Friday, November 22, 2024

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਕਵੀ ਸਮਾਗਮ ਕਰਵਾਇਆ

PPN3010201518

ਅੰਮ੍ਰਿਤਸਰ, ੩੦ ਅਕਤੂਬਰ (ਗੁਰਪ੍ਰੀਤ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਸੰਸਥਾਪਕ, ਬਾਣੀ ਦੇ ਬੋਹਿਥ, ਸੋਢੀ ਸੁਲਤਾਨ, ਗੁਰੂ ਨਾਨਕ ਦੀ ਚੌਥੀ ਜੋਤ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਸਬੰਧੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੀਤੀ ਰਾਤ ਕਵੀ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਨਾਮਵਰ ਕਵੀ ਸ. ਬਲਬੀਰ ਸਿੰਘ ‘ਬੱਲ’ ਪੰਥਕ ਕਵੀ, ਸ. ਰਛਪਾਲ ਸਿੰਘ ‘ਪਾਲ’, ਸ. ਗੁਰਦਿਆਲ ਸਿੰਘ ‘ਨਿਮਰ’, ਸ. ਅਜੀਤ ਸਿੰਘ ‘ਰਤਨ’, ਸ. ਅਵਤਾਰ ਸਿੰਘ ‘ਤਾਰੀ’, ਸ. ਹਰੀ ਸਿੰਘ ‘ਜਾਚਕ’, ਸ. ਚੰਨਣ ਸਿੰਘ ‘ਚਮਨ’, ਸ. ਚੈਨ ਸਿੰਘ ‘ਚੱਕਰਵਰਤੀ’, ਸ. ਗੁਰਚਰਨ ਸਿੰਘ ‘ਚਰਨ’, ਸ. ਰਾਜਿੰਦਰ ਸਿੰਘ ‘ਜੋਸ਼’, ਸ. ਸੁਰਜੀਤ ਸਿੰਘ ਆਰਟਿਸਟ, ਸ. ਅਮਰਜੀਤ ਸਿੰਘ ‘ਅਮਰ’, ਬੀਬੀ ਜਗਜੀਤ ਕੌਰ ਭੋਲੀ, ਸ. ਬਲਵਿੰਦਰ ਸਿੰਘ ਸੰਧਾ, ਸ. ਕਰਮਜੀਤ ਸਿੰਘ ਨੂਰ ਅਤੇ ਮੁਸਲਿਮ ਸ਼ਾਇਰ ਜਨਾਬ ਜਮੀਰ ਅਲੀ ‘ਜਮੀਰ’ ਸ਼ਾਮਿਲ ਹੋਏ।
ਸਮਾਗਮ ਦੌਰਾਨ ਪੰਥ ਪ੍ਰਸਿੱਧ ਕਵੀਆਂ ਨੇ ਆਪਣੀਆਂ ਬਹੁਮੁੱਲੀਆਂ ਰਚਨਾਵਾਂ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਦਸਮ ਪਾਤਸ਼ਾਹ ਦੇ ਇਤਿਹਾਸ ਨੂੰ ਦੁਹਰਾਇਆ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਨੂੰ ਦਹਿਰਾਉਂਦੇ ਹੋਏ ਪ੍ਰਸਿੱਧ ਕਵੀ ਸ. ਕਰਮਜੀਤ ਸਿੰਘ ‘ਨੂਰ’ ਨੇ ਆਪਣੀ ਰਚਨਾ ਪੇਸ਼ ਕਰਦਿਆਂ ਬਿਆਨ ਕੀਤਾ :
ਧਰਤੀ ਉੱਤੇ ਸਵਰਗ ਹੈ ਹਰਿਮੰਦਰ
ਜੋੋ ਹੈ ਲੱਖਾਂ ਸਵਰਗਾਂ ਦੀ ਸ਼ਾਨ ਵਰਗਾ
ਡਿੱਠੇ ਸੁੰਦਰ ਅਸਥਾਨ ਸੰਸਾਰ ਭਰ ਦੇ
ਨਹੀਂ ਅਸਥਾਨ ਕੋਈ ਏਸ ਅਸਥਾਨ ਵਰਗਾ
ਹੋਏ ਲੱਖਾਂ ਸੁਲਤਾਨ ਜਹਾਨ ਅੰਦਰ
ਨਹੀਂ ਸੁਲਤਾਨ ਕੋਈ ਸੋਢੀ ਸੁਲਤਾਨ ਵਰਗਾ
ਸੁਧਾਸਰ ਦਾ ਨੂਰ ਇਸ਼ਨਾਨ ਇਕੋ
ਅੱਠਸੱਠ ਤੀਰਥਾਂ ਦਾ ਨੂਰ ਇਸ਼ਨਾਨ ਵਰਗਾ
ਇਸੇ ਤਰ੍ਹਾਂ ਸ. ਗੁਰਦਿਆਲ ਸਿੰਘ ‘ਨਿਮਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹਿਮਾ ਦੱਸਦੇ ਹੋਏ ਕਿਹਾ :
ਚਮਕਾਂ ਮਾਰਦਾ ਤਖ਼ਤ ਅਕਾਲ ਸੋਹਣਾ, ਇਸਦੀ ਸ਼ਾਨ ਵਰਗੀ ਹੋਰ ਸ਼ਾਨ ਕੋਈ ਨਾ
ਹਰਿਮੰਦਰ ਸਾਹਿਬ ਦੀ ਕਰੇ ਬਰਾਬਰੀ ਜੋ ਐਸਾ ਜੱਗ ਤੇ ਹੋਰ ਅਸਥਾਨ ਕੋਈ ਨਾ
ਹਿਰਦਾ ਵਾਂਗ ਗੁਲਾਬ ਦੇ ਖਿੜ੍ਹੇ ਸਭਦਾ ਤੇ ਸੀਸ ਝੁਕਦੇ ਨਾਲ ਸਤਿਕਾਰ ਏਥੇ
ਸ਼ਰਧਾ ਨਾਲ ਫਿਰ ਅੱਖੀਆਂ ਬੰਦ ਕਰਕੇ ਸੁੱਖਾਂ ਮੰਗਦਾ ਕੁੱਲ ਸੰਸਾਰ ਏਥੇ

ਸਭ ਦੀਆਂ ਆਸਾਂ ਪੂਰੀਆਂ ਕਰਨ ਵਾਲੇ ਸੋਢੀ ਸੁਲਤਾਨ ਪਾਤਸ਼ਾਹ ਬਾਰੇ ਰਛਪਾਲ ਸਿੰਘ ‘ਪਾਲ’ ਨੇ ਆਪਣੀ ਕਲਮ ਨਾਲ ਖਿੱਚੀਆਂ ਚੰਦ ਲਾਈਨਾ ਬੋਲ ਕੇ ਚਾਰ ਚੰਨ ਲਗਾ ਦਿੱਤੇ:
ਗੁਰੂ ਰਾਮਦਾਸ ਤੇਰੇ ਦਰ ਉੱਤੇ ਸ਼ਰਧਾ ਨਾਲ ਸੰਗਤਾਂ ਆਈਆਂ ਨੇ।
ਜੋ ਖਾਲੀ ਆਉਂਦੇ ਭਰ ਜਾਂਦੇ ਤੇਰੇ ਦਰ ਦੀਆਂ ਇਹ ਵਡਿਆਈਆਂ ਨੇ

ਇਸੇ ਤਰ੍ਹਾਂ ਸ. ਅਵਤਾਰ ਸਿੰਘ ਤਾਰੀ ਤੇ ਬਾਕੀ ਸਭ ਨਾਮਵਰ ਕਵੀਆਂ ਨੇ ਵੀ ਆਪਣੀਆਂ ਰਚਨਾਵਾਂ ਰਾਹੀਂ ਕੈਨਵਸ’ ਤੇ ਸਤਿਗੁਰਾਂ ਦੇ ਇਤਿਹਾਸ ਨੂੰ ਬਾਖੂਬੀ ਉੱਕਰਿਆ।ਇਸ ਮੌਕੇ ਸ. ਹਰਪ੍ਰੀਤ ਸਿੰਘ ਵਧੀਕ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਗੁਰਦੁਆਰਾ ਗਜ਼ਟ, ਸ. ਜਤਿੰਦਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਮੁੱਚਾ ਸਟਾਫ਼ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply