ਡਾ. ਦਲਜੀਤ ਸਿੰਘ ਨੇ ਰੈਲੀ ਨੂੰ ਕੀਤਾ ਰਵਾਨਾ
ਅੰਮ੍ਰਿਤਸਰ, 24 ਅਪ੍ਰੈਲ (ਪ੍ਰੀਤਮ ਸਿੰਘ) – ਖਾਲਸਾ ਕਾਲਜ ਵਿਖੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਐੱਨ. ਐੱਸ. ਐੱਸ. ਯੂਨਿਟ ਵੱਲੋਂ ਇਕ ਮਹੱਤਵਪੂਰਨ ਰੈਲੀ ਪ੍ਰਿੰਸੀਪਲ ਡਾ. ਦਲਜੀਤ ਸਿੰਘ ਦੀ ਅਗਵਾਈ ਹੇਠ ਰਵਾਨਾ ਕੀਤੀ ਗਈ। ਜ਼ਿਲ੍ਹਾ ਚੋਣ ਕਮਿਸ਼ਨ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਕੱਢੀ ਗਈ ਇਸ ਰੈਲੀ ਦਾ ਮੁੱਖ ਮਨੋਰਥ ਲੋਕਾਂ ਤੇ ਵਿਦਿਆਰਥੀਆਂ ਨੂੰ ਲੋਕਤੰਤਰ ‘ਚ ਵੋਟ ਦੀ ਮਹੱਤਤਾ ਸਬੰਧੀ ਜਾਣਕਾਰੀ ਦੇਣਾ ਸੀ। 100 ਤੋਂ ਜਿਆਦਾ ਵਿਦਿਆਰਥੀਆਂ ਨੇ ਇਸ ਰੈਲੀ ‘ਚ ਭਾਗ ਲਿਆ। ਵਿਦਿਆਰਥੀਆਂ ਨੇ ਖਾਲਸਾ ਕਾਲਜ ਦੇ ਬਾਹਰ ਕੋਟ ਖ਼ਾਲਸਾ ਰੋਡ ‘ਤੇ ਇਕ ਨੁਕੜ ਨਾਟਕ ਵੀ ਖੇਡਿਆ, ਜਿਸ ‘ਚ ਉਨ੍ਹਾਂ ਨੇ ਆਮ ਲੋਕਾਂ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੇ ਕਿਹਾ ਕਿ ਅੱਜ ਹਰੇਕ ਇਨਸਾਨ ਨੂੰ ਆਪਣੀ ਵੋਟ ਦਾ ਇਸਤੇਮਾਲ ਆਪਣਾ ਮੁੱਢਲਾ ਫ਼ਰਜ਼ ਸਮਝਕੇ ਕਰਨਾ ਚਾਹੀਦਾ ਹੈ ਤਾਂ ਕਿ ਭਾਰਤੀ ਲੋਕਤੰਤਰ ਨੂੰ ਮਜ਼ਬੂਤੀ ਮਿਲ ਸਕੇ। ਉਨ੍ਹਾਂ ਕਿਹਾ ਕਿ ਅਸੀ ਆਪਣੇ ਹੱਕਾਂ ਪ੍ਰਤੀ ਤਾਂ ਜਾਗਰੂਕ ਹਾਂ ਪਰ ਫ਼ਰਜਾਂ ਪ੍ਰਤੀ ਅਵੇਸਲੇ ਹੋ ਜਾਂਦਾ ਹਾਂ, ਜਿਸ ਕਾਰਨ ਸਹੀ ਉਮੀਦਵਾਰਾਂ ਦੀ ਚੋਣ ਨਹੀਂ ਹੁੰਦੀ ਅਤੇ ਸਮਾਜ ਤੇ ਦੇਸ਼ ਦੀ ਤਰੱਕੀ ‘ਚ ਰੁਕਾਵਟ ਪੈਂਦੀ ਹੈ। ਉਨ੍ਹਾਂ ਨੇ ਵੋਟ ਦੇ ਅਧਿਕਾਰ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਸਾਨੂੰ ਇਸ ਅਧਿਕਾਰ ਦਾ ਇਸਤੇਮਾਲ ਆਪਣੀ ਸੂਝ-ਬੂਝ ਅਨੁਸਾਰ ਕਰਨਾ ਚਾਹੀਦਾ ਹੈ, ਨਾ ਕਿ ਜਾਤ, ਧਰਮ ਜਾਂ ਭਾਸ਼ਾ ਨੂੰ ਮੁੱਖ ਰੱਖਕੇ। ਇਸ ਮੌਕੇ ਵਿਦਿਆਰਥੀਆਂ ਨੇ ਹੱਥਾਂ ‘ਚ ਬੈਨਰ ਫੜ੍ਹਕੇ ਰੈਲੀ ਦੌਰਾਨ ਵੱਖ-ਵੱਖ ਨਾਅਰਿਆਂ ਅਤੇ ਵੋਟ ਦੇ ਹੱਕ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਦਿੱਤਾ। ਰੈਲੀ ‘ਚ ਐੱਨ. ਐੱਸ. ਐੱਸ. ਕੋਆਰਡੀਨੇਟਰ ਡਾ. ਜਸਜੀਤ ਕੌਰ ਰੰਧਾਵਾ, ਪ੍ਰੋ: ਜ਼ੋਰਾਵਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਵਿਦਿਆਰਥੀ ਸ਼ਾਮਿਲ ਸਨ।