜੀਠੀਆ ਦਾ ਧੰਨਵਾਦ ਕਰਦਿਆਂ ਅਤੇ ਭਾਵੁਕ ਹੁੰਦਿਆਂ ਆਪਣੀ ਗਲਤੀ ਲਈ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਅਤੇ ਹਾਈ ਕਮਾਂਡ ਦੇ ਹੁਕਮਾਂ ‘ਤੇ ਅਕਾਲੀ ਦਲ ਦੀ ਚੜਦੀ ਕਲਾ ਲਈ ਹਮੇਸ਼ਾਂ ਤਤਪਰ ਰਹਿਣ ਦਾ ਵਾਅਦਾ ਕੀਤਾ।ਇਸ ਮੌਕੇ ਹਲਕਾ ਦੱਖਣੀ ਵਿਧਾਇਕ ਸ: ਇੰਦਰਬੀਰ ਸਿੰਘ ਬੁਲਾਰੀਆ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸਿਆਸੀ ਸਲਾਹਕਾਰ ਸ੍ਰ. ਮਜੀਠੀਆ ਤਲਬੀਰ ਸਿੰਘ ਗਿੱਲ, ਨਵਦੀਪ ਸਿੰਘ ਗੋਲਡੀ, ਪ੍ਰੋ: ਸਰਚਾਂਦ ਸਿੰਘ, ਸਾਬਕਾ ਕੌਂਸਲਰ ਅਜੀਤ ਸਿੰਘ ਹਰਜੀਤ ਪੈਲਸ, ਗੁਰਮੁੱਖ ਸਿੰਘ ਬਿੱਟੂ, ਰਾਮ ਸਿੰਘ, ਕੌਂਸਲਰ ਜੱਗਚਾਨਣ ਸਿੰਘ, ਖੁਸ਼ਬੀਰ ਸਿੰਘ ਸਮੇਤ ਸੈਂਕੜੇ ਟਿੱਕਾ ਸਮੱਰਥਕ ਮੌਜੂਦ ਸਨ।