Friday, October 18, 2024

ਮਜੀਠੀਆ ਵਲੋਂ ਜੇਤਲੀ ਦੇ ਹਕ ਵਿਚ ਮਜੀਠਾ ਹਲਕੇ ‘ਚ ਇਤਿਹਾਸਕ ਰੋਡ ਸ਼ੋਅ

ਕਸਬਾ ਚਵਿੰਡਾ ਦੇਵੀ ਅਤੇ ਆਸਪਾਸ ਦੇ ਲੋਕ ਵੱਡੀ ਗਿਣਤੀ ਵਿਚ ਉਮੜੇ, ਜੇਤਲੀ ਦੀ ਜਿੱਤ ਯਕੀਨੀ

PPN210412

ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ ਬਿਊਰੋ)-  ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਅਕਾਲੀ ਭਾਜਪਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਵੱਡੇ ਅੰਤਰ ਨਾਲ ਜਿੱਤ ਯਕੀਨੀ ਹੋ ਗਈ ਜੱਦੋ ਉਹਨਾਂ ਦੇ ਹੱਕ ਵਿੱਚ ਸ੍ਰ: ਬਿਕਰਮ ਸਿੰਘ ਮਜੀਠੀਆ ਵੱਲੋਂ ਹਲਕਾ ਮਜੀਠਾ ਦੇ ਪ੍ਰਮੁੱਖ ਕਸਬੇ ਚਵਿੰਡਾ ਦੇਵੀ ਵਿੱਚ ਕੀਤੇ ਗਏ ਰੋਡ ਸ਼ੋਅ ਦੌਰਾਨ ਆਸ ਪਾਸ ਦੇ ਪਿੰਡਾਂ ਦੇ ਲੋਕ ਆਪ ਮੁਹਾਰੇ ਰੋਡ ਸ਼ੋਅ ਦਾ ਹਿੱਸਾ ਬਣਨ ਉਮੜ ਪਏ। ਰੋਡ ਸ਼ੋਅ ਚਵਿੰਡਾ ਦੇਵੀ ਬਾਜ਼ਾਰ ਵਿੱਚੋਂ ਹੁੰਦਾ ਹੋਇਆ ਚਵਿੰਡਾ ਦੇਵੀ ਮੰਦਿਰ ਵਿਖੇ ਪਹੁੰਚਿਆ। ਜਿੱਥੇ ਸ੍ਰੀ ਜੇਤਲੀ ਅਤੇ ਸ: ਮਜੀਠੀਆ ਨੇ ਆਪਣੇ ਸਾਥੀਆਂ ਸਮੇਤ ਮੰਦਿਰ ਵਿਖੇ ਹਾਜ਼ਰੀ ਲਵਾਈ, ਉੱਥੇ ਉਹਨਾਂ ਨੂੰ ਮੰਦਿਰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਲੋਕਾਂ ਦੀ ਵੱਡੀ ਗਣਤੀ ‘ਚ ਲਾ ਮਿਸਾਲ ਇਕੱਠ ਅਤੇ ਉਤਸ਼ਾਹ ਨੇ ਰੋਡ ਸ਼ੋਅ ਨੂੰ ਇਤਿਹਾਸਕ ਬਣਾ ਦਿੱਤਾ। ਰੋਡ ਸ਼ੋਅ ਦੀ ਇੱਕ ਖਾਸ ਗਲ ਇਹ ਵੀ ਰਹੀ ਕਿ ਇਸ ਮੌਕੇ ਮਾਲ ਮੰਤਰੀ ਤੇ ਹਲਕਾ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਸ੍ਰੀ ਜੇਤਲੀ ਨਾਲ ਆਗੂਆਂ ਵਾਲੀ ਗੱਡੀ ਵਿੱਚ ਸਵਾਰ ਹੋਣ ਦੀ ਬਜਾਇ ਵਰਕਰਾਂ ਨਾਲ ਗੱਡੀ ਦੇ ਅੱਗੇ ਅੱਗੇ ਚਲ ਰਹੇ ਸਨ ਅਤੇ ਉਨਾਂ ਤੋ ਪਿਆਰ ਅਤੇ ਸ਼ੁਭਕਾਮਨਾਵਾਂ ਕਬੂਲ ਕਰ ਰਹੇ ਸਨ।ਇਸ ਮੌਕੇ ਲੋਕਾਂ ਨੇ ਅਕਾਲੀ ਭਾਜਪਾ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ।  ਚਵਿੰਡਾ ਦੇਵੀ ਦੇ ਵਾਸੀਆਂ ਵੱਲੋਂ ਆਤਿਸ਼ਬਾਜ਼ੀ ਅਤੇ ਫੁੱਲਾਂ ਦੀ ਕੀਤੀ ਗਈ ਖੂਬ ਵਰਖਾ ਨੇ ਹਲਕੇ ਵਿੱਚ ਸ: ਮਜੀਠੀਆ ਦੀ ਹਰਮਨ ਪਿਆਰਤਾ ‘ਤੇ ਵੀ ਮੋਹਰ ਲਗਾ ਦਿੱਤੀ।ਇਸ ਮੌਕੇ ਲੋਕਾਂ ਵੱਲੋਂ ਪਾਰਟੀ ਝੰਡੇ ਚੁੱਕੇ ਹੋਣ ਅਤੇ ਘਰਾਂ ‘ਤੇ ਝੰਡੇ ਲਗਾਏ ਜਾਣ ਨਾਲ ਪੂਰਾ ਕਸਬਾ ਹੀ ਅਕਾਲੀ ਭਾਜਪਾ ਰੰਗ ਵਿੱਚ ਰੰਗਿਆ ਗਿਆ ਨਜ਼ਰ ਆਇਆ। ਇਸ ਮੌਕੇ ਸਟੇਜ ‘ਤੇ ਨਾਟਕ ਕਲਾਕਾਰਾਂ ਵਲੋਂ ਕੈਪਟਨ ਅਤੇ ਅਰੂਸਾ ਦੇ ਪਾਤਰਾਂ ਦੇ ਵਿਆਂਗਮਈ ਕਿਸਿਆਂ ਦੀ ਪੇਸ਼ਕਾਰੀ ਕੀਤੀ ਗਈ ਜੋ ਖਿਚ ਦਾ ਕੇਂਦਰ ਰਹੀ। ਇਸ ਮੌਕੇ ਸ੍ਰੀ ਅਰੁਣ ਜੇਤਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਵੱਲੋਂ ’84 ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਬੇਕਸੂਰ ਠਹਿਰਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕੈਪਟਨ ਨੂੰ ਕੋਈ ਹੱਕ ਨਹੀਂ ਕਿ ਉਹ ਕਾਨੂੰਨੀ ਪ੍ਰਕ੍ਰਿਆ ਦੇ ਚਲਦਿਆਂ ਕਿਸੇ ਨੂੰ ਦੋਸ਼ ਮੁਕਤ ਠਹਿਰਾਵੇ। ਉਹਨਾਂ ਕਿਹਾ ਕਿ ਕੈਪਟਨ ਦੇ ਉਕਤ ਕਦਮ ਲਈ ਉਸ ਨੂੰ ਲੋਕ ਮੁਆਫ਼ ਨਹੀਂ ਕਰਨਗੇ।ਅੱਜ ਕੀਤੇ ਗਏ ਰੋਡ ਸ਼ੋਅ ਦੀ ਸਫਲਤਾ ‘ਤੋ ਬਾਗੋ ਬਾਗ ਹੋ ਰਹੇ ਸ੍ਰੀ ਜੇਤਲੀ ਨੇ ਕਿਹਾ ਕਿ ਉਸ ਨੇ ਆਪਣੇ ਜੀਵਨ ਦੌਰਾਨ ਅੱਜ ਤੋਂ ਪਹਿਲਾਂ ਕਿਸੇ ਵੀ ਕਸਬੇ ਅੰਦਰ ਅਜਿਹਾ ਵਿਸ਼ਾਲ ਰੋਡ ਸ਼ੋਅ ਨਹੀਂ ਦੇਖਿਆ। ਉਹਨਾਂ ਕਿਹਾ ਕਿ ਰੋਡ ਸ਼ੋਅ ਭਾਰੀ ਸੰਖਿਆ ਦੇ ਨਾਲ ਨਾਲ ਲੋਕਾਂ ਦੇ ਉਤਸ਼ਾਹ ਨੇ ਚੋਣ ਨੂੰ ਇੱਕਤਰਫ਼ਾ ਕਰ ਦਿੱਤਾ ਹੈ।ਉਹਨਾਂ ਕੇਂਦਰੀ ਮੰਤਰੀ ਅਨੰਦ ਸ਼ਰਮਾ ਵੱਲੋਂ ਪੰਜਾਬ ਨੂੰ ਸਨਅਤੀ ਪੈਕੇਜ ਤੋਂ ਵੱਖ ਰੱਖਣ ਲਈ ਐਨ ਡੀ ਏ ਨੂੰ ਕਸੂਰਵਾਰ ਠਹਿਰਾਉਣ ਤੇ ਕਿਹਾ ਕਿ ਅਨੰਦ ਸ਼ਰਮਾ ਵਾਕਿਆ ਹੀ ਪੰਜਾਬ ਦੇ ਹਿਤਾਂ ਨਾਲ ਲਗਾਓ ਹੈ ਤਾਂ ਉਹ ਆਪ ਮੰਤਰੀ ਦੇ ਹੈਸੀਅਤ ਵਿੱਚ ਪੰਜਾਬ ਦੇ ਗੁਆਂਢੀ ਰਾਜਾਂ ਨੂੰ ਦਿੱਤੇ ਗਏ ਸਨਅਤੀ ਪੈਕੇਜ ਵਾਪਸ ਲੈਣ ਦਾ ਹੌਸਲਾ ਦਿਖਾਵੇ। ਉਹਨਾਂ ਕੇਂਦਰ ਵਿੱਚ ਇੱਕ ਮਜ਼ਬੂਤ ਸਰਕਾਰ ਦੇ ਗਠਨ ਦੀ ਲੋੜ ‘ਤ ਜੋਰ ਦਿੰਦਿਆਂ ਕਿਹਾ ਕਿ ਕੇਂਦਰ ਵਿੱਚ ਮਜ਼ਬੂਤ ਸਰਕਾਰ ਆਉਣ ‘ਤੇ ਪਾਕਿਸਤਾਨ ਵੀ ਭਾਰਤ ਵਿਰੋਧੀ ਨੀਤੀਆਂ ਜਾਰੀ ਰੱਖਣ ਦੀ ਹਿੰਮਤ ਨਹੀਂ ਰਹੇਗਾ।

PPN210413

ਇਸ ਮੌਕੇ ਸ: ਮਜੀਠੀਆ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਨੇ ਉਹਨਾਂ ਨੂੰ ਹਰ ਵਾਰੀ ਵੱਡੀ ਲੀਡ ਨਾਲ ਕਾਮਯਾਬੀ ਬਖਸ਼ੀ ਹੈ ਉਹਨਾਂ ਦੋਸ਼ ਲਾਇਆ ਕਿ ਕੈਪਟਨ ਗਾਂਧੀ ਪਰਿਵਾਰ ਦੀ ਖੁਸ਼ਾਮਦ ਲਈ ਪੰਜਾਬ ਹੀ ਨਹੀਂ ਦੇਸ਼ ਨੂੰ ਵੀ ਵੇਚ ਦੇਵੇ। ਉਹਨਾਂ ਕੈਪਟਨ ਦੀ ਮੌਜੂਦਾ ਚੋਣ ਲੜਨ ਨੂੰ ਲੋਕਾਂ ਨੂੰ ਰਾਜਸੀ ਅਲਵਿਦਾ ਕਹਿਣ ਦੀ ਆਖਰੀ ਲੜਾਈ ਕਿਹਾ।ਸ: ਮਜੀਠੀਆ ਨੇ ਅੰਮ੍ਰਿਤਸਰ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਸ੍ਰੀ ਅਰੁਣ ਜੇਤਲੀ ਨੂੰ ਇੱਕ ਆਸ ਦੀ ਕਿਰਨ ਕਿਹਾ ਤੇ ਉਹਨਾਂ ਨੂੰ ਯਕੀਨ ਦਵਾਇਆ ਕਿ ਅੰਮ੍ਰਿਤਸਰ ਤੋਂ ਉਹਨਾਂ ਦੀ ਭਾਰੀ ਵੋਟਾਂ ਨਾਲ ਜਿੱਤ ਯਕੀਨੀ ਹੈ।ਇਸ ਉਪਰੰਤ ਆਗੂਆਂ ਨੇ ਗੁਰਦਵਾਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਵਿਖੇ ਵੀ ਨਤਮਸਤਕ ਹੋਏ ਜਿੱਥੇ ਉਹਨਾਂ ਨੂੰ ਸਿਰੋਪਿਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਰਵੀ ਸ਼ੰਕਰ, ਰਾਜ ਮਹਿੰਦਰ ਸਿੰਘ ਮਜੀਠਾ, ਸਾਬਕਾ ਵਿਧਾਇਕ ਰਣਜੀਤ ਸਿੰਘ ਵਰਿਆਮ ਨੰਗਲ,  ਤਲਬੀਰ ਸਿੰਘ ਗਿੱਲ, ਯੋਧਾ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ, ਤਰਸੇਮ ਸਿੰਘ ਸਿਆਲਕਾ, ਹਰਭਜਨ ਸਿੰਘ ਸਪਾਰੀ ਵਿੰਡ , ਪ੍ਰੋ: ਸਰਚਾਂਦ ਸਿੰਘ ਤੋਂ ਇਲਾਵਾ ਪੰਚ ਸਰਪੰਚ ਮੌਜੂਦ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply