Monday, July 8, 2024

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿਚ ਸਮਾਈਲ-2 ਸਕੀਮ ਦਾ ਆਗਾਜ਼

DC Mr. Ravi Bhagat

ਅੰਮ੍ਰਿਤਸਰ, 1 ਜਨਵਰੀ (ਗੁਰਚਰਨ ਸਿੰਘ)- ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਅੱਜ ਜ਼ਿਲ੍ਹੇ ਅੰਦਰ ਸਮਾਈਲ-2 ਸਕੀਮ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਇਸ ਸਕੀਮ ਤਹਿਤ ਲਾਪਤਾ ਅਤੇ ਬੇਸਹਾਰਾ ਬੱਚਿਆਂ ਦੀ ਸੰਭਾਲ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਬਣਾਈ ਗਈ ਟੀਮ ਵੱਲੋਂ ਇਨ੍ਹਾਂ ਬੱਚਿਆਂ ਦਾ ਸੁਰੱਖਿਆ, ਸੰਭਾਲ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਮਿਲਾਉਣ ਦੇ ਉਪਰਾਲੇ ਕੀਤੇ ਜਾਣਗੇ।
ਸ੍ਰੀ ਭਗਤ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਲਾਪਤਾ ਤੇ ਬੇਸਹਾਰਾ ਬੱਚਿਆਂ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਇਸ ਸਬੰਧੀ ਚਲਾਈ ਗਈ ਵਿਸ਼ੇਸ਼ ਚਾਈਲਡ ਹੈਲਪ ਲਾਈਨ ਨੰ: 1098 ‘ਤੇ ਸੰਪਰਕ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ ਇਸ ਸਕੀਮ ਦੇ ਨੋਡਲ ਅਧਿਕਾਰੀ ਹੋਣਗੇ ਜਦਕਿ ਐਸ ਐਸ ਪੀ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਵਧੀਕ ਕਿਰਤ ਕਮਿਸ਼ਨਰ ਅਤੇ ਵੱਖ-ਵੱਖ ਗੈਰ-ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ ਗਠਿਤ ਕੀਤੀ ਇਸ ਕਮੇਟੀ ਦੇ ਮੈਂਬਰ ਹੋਣਗੇ। ਉਨ੍ਹਾਂ ਦੱਸਿਆ ਕਿ ‘ਸਮਾਈਲ-2’ ਤਹਿਤ ਅਜਿਹੇ ਬੱਚਿਆਂ ਦੇ ਮੈਡੀਕਲ ਲਈ ਵਿਸ਼ੇਸ਼ ਟੀਮ ਦਾ ਵੀ ਗਠਨ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਪਤਾ ਤੇ ਬੇਸਹਾਰਾ ਬੱਚਿਆਂ ਨੂੰ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅਤੇ ਸਹਾਰਾ ਸ਼ਾਰਟ ਸਟੇਅ ਵਿਖੇ ਰੱਖਿਆ ਜਾਵੇਗਾ ਜਿਥੇ ਕਿ ਇਨ੍ਹਾਂ ਬੱਚਿਆਂ ਦੀ ਸੁਰੱਖਿਆ ਦੇ ਵੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਬੱਚੇ ਮਿਲਣ ‘ਤੇ ਸਬੰਧਤ ਅਧਿਕਾਰੀਆਂ ਜਾਂ ਹੈਲਪ ਲਾਈਨ ‘ਤੇ ਜਾਣਕਾਰੀ ਜ਼ਰੂਰ ਦਿੱਤੀ ਜਾਵੇ ਤਾਂ ਜੋ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲਾਇਆ ਜਾ ਸਕੇ। ਇਥੇ ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਇਸ ਕਮੇਟੀ ਦੇ ਚੇਅਰਮੈਨ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply