ਜਨਮ ਦਿਨ ਤੇ ਵਿਸ਼ੇਸ
ਸਹਿਬਜ਼ਾਦਾ ਬਾਬਾ ਫਤਹਿ ਸਿੰਘ ਦਾ ਜਨਮ 12 ਦਸੰਬਰ 1699 ਈ: ਨੂੰ ਦਸਮ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਜੀਤੋ ਜੀ ਦੀ ਕੁੱਖੋ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ। ਆਨੰਦਪੁਰ ਛੱਡਣ ਪਿੱਛੋਂ ਸਰਸਾ ਨਦੀ ਦੇ ਕੰਢੇ ਸ੍ਰੀ ਗੂਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਮਾਤਾ ਸੁੰਦਰੀ ਜੀ (ਧਰਮ ਪਤਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ) ਭਾਈ ਦਿਆ ਸਿੰਘ ਦੀ ਹਿਫਾਜਤ ਵਿੱਚ ਦਿੱਲੀ ਜਾ ਪੁੱਜੇ।ਗੁਰੂ ਜੀ ਦੇ ਮਾਤਾ ਗੁਜਰੀ ਜੀ ਦੋਵੇਂ ਸਹਿਬਜ਼ਾਦਿਆਂ ਜੋਰਾਵਰ ਸਿੰਘ ਤੇ ਫਤਿਹ ਸਿੰਘ ਆਪਣੇ ਘਰੇਲੂ ਰਸੋਈਏ ਗੰਗੂ ਬ੍ਰਹਾਮਣ ਸਮੇਤ,ਸਿੰਘਾਂ ਦੇ ਜਥੇ ਨਾਲੋਂ ਨਿਖੜ ਗਏ।ਰਸੋਈਆ ਗੰਗੂ ਉਨ੍ਹਾਂ ਨੂੰ ਆਪਣੇ ਪਿੰਡ ਸਹੇੜੀ ਵਿਖੇ ਆਪਣੇ ਘਰ ਲੈ ਆਇਆ।ਗੰਗੂ ਘਰ ਆ ਕੇ ਬੇਈਮਾਨ ਹੋ ਗਿਆ।ਮਾਤਾ ਜੀ ਦੇ ਪਾਸ ਬਹੁਤ ਸਾਰੀ ਨਕਦੀ ਤੇ ਹੋਰ ਕੀਮਤੀ ਸਮਾਨ ਵੇਖ ਕੇ ਨੀਅਤ ਬਦਲ ਗਈ।ਉਹ ਇੰਨ੍ਹਾਂ ਨੂੰ ਫੜ੍ਹਾ ਕੇ ਸਰਹੰਦ ਦੇ ਸੂਬੇ ਪਾਸੋਂ ਇਨਾਮ ਅਤੇ ਸ਼ੋਹਰਤ ਲੈਣਾ ਚਾਹੁੰਦਾ ਸੀ।ਦੂਜੇੇ ਦਿਨ ਸੂਬੇ ਦੇ ਹੁਕਮ ਤੇ ਮੋਰਿੰਡਾ ਥਾਣੇ ਦੀ ਪੁਲਸ ਨੇ ਮਾਤਾ ਜੀ ਤੇ ਉਸ ਦੇ ਦੋਵੇਂ ਸਾਹਿਬਜ਼ਾਦੇ ਫੜ ਲਏ ਗਏ ਤੇ ਤਿੰਨਾਂ ਨੂੰ ਸਰਹੰਦ ਦੇ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ।
ਵਜੀਦ ਖਾਂ ਸੂਬਾ ਸਰਹੰਦ ਨੇ ਆਪਣੇ ਧਰਮ ਦੇ ਕਾਜੀਆਂ ਦੀ ਬੈਠਕ ਬਲਾਈ ਅਤੇ ਇਨ੍ਹਾਂ ਤਿੰਨਾਂ ਨੂੰ ਸਜਾ ਦੇਣ ਬਾਰੇ ਉਨ੍ਹਾਂ ਤੋਂ ਵਿਚਾਰ ਪੁੱਛੇ ਗਏ। ਉਲਮਾਵਾਂ ਫੈਸਲਾ ਦਿੱਤਾ ਕਿ ਇਹ ਇਸਲਾਮ ਕਬੂਲ ਕਰ ਲੈਣ ਜਾਂ ਮੌਤ ਲਈ ਤਿਆਰ ਹੋ ਜਾਣ।ਮਲੇਰਕੋਟਲਾ ਦਾ ਨਵਾਬ ਵੀ ਇਸ ਸਭਾ ਵਿੱਚ ਹਾਜਰ ਸੀ, ਉਸ ਨੇ ਇਨ੍ਹਾਂ ਛੋਟੇ ਬੱਚਿਆਂ ਦੀ ਹਮਦਰਦੀ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਇਸ ਫੈਸਲੇ ਨਾਲ ਅਸਹਿਮਤੀ ਪ੍ਰਗਟ ਕੀਤੀ ਕਿ ਇੰਨ੍ਹਾਂ ਮਸ਼ੂਮ ਬੱਚਿਆਂ ਨੂੰ ਇਹ ਸਜਾ ਨਾ ਦਿੱਤੀ ਜਾਵੇੇ, ਇਨ੍ਹਾਂ ਮਸੂਮ ਬਚਿਆਂ ਨੇ ਤੁਹਾਡਾ ਕੀ ਵਿਗਾੜਿਆ ਹੈ। ਮਲੇਰਕੋਟਲਾ ਦੇ ਨਵਾਬ ਨੇ ਕਿਹਾ ਕਿ ਦੁਸ਼ਮਣੀ ਤਾਂ ਇਨ੍ਹਾਂ ਦੇ ਪਿਤਾ ਨਾਲ ਹੈ।ਉਸ ਨਾਲ ਜੋ ਮਰਜ਼ੀ ਸਲੂਕ ਕਰੋ, ਪਰ ਬੱਚਿਆਂ ਤੇ ਇਹ ਕਹਿਰ ਨਹੀਂ ਢਾਹੁਣਾ ਚਾਹੀਦਾ।ਵਜੀਦ ਖਾਂ ਵੀ ਮਲੇਰਕੋਟਲੇ ਦੇ ਨਵਾਬ ਦੀ ਇਸ ਦਲੀਲ ਨਾਲ ਸਹਿਮਤ ਹੋ ਗਿਆ ਸੀ।ਇਹ ਸਭ ਕੁੱਝ ਸੁਣ ਕੇ ਸੂਬੇ ਦਾ ਵਫਾਦਾਰ ਸੁੱਚਾ ਨੰਦ ਹਿੰਦੂ ਵਜੀਰ ਬੋਲਿਆ ਕਿ ਨਵਾਬ ਸਾਹਿਬ ਜੀ ਤੁਸੀਂ ਇਹ ਭੁੱਲ ਰਹੇ ਹੋ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਹਨ। ਦੁਸ਼ਮਣ ਦੇ ਪੁੱਤਰਾਂ ‘ਤੇ ਤਰਸ ਕਰਕੇ ਛੱਡ ਦੇਣਾ ਤਾਂ ਗਲਤ ਫੈਸਲਾ ਹੈ ਅਤੇ ਤੁਸੀਂ ਇਸ ਸਮੇਂ ਇੰਨ੍ਹਾਂ ਨੁੰ ਸਜਾ ਦੇਣ ਤੋਂ ਰਿਆਇਤ ਕੀਤੀ ਤਾਂ ਇਹ ਆਪਣੇ ਪਿਤਾ ਨਾਲ ਰਲ ਕੇ ਤੁਹਾਡਾ ਜਿਉਣਾ ਹਰਾਮ ਕਰ ਦੇਣਗੇ।ਸੂਬੇ ਨੂੰ ਸੁੱਚਾ ਨੰਦ ਵੱਲੋਂ ਦਿੱਤੀ ਗਈ ਇਸ ਸਲਾਹ ਦੀ ਸਭਾ ਚ ਬੈਠੇ ਕਾਜ਼ੀਆਂ ਨੇ ਵੀ ਹਮਾਇਤ ਕੀਤੀ।ਉਨ੍ਹਾਂ ਸਹਿਬਜ਼ਾਦਿਆਂ ਨੂੰ ਮੌਤ ਜਾਂ ਇਸਲਾਮ ਕਬੂਲ ਕਰ ਲੈਣ ਦਾ ਫਤਵਾ ਸੁਣਾ ਦਿੱਤਾ ਗਿਆ। ਇਸ ਸਭ ਕੁੱਝ ਸੁਣ ਕੇ ਨਵਾਬ ਮਲੇਰਕੋਟਲਾ ਅਜਿਹੇ ਅਣਮਨੁੱਖੀ ਅਤੇ ਗੈਰ ਲੋਕਰਾਜ਼ੀ ਫਤਵੇ ਦੇ ਰੋਸ ਵਜੋਂ ਭਰੀ ਕਚਹਿਰੀ ਵਿੱਚੋਂ ਉੱਠ ਕੇ ਬਾਹਰ ਚਲਾ ਗਿਆ।ਉਸ ਸਮੇਂ ਸਾਹਿਬਜ਼ਾਦਾ ਫਤਹਿ ਸਿੰਘ ਜੀ ਪੰਜ ਸਾਲਾਂ ਦੇ ਸਨ।ਕਾਜ਼ੀਆਂ ਨੇ ਉਨ੍ਹਾਂ ਨੁੰ ਦੁਬਾਰਾ ਫਿਰ ਆਪਣੀ ਜਾਨ ਬਚਾੳੇਣ ਲਈ ਇਸਲਾਮ ਕਬੂਲ ਕਰ ਲੈਣ ਦੀ ਸਲਾਹ ਦਿੱਤੀ ਗਈ, ਪਰ ਉਨ੍ਹਾਂ ਬੜੇ ਹੌਸ਼ਲੇ ਤੇ ਬੁਲੰਦ ਅਵਾਜ਼ ਨਾਲ ਕਿਹਾ ਕਿ ਮੌਤ ਨਾਲੋਂ ਸਾਨੂੰ ਧਰਮ ਪਿਆਰਾ ਹੈ ਅਤੇ ਉਨ੍ਹਾਂ ਕਿਹਾ ਕਿ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਨ ਜੋ ਮੌਤ ਤੋਂ ਨਹੀਂ ਡਰਦੇ।ਤੁਸੀ ਆਪਣਾ ਸਾਰਾ ਜੋਰ ਲਾ ਵੇਖੋ ਪਰ ਜਬਰ ਅੱਗੇ ਸਬਰ ਨੇ ਝੁਕਣਾ ਨਹੀਂ।ਉਨ੍ਹਾਂ ਸਾਹਮਣੇ ਕਾਜ਼ੀਆਂ ਦਾ ਫੈਸਲਾ ਰੱਖਿਆ ਗਿਆ, ਪਰ ਸਿਦਕ ਦੇ ਪੱਕੇ ਗੁਰੂ ਬੇਟਿਆਂ ਨੇ ਇਸਲਾਮ ਕਬੂਲਣ ਦੇ ਮੁਕਾਬਲੇ ਮੌਤ ਨੂੰ ਹੀ ਪਹਿਲ ਦਿੱਤੀ।ਇਸਲਾਮ ਧਰਮ ਨਾ ਕਬੂਲ ਕਰਨ ਤੇ ਮਾਸ਼ੂਮ ਤੇ ਬੇਕਸੂਰ ਬੱਚਿਆਂ ਨੂੰ ਮੌਤ ਦੀ ਸਜਾ ਸੁਣਾ ਦਿੱਤੀ। ਸਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣ ਕੇ ਆਖਿਰ ਸ਼ਹੀਦ ਕਰ ਦਿੱਤਾ ਗਿਆ।ਇਨ੍ਹਾਂ ਦੋਨਾਂ ਨਿੱਕੀਆਂ ਜਿੰਦਾਂ ਨੂੰ ਸ਼ਹੀਦ ਕਰਕੇ ਸੂਬੇ ਨੇ ਸਮਝਿਆ ਕਿ ਉਸ ਨੇ ਵੱਡੀ ਮੱਲ ਮਾਰ ਲਈ ਹੈ।ਕੁੱਝ ਅਰਸੇ ਪਿੱਛੋਂ ਮਹਾਨ ਯੋਧਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਹਮਲਾ ਕਰਕੇ ਸਹਿਰ ਦੀ ਇੱਟ ਨਾਲ ਇੱਟ ਖੜਕਾ ਕੇ, ਮਸ਼ੂਮ ਜਿੰਦੜੀਆਂ ਦੇ ਕਾਤਲਾਂ ਤੋਂ ਗਿਣ-ਗਿਣ ਬਦਲੇ ਲਏ।