Friday, May 24, 2024

ਮਾਮਲਾ ਟਾਈਟਲਰ ਨੂੰ ਕਲੀਨ ਚਿਟ ਦੇਣ ਦਾ

ਅਮਰਿੰਦਰ ਦੇ ਖਿਲਾਫ ਸਿੱਖਾਂ ਦਾ ਕਾਂਗਰਸ ਦੇ ਮੁੱਖ ਦਫ਼ਤਰ ਮੂਹਰੇ ਪ੍ਰਦਰਸ਼ਨ

PPN210411
ਨਵੀਂ ਦਿੱਲੀ,  21 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਨ ਦੌਰਾਨ 1984 ਸਿੱਖ ਕਤਲੇਆਮ ‘ਚ ਜਗਦੀਸ਼ ਟਾਈਟਲਰ ਨੂੰ ਬੇਗੁਨਾਹ ਦੱਸਣ ਤੇ ਸਿੱਖ ਸੰਗਠਨਾਂ ਵਿਚ ਗੁੱਸੇ ਦੀ ਲਹਿਰ ਹੈ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਅਤੇ ਦੰਗਾਂ ਪੀੜਤਾਂ ਵਲੋਂ ਸਾਂਝੇ ਰੂਪ ਵਿਚ ਕਾਂਗਰਸ ਹੈਡ ਕੁਆਟਰ ਦਾ ਘੇਰਾਅ ਕਰਦੇ ਹੋਏ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਹਜ਼ਾਰਾਂ ਪ੍ਰਦਰਸ਼ਨਕਾਰੀ “ਅਮਰਿੰਦਰ ਗੱਦਾਰ ਕਾਤਿਲਾਂ ਦਾ ਯਾਰ” ਨਾਅਰੇ ਲਗਾਉਂਦੇ ਹੋਏ ਕਪੂਰਥਲਾ ਹਾਉਸ ਤੋਂ ਕਾਂਗਰਸ ਦਫ਼ਤਰ ਵੱਲ ਜਾਂਦੇ ਹੋਏ ਆਪਣੇ ਜ਼ਖਮ 30 ਸਾਲਾਂ ਬਾਅਦ ਫਿਰ ਤੋਂ ਹਰੇ ਹੋਣ ਦਾ ਦਾਅਵਾ ਕਰ ਰਹੇ ਸਨ।ਪ੍ਰਦਰਸ਼ਨਕਾਰੀਆਂ ‘ਤੇ ਦਿੱਲੀ ਪੁਲਿਸ ਵਲੋਂ ਪਾਣੀ ਦੀ ਬੁਛਾੜਾਂ ਛੱਡਣ ਤੋਂ ਬਾਅਦ ਦਰਜਨਾਂ ਕਾਰਕੁੰਨਾਂ ਨੂੰ ਸੱਟਾਂ ਲੱਗੀਆਂ ਅਤੇ ਕੁੱਝ ਸਿੱਖਾਂ ਦੀਆਂ ਪੱਗਾਂ ਲੱਥਣ ਦਾ ਵੀ ਸਮਾਚਾਰ ਹੈ।ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਧਾਰਾ 144 ਤੋੜਨ ਦੇ ਕਾਰਣ ਪੁਲਿਸ ਵਲੋਂ ਗ੍ਰਿਫ਼ਤਾਰ ਕਰਕੇ ਤੁਗਲਕ ਰੋਡ ਥਾਣੇ ਲੈ ਜਾਇਆ ਗਿਆ। ਮਨਜੀਤ ਸਿੰਘ ਜੀ.ਕੇ ਨੇ ਅਮਰਿੰਦਰ ਦੀ ਟਿੱਪਣੀ ਨੂੰ ਨਿੰਦਣਯੋਗ, ਸਿੱਖ ਵਿਰੋਧੀ ਅਤੇ ਸਨਸਨੀਖੇਜ਼ ਕਰਾਰ ਦਿੰਦੇ ਹੋਏ ਕਾਤਿਲਾਂ ਦਾ ਸਾਥ ਦੇਣ ਦਾ ਆਰੋਪ ਵੀ ਲਗਾਇਆ।ਕਈ ਅਦਾਲਤਾਂ ‘ਚ ਟਾਈਟਲਰ ਦੇ ਖਿਲਾਫ ਚਲ ਰਹੇ ਮੁਕੱਦਮਿਆਂ ਦਾ ਹਵਾਲਾ ਦਿੰਦੇ ਹੋਏ ਜੀ.ਕੇ ਨੇ 1984 ਸਿੱਖ ਕਤਲੇਆਮ ਵਿਚ ਦੋਸ਼ੀ ਲੋਕਾਂ ਨੂੰ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਦੀ ਸ਼ਹਿ ਤੇ ਸੀ.ਬੀ.ਆਈ ਵਲੋਂ ਬਚਾਉਣ ਦਾ ਦੋਸ਼ ਲਗਾਉਣ ਦੇ ਨਾਲ ਹੀ ਕੈਪਟਨ ਦੇ ਇਸ ਬਿਆਨ ਨੂੰ ਵੋਟਾਂ ਨੂੰ ਇਕ ਪਾਸੜ ਕਰਦੇ ਹੋਏ ਧਰਮ ਨਿਰਪੱਖਤਾ ਦੇ ਤਾਣੇ-ਬਾਣੇ ਨੂੰ ਢਾਹ ਲਾਉਣ ਦੀ ਸਾਜਿਸ਼ ਵੀ ਦੱਸਿਆ।ਅਮਰਿੰਦਰ ਸਿੰਘ ਤੇ ਇਨ੍ਹਾਂ ਚੋਣਾਂ ਵਿਚ ਹਾਰ ਸਾਹਮਣੇ ਦੇਖ ਕੇ ਘਟੀਆ ਬਿਆਨਬਾਜ਼ੀ ਕਰਨ ਦੀ ਗੱਲ ਕਰਦੇ ਹੋਏ ਜੀ.ਕੇ ਨੇ ਇਸ ਕਾਰਜ ਨੂੰ ਸੋਨੀਆ ਗਾਂਧੀ ਦੀ ਚਮਚਾਗਿਰੀ ਦਾ ਅੰਤਿਮ ਪੜਾਅ ਦੱਸਿਆ।ਅਕਾਲੀ ਦਲ ਵਲੋਂ ਇਸ ਮਸਲੇ ਤੇ ਅੱਗੇ ਦੀ ਰਣਨੀਤੀ ਦਾ ਖੁਲਾਸਾ ਕਰਦੇ ਹੋਏ ਜੀ.ਕੇ ਨੇ ਕਿਹਾ ਕਿ ਇੰਨਸਾਫ ਪ੍ਰਾਪਤੀ ਤਕ ਸਾਡਾ ਸੰਘਰਸ਼ ਜਾਰੀ ਰਹੇਗਾ ਅਤੇ ਹੁਣ 1984 ਦੀਆਂ ਵਿਧਵਾਵਾਂ ਅੰਮ੍ਰਿਤਸਰ ‘ਚ ਪ੍ਰਦਰਸ਼ਨ ਕਰਕੇ ਉਥੇ ਦੇ ਵੋਟਰਾਂ ਨੂੰ ਪਿਛਲੇ 30 ਸਾਲਾਂ ਤੋਂ ਇੰਨਸਾਫ ਨਾ ਮਿਲਣ ਦਾ ਦੁੱਖੜਾ ਵੀ ਰੋਣਗੀਆਂ।ਇਸ ਤੋਂ ਇਲਾਵਾ ਅਕਾਲੀ ਦਲ ਵਲੋਂ ਚੋਣ ਕਮਿਸ਼ਨ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸ਼ਿਕਾਇਤ ਕਰਨ ਦੇ ਰਾਹ ਵੀ ਖੁਲੇ ਰੱਖੇ ਹੋਏ ਹਨ। ਅਮਰਿੰਦਰ ਦੇ ਟਾਈਟਲਰ ਨੂੰ ਕਲੀਨ ਚਿੱਟ ਦੇਣ ‘ਤੇ ਸਵਾਲ ਖੜੇ ਕਰਦੇ ਹੋਏ ਜੀ.ਕੇ ਨੇ ਇਸ ਬਿਆਨਬਾਜ਼ੀ ਨੂੰ ਨਿਆਪਾਲਿਕਾ ‘ਤੇ ਦਬਾਅ ਬਨਾਉਣ ਦੀ ਕੋਸ਼ਿਸ਼ ਦੱਸਿਆ। ਉਨਾਂ ਖਦਸ਼ਾ ਪ੍ਰਗਟਾਇਆ ਕਿ ਅਮਰਿੰਦਰ 1984 ਦੇ ਕਤਲੇਆਮ ਨੂੰ ਆਪਣੀ ਹਾਰ ਦਾ ਵੱਡਾ ਕਾਰਣ ਦੱਸ ਕੇ ਆਪਣੀ ਸਿਆਸੀ ਹੋਂਦ ਨੂੰ ਬਚੁaਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਪ੍ਰਦਰਸ਼ਨ ਵਿਚ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਆਗੂ ਉਂਕਾਰ ਸਿੰਘ ਥਾਪਰ, ਕਮੇਟੀ ਮੈਂਬਰ ਗੁਰਵਿੰਦਰਪਾਲ ਸਿੰਘ, ਚਮਨ ਸਿੰਘ, ਰਵਿੰਦਰ ਸਿੰਘ ਲਵਲੀ, ਅਮਰਜੀਤ ਸਿੰਘ ਪੱਪੂ, ਗੁਰਦੇਵ ਸਿੰਘ ਭੋਲਾ, ਮਨਮੋਹਨ ਸਿੰਘ, ਜਤਿੰਦਰਪਾਲ ਸਿੰਘ ਗੋਲਡੀ ਅਤੇ ਅਕਾਲੀ ਦਲ ਦੇ ਅਹੁਦੇਦਾਰ ਜਸਵਿੰਦਰ ਸਿੰਘ ਜੌਲੀ, ਪਰਮਿੰਦਰਪਾਲ ਸਿੰਘ, ਹਰਚਰਣ ਸਿੰਘ ਗੁਲਸ਼ਨ, ਰਜਿੰਦਰ ਸਿੰਘ ਸ਼ਾਨ, ਹਰਜੀਤ ਸਿੰਘ ਟੇਕਨੋ ਸਹਿਤ ਵੱਡੀ ਗਿਣਤੀ ‘ਚ ਆਗੂ ਮੌਜੂਦ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ

ਟਰੱਸਟ ਵੱਲੋਂ ਪੀੜ੍ਹਤ ਪਰਿਵਾਰ ਨੂੰ 2000/- ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਵਾਂਗੇ – ਡਾ: ਓਬਰਾਏ ਅੰਮ੍ਰਿਤਸਰ, …

Leave a Reply