Thursday, November 21, 2024

ਧੰਨੇ ਭਗਤ ਦੀ ਧੰਨ ਧੰਨ ਹੋ ਗਈ

15 ਦਸੰਬਰ ਬਰਸੀ ‘ਤੇ

ਰਮੇਸ਼ ਬੱਗਾ ਚੋਹਲਾ        
ਭਾਲ ਜਿਸ ਦੀ ਵਿਚ ਯਤਨਸ਼ੀਲ ਦੁਨੀਆਂ, ਆ ਮਿਲਿਆ ਆਪ ਕਰਤਾਰ ਉਸ ਨੂੰ।

ਧੰਨੇ ਭਗਤ ਦੀ ਸਾਰੇ ਧੰਨ ਧੰਨ ਹੋ ਗਈ, ਦਿੱਤੇ ਰੱਬ ਨੇ ਜਦੋਂ ਸੀ ਦੀਦਾਰ ਉਸ ਨੂੰ।

ਬੇਸ਼ੱਕ ਪੰਡਤ ਨੇ ਚੁਸਤ ਚਲਾਕ ਬਣ ਕੇ, ਭੋਲੇ ਜੱਟ ਨਾਲ ਠੱਗੀ ਮਾਰ ਲਈ ਸੀ,

ਆਪਣੇ ਪਿਆਰੇ ਭਗਤ ਦੀ ਦੇਖ ਭਗਤੀ, ਪ੍ਰਗਟ ਹੋ ਕੇ ਪ੍ਰਭੂ ਨੇ ਸਾਰ ਲਈ ਸੀ,

ਕਣ ਕਣ ਦੇ ਵਿਚ ਸਮਾਉਣ ਵਾਲਾ, ਨਿਕਲ ਮਿਲਿਆ ਪੱਥਰ ‘ਚੋਂ ਬਾਹਰ ਉਸ ਨੂੰ।

ਧੰਨੇ ਭਗਤ ਦੀ……………………………………………………..।

ਜਿਵੇਂ ਜਿਵੇਂ ਤ੍ਰਿਲੋਚਨ ਨੇ ਦੱਸ ਦਿੱਤਾ,ਉਸੇ ਤਰ੍ਹਾਂ ਹੀ ਧੰਨਾ ਸੀ ਕਰੀ ਜਾਂਦਾ,

ਕਿਸੇ ਗੱਲ ਦੀ ਨਹੀਂ ਪ੍ਰਵਾਹ ਕਰਦਾ, ਘਾਟੇ ਵਾਧੇ ਵੀ ਹੱਸ ਕੇ ਜਰੀ ਜਾਂਦਾ,

ਪੂਰਾ ਉਸ ‘ਤੇ ਭਗਤ ਨੇ ਅਮਲ ਕੀਤਾ, ਕਿਹਾ ਪੰਡਤ ਜੋ ਸੀ ਵਿਚਾਰ ਉਸ ਨੂੰ।

ਧੰਨੇ ਭਗਤ ਦੀ………………………………………………..।

ਨੁਹਾ ਧੁਆ ਕੇ ਠਾਕਰ ਨੂੰ ਕਹੇ ਧੰਨਾ, ਭੋਗ ਲਾ ਦਿਉ ਮੇਰੇ ਪਕਵਾਨ ਤਾਈਂ,

ਤੇਰੇ ਖਾਣ ਤੋਂ ਪਿੱਛੋਂ ਕੁੱਝ ਖਾਊਂਗਾ ਮੈਂ, ਭਗਤ ਆਖਦਾ ਪਿਆ ਭਗਵਾਨ ਤਾਈ,

ਰੋਟੀ ਮੱਕੀ ਦੀ ਸਰੋਂ ਦਾ ਸਾਗ ਧਰ ਕੇ, ਦਿੰਦਾ ਖਾਣ ਨੂੰ ਨਾਲ ਅਚਾਰ ਉਸ ਨੂੰ।

ਧੰਨੇ ਭਗਤ ਦੀ………………………………………………..।

ਮਿੰਨਤਾਂ ਨਾਲ ਨਾ ਬਣੀ ਜਦ ਗੱਲ ਕੋਈ, ਜੱਟ ਆਪਣੀ ਅੜੀ ‘ਤੇ ਆਉਣ ਲੱਗਾ,

ਤੈਨੂੰ ਭਗਤ ਦੇ ਹੱਕ ਵਿਚ ਭੁਗਤਨਾ ਪਊ, ਆਢਾ ਨਾਲ ਪਰਮੇਸ਼ਰ ਦੇ ਲਾਉਣ ਲੱਗਾ,

ਚੱਕ ਕਹੀ ‘ਤੇ ਪਾਣੀ ਦੇ ਮੋੜ ਨੱਕੇ, ਨਾਲੇ ਆਖਦਾ ਗਊਆਂ ਵੀ ਚਾਰ ਵੀ ਉਸ ਨੂੰ।

ਧੰਨੇ ਭਗਤ ਦੀ…………………………………………………।

ਆਖ਼ਿਰ ਸਬਰ ਸੰਤੋਖ ਦੀ ਜਿੱਤ ਹੋਈ, ਹਾਰ ਮੰਨ ਲਈ ਪ੍ਰਭੂ ਨੇ ਪਿਆਰ ਅੱਗੇ,

ਸੱਚੀ ਲਗਨ ਨੂੰ ਲੱਗਿਆ ਫ਼ਲ ਮਿੱਠਾ, ਆਣ ਖੜ੍ਹ ਗਿਆ ਜਦੋਂ ਨਿਰੰਕਾਰ ਅੱਗੇ,

ਅੰਗ ਸੰਗ ਉਹ ਭਗਤ ਪਿਆਰਿਆਂ ਦੇ, ਵਿੱਚੋਹਲਾ’ ਸਮਝਦਾ ਦੂਰ ਸੰਸਾਰ ਉਸ ਨੂੰ।

ਧੰਨੇ ਭਗਤ ਦੀ ਸਾਰੇ ਧੰਨ ਧੰਨ ਹੋ ਗਈ, ਦਿੱਤੇ ਰੱਬ ਨੇ ਸੀ ਜਦੋਂ ਦੀਦਾਰ ਉਸ ਨੂੰ।

Ramesh Bagga

ਰਮੇਸ਼ ਬੱਗਾ ਚੋਹਲਾ        

ਰਿਸ਼ੀ ਨਗਰ ਐਕਸਟੈਨਸ਼ਨ

(ਲੁਧਿਆਣਾ) ਮੋਬ:9463132719

Check Also

ਸੱਚਾ ਇਨਸਾਨ

ਨਾ ਡਾਕਟਰ, ਨਾ ਇੰਜੀਨੀਅਰ, ਨਾ ਵਿਦਵਾਨ ਬਣਨ ਦੀ ਨਾ ਹਿੰਦੂ, ਨਾ ਸਿੱਖ, ਨਾ ਮੁਸਲਮਾਨ ਬਣਨ …

Leave a Reply