Monday, July 8, 2024

ਮੁੱਖ ਮੰਤਰੀ ਨੇ ‘ਪੰਜਾਬ ਸਟੇਟ ਵਾਰ ਹੀਰੋਜ਼ ਐਂਡ ਮਿਊਜ਼ਿਅਮ’ ਦੀ ਕਾਰਜਕਾਰੀ ਕਮੇਟੀ ਨੂੰ ਨਿਯਮਤ ਮੀਟਿੰਗਾਂ ਕਰਨ ਲਈ ਆਖਿਆ

PPN1101201614ਅੰਮ੍ਰਿਤਸਰ, 11 ਜਨਵਰੀ (ਗੁਰਚਰਨ ਸਿੰਘ)- ਦੇਸ਼ ਵਿਚ ਆਪਣੀ ਕਿਸਮ ਦਾ ਬਣਾਇਆ ਜਾ ਰਿਹਾ ਪਹਿਲਾ ‘ਪੰਜਾਬ ਸਟੇਟ ਵਾਰ ਹੀਰੋਜ਼ ਐਂਡ ਮਿਊਜ਼ਿਅਮ’ ਨਾਂ ਦਾ ਪ੍ਰਾਜੈਕਟ ਇਸ ਸਾਲ ਦੇਸ਼ ਨੂੰ ਸਮਰਪਿਤ ਕਰਨ ਦੇ ਲਈ ਇਸ ਦੇ ਚੱਲ ਰਹੇ ਕੰਮ ਵਿਚ ਤੇਜ਼ੀ ਲਿਆਉਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਸ ਪ੍ਰਾਜੈਕਟ ਦੀ ਕਾਰਜਕਾਰੀ ਕਮੇਟੀ ਨੂੰ ਇਸ ਪ੍ਰਾਜੈਕਟ ਦੀ ਰੋਜ਼ਮਰਾ ਦੀ ਪ੍ਰਗਤੀ ਉਤੇ ਨਿਗਰਾਨੀ ਰੱਖਣ ਲਈ ਅੰਮ੍ਰਿਤਸਰ ਵਿਖੇ ਨਿਯਮਤ ਤੌਰ ‘ਤੇ ਮੀਟਿੰਗਾਂ ਕਰਨ ਲਈ ਆਖਿਆ ਹੈ।  ਅੱਜ ਸਵੇਰੇ ਬਚਤ ਭਵਨ ਵਿਖੇ ‘ਪੰਜਾਬ ਸਟੇਟ ਵਾਰ ਹੀਰੋਜ਼ ਐਂਡ ਮਿਊਜ਼ਿਅਮ’ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਪ੍ਰਾਜੈਕਟ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਇਹ ਪ੍ਰਾਜੈਕਟ ਜਲਦੀ ਤੋਂ ਜਲਦੀ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਯਕੀਨੀ ਬਣਾਉਣ ਵਾਸਤੇ ਆਖਿਆ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਜੋ ਕਿ ਸਾਡੇ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਹਥਿਆਰਬੰਦ ਫੌਜਾਂ ਦੇ ਮਹਾਨ ਕੁਰਬਾਨੀਆਂ ਦੇਣ ਵਾਲੇ ਨਾਇਕਾਂ ਦੀ ਬਹਾਦਰੀ ਨੂੰ ਮੂਰਤੀਮਾਨ ਕਰੇਗਾ। ਸ. ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ ਨਿਯਮਤ ਤੌਰ ‘ਤੇ ਕਾਰਜਕਾਰੀ ਕਮੇਟੀ ਦੀ ਮੀਟਿੰਗ ਕਰਵਾਉਣ ਦਾ ਉਦੇਸ਼ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਵਾਉਣ ਲਈ ਵਧੀਆ ਤਾਲਮੇਲ ਅਤੇ ਨਿਗਰਾਨੀ ਨੂੰ ਯਕੀਨੀ ਬਣਾਉਣਾ ਹੈ।
ਮੁੱਖ ਮੰਤਰੀ ਨੇ ਵੱਖ ਵੱਖ ਜੰਗਾਂ ਨਾਲ ਸਬੰਧਤ ਸਹੀ ਤੱਥਾਂ ਨੂੰ ਪੇਸ਼ ਕਰਨ ਦੀ ਜ਼ਰੂਰਤ ‘ਤੇ ਜੋਰ ਦਿੱਤਾ ਜਿਨ੍ਹਾਂ ਨੂੰ ਉਸਾਰੀਆਂ ਜਾ ਰਹੀਆਂ ਗੈਲਰੀਆਂ ਵਿਚ ਮੂਰਤੀਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਉੱਘੇ ਇਤਿਹਾਸਕਾਰਾਂ ਦੀਆਂ ਸੇਵਾਵਾਂ ਲਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਸਹੀ ਤੱਥਾਂ ਦੀ ਪੇਸ਼ਕਾਰੀ ਹੋ ਸਕੇ। ਸ. ਬਾਦਲ ਨੇ ਉਸਾਰੀਆਂ ਜਾ ਰਹੀਆਂ ਗੈਲਰੀਆਂ ਦੇ ਲਈ ਇਤਿਹਾਸਕਾਰਾਂ ਅਤੇ ਮਾਹਰਾਂ ਦੀ ਇਕ ਵੱਖਰੀ ਕਮੇਟੀ ਗਠਿਤ ਕਰਨ ਦਾ ਸੁਝਾਅ ਵੀ ਦਿੱਤਾ।
ਮੁੱਖ ਮੰਤਰੀ ਨੂੰ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਤਕਰੀਬਨ 5.50 ਕਰੋੜ ਰੁਪਏ ਦੀ ਲਾਗਤ ਨਾਲ ਯਾਦਗਾਰ ਵਿਚ ਇਕ ਸ਼ਾਨਦਾਰ 45 ਮੀਟਰ ਉੱਚੀ ਤਲਵਾਰ ਸਥਾਪਤ ਕੀਤੀ ਜਾਵੇਗੀ ਜੋ ਕਿ ਇਸ ਪ੍ਰਾਜੈਕਟ ਦੀ ਜਾਨ ਹੋਵੇਗੀ। ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਇਹ ਤਲਵਾਰ ਮਿਆਰੀ ਸਟੀਲ ਨਾਲ ਬਣਾਈ ਜਾ ਰਹੀ ਹੈ ਜਿਸ ਉਤੇ ਮੌਸਮ ਦੀਆਂ ਵਿਪਰੀਤ ਹਾਲਤਾਂ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੋਵੇਗੀ।
ਇਸੇ ਦੌਰਾਨ ਅੱਜ ਗਵਰਨਿੰਗ ਕੌਂਸਲ ਨੇ ਕਈ ਮਹੱਤਵਪੂਰਨ ਫੈਸਲੇ ਲਏ ਜਿਨ੍ਹਾਂ ਵਿਚ ਪੰਜਾਬ ਸਟੇਟ ਵਾਰ ਹੀਰੋਜ਼ ਐਂਡ ਮਿਊਜ਼ਿਅਮ ਫਾਉਂਡੇਸ਼ਨ ਸਥਾਪਤ ਕਰਨਾ ਵੀ ਸ਼ਾਮਲ ਹੈ ਜੋ ਕਿ ਇਸ ਪ੍ਰਾਜੈਕਟ ਨੂੰ ਵਧੀਆ ਤਰੀਕੇ ਨਾਲ ਚਲਾਵੇਗੀ। ਕੌਂਸਲ ਨੇ ਇਸ ਪ੍ਰਾਜੈਕਟ ਨੂੰ ਸਵੈ-ਨਿਰਭਰ ਬਣਾਉਣ ਲਈ 10 ਕਰੋੜ ਰੁਪਏ ਦਾ ਕਾਰਪਸ ਫੰਡ ਪੈਦਾ ਕਰਨ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ। ਸੂਬਾ ਸਰਕਾਰ ਇਹ ਫੰਡ ਪੈਦਾ ਕਰਨ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਏਗੀ ਜੋ ਕਿ ਪ੍ਰਾਜੈਕਟ ਦੇ ਰੋਜ਼ਮਰਾ ਦੇ ਖਰਚੇ ਅਤੇ ਸਟਾਫ ਦੀਆਂ ਤਨਖਾਹਾਂ ਦੇਣ ਲਈ ਆਮਦਨ ਜੁਟਾਉਣ ਵਿਚ ਮਦਦ ਦੇਵੇਗਾ।
ਕੌਂਸਲ ਨੇ ਇਸ ਦੇ ਵਾਸਤੇ 60 ਮੈਂਬਰਾਂ ਦਾ ਸਟਾਫ ਨਿਯੁਕਤ ਕਰਨ ਲਈ ਸਹਿਮਤੀ ਦੇ ਦਿੱਤੀ ਹੈ ਜਿਸ ਵਿਚ 36 ਸੁਰੱਖਿਆ ਮੁਲਾਜ਼ਮ ਵੀ ਹਨ ਜੋ ਕਿ ਪੈਸਕੋ ਤੋਂ ਲਏ ਜਾਣਗੇ। ਇਸੇ ਤਰ੍ਹਾਂ ਹੀ ਇਹ ਵੀ ਫੈਸਲਾ ਕੀਤਾ ਗਿਆ ਕਿ ਸਿਵਲ ਕੰਮਾਂ ਦੇ ਰੱਖ-ਰਖਾਓ ਦਾ ਕੰਮ ਕਿਸੇ ਇਕ ਏਜੰਸੀ ਦੇ ਰਾਹੀਂ ਆਊਟਸੋਰਸ ਕੀਤਾ ਜਾਵੇ। ਇਸੇ ਦੌਰਾਨ ਇਤਿਹਾਸਕਾਰਾਂ ਅਤੇ ਮਾਹਿਰਾਂ ਦੀ ਨੌ ਮੈਂਬਰਾਂ ਦੀ ਕਮੇਟੀ ਗਠਿਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਜੋ ਕਿ ਉਸਾਰੀਆਂ ਜਾ ਰਹੀਆਂ ਗੈਲਰੀਆਂ ਵਿਚ ਸਹੀ ਇਤਿਹਾਸ ਨੂੰ ਪੇਸ਼ ਕਰਨ ਨੂੰ ਯਕੀਨੀ ਬਣਾਏਗੀ।
ਇਸ ਮੌਕੇ ਹਾਜ਼ਰ ਹੋਰਨਾਂ ਵਿਚ ਮੁੱਖ ਸੰਸਦੀ ਸਕੱਤਰ ਪ੍ਰੋ. ਵਿਰਸਾ ਸਿੰਘ ਵਲਟੋਹਾ, ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ, ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਮੇਜਰ ਜਨਰਲ (ਸੇਵਾ ਮੁਕਤ) ਬੀ.ਐਸ. ਧਾਲੀਵਾਲ, ਵਿਸ਼ੇਸ਼ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ੍ਰੀ ਕੇ.ਜੇ.ਐਸ. ਚੀਮਾ, ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਏ.ਐਸ. ਬਰਾੜ, ਡਾਇਰੈਕਟਰ ਸੈਨਿਕ ਭਲਾਈ ਬ੍ਰਿਗੇਡੀਅਰ ਜੇ.ਐਸ. ਅਰੋੜਾ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਕਮਿਸ਼ਨਰ ਪੁਲਿਸ ਸ੍ਰੀ ਜਤਿੰਦਰ ਸਿੰਘ ਔਲਖ, ਚੀਫ ਆਰਕੀਟੈਕਟ ਪੰਜਾਬ ਸਪਨਾ, ਡਾਇਰੈਕਟਰ ਸਭਿਆਚਾਰਕ ਮਾਮਲੇ ਸ੍ਰੀ ਐਨ.ਐਸ. ਰੰਧਾਵਾ, ਡਿਪਟੀ ਡਾਇਰੈਕਟਰ ਸੈਨਿਕ ਭਲਾਈ ਕਰਨਲ ਜੀ.ਜੇ.ਐਸ ਗਿੱਲ, ਜਨਰਲ ਆਫਿਸਰ ਕਮਾਂਡਿੰਗ 15 ਡਵੀਜ਼ਨ ਮੇਜਰ ਜਨਰਲ ਐਸ. ਥਾਪਾ, ਬ੍ਰਿਗੇਡੀਅਰ ਪਵਨ ਪਾਲ ਸਿੰਘ, ਪ੍ਰਾਜੈਕਟ ਸਲਾਹਕਾਰ ਮੇਜਰ ਜਨਰਲ (ਸੇਵਾ ਮੁਕਤ) ਰਾਜ ਮਹਿਤਾ, ਲੈਫਟੀਨੈਂਟ ਜਨਰਲ (ਸੇਵਾ ਮੁਕਤ) ਕੁਲਦੀਪ ਸਿੰਘ, ਲੈਫਟੀਨੈਂਟ ਜਨਰਲ (ਸੇਵਾ ਮੁਕਤ) ਐਚ.ਆਰ.ਐਸ ਮਾਨ ਅਤੇ ਸਹਾਇਕ ਕਮਿਸ਼ਨਰ ਪ੍ਰਿਯਾ ਸ਼ਾਮਲ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply