Sunday, December 22, 2024

ਪੰਜ ਸਿੰਘ ਸਾਹਿਬਾਨ ਦੀ ਇਕਤਰਤਾ 6 ਫਰਵਰੀ ਨੂੰ

ਕੀ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਦਿੱਤਾ ਜਾਵੇਗਾ?

220px-Nanakshahi_Calendar_542

ਅੰਮ੍ਰਿਤਸਰ, 3 ਫਰਵਰੀ (ਨਰਿੰਦਰ ਪਾਲ ਸਿੰਘ)
ਸਿੱਖ ਕੌਮ ਵਿਚ ਮੌਜੂਦਾ ਪ੍ਰਚਲਤ ਨਾਨਕਸ਼ਾਹੀ ਕੈਲੰਡਰ ਵਿੱਚ ਕਿਸੇ ਵੀ ਸੰਭਾਵੀ ਸੋਧ ਤੇ ਵਿਚਾਰ ਲਈ ਪੰਜ ਸਿੰਘ ਸਾਹਿਬਾਨ ਦੀ 6 ਫਰਵਰੀ ਨੂੰ ਹੋ ਰਹੀ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਵਿਚ ਸਾਲ 2003 ਵਿਚ ਲਾਗੂ ਕੀਤੇ ਗਏ ਸੂਰਜੀ ਪ੍ਰਣਾਲੀ ਤੇ ਅਧਾਰਿਤ ਨਾਨਕਸ਼ਾਹੀ ਕੈਲੰਡਰ ਦਾ ਪੂਰੀ ਤਰ੍ਹਾਂ ਭੋਗ ਪੈ ਜਾਵੇਗਾ ? ਇਹ ਚਰਚਾ ਸਿੱਖ ਰਾਜਸੀ ਗਲਿਆਰਿਆਂ ਵਿੱਚ  ਸ਼ੁਰੂ ਹੋ ਗਈ ਹੈ।ਇਕ ਪ੍ਰਵਾਸੀ ਸਿੱਖ ਸ੍ਰ ਪਾਲ ਸਿੰਘ ਪੁਰੇਵਾਲ ਦੁਆਰਾ ਤਿਆਰ ਕੀਤੇ ਗਏ, ਸੂਰਜੀ ਪ੍ਰਣਾਲੀ ਤੇ ਅਧਾਰਿਤ ਨਾਨਕਸ਼ਾਹੀ ਕੈਲੰਡਰ ਦੇ ਇਤਿਹਾਸ ਤੇ ਗੌਰ ਕੀਤਾ ਜਾਵੇ ਤਾਂ ਤਕਰੀਬਨ ਇਕ ਦਹਾਕੇ ਦੀ ਸਖਤ ਮਿਹਨਤ ਤੇ ਵੱਖ ਵੱਖ ਸਿੱਖ ਸੰਸਥਾਵਾਂ, ਸਿੱਖ ਇਤਿਹਾਸ ਤੇ ਕੈਲੰਡਰ ਮਾਹਿਰਾਂ ਦੀ ਰਾਏ ਉਪਰੰਤ ਤਿਆਰ ਇਸ ਕੈਲੰਡਰ ਨੂੰ ਹਰ ਪੜਾਅ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਤੇ ਜਨਰਲ ਹਾਊਸ ਨੇ ਆਪਣੀ ਪ੍ਰਵਾਨਗੀ ਦਿੱਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਬਾਅਦ ਹੀ 13 ਅਪ੍ਰੈਲ 2003  ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਰਲੀਜ ਕੀਤਾ ਗਿਆ ।ਤਕਰੀਬਨ 7 ਸਾਲ ਸ਼੍ਰੋਮਣੀ ਕਮੇਟੀ ਸਮੇਤ ਦੇਸ਼-ਵਿਦੇਸ਼  ਦੀਆਂ  ਵੱਖ ਵੱਖ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਇਸ ਨਾਨਕਸ਼ਾਹੀ ਕੈਲੰਡਰ ਦੀ ਹੂਬਹੂ ਪਾਲਣਾ ਕੀਤੀ ।ਸਾਲ 2009 ਵਿਚ ਬੰਦੀਛੋੜ ਦਿਵਸ ਤੋਂ ਕੁਝ ਦਿਨ ਪਹਿਲਾਂ ਹੀ ਇਸ ਕੈਲੰਡਰ ਵਿਚਲੀਆਂ ‘ਤਰੁਟੀਆਂ’ਦੀ ਸੋਧ ਦੇ ਨਾਮ ਤੇ ਪੰਜ ਸਿੰਘ ਸਾਹਿਬਾਨ ਦੀ ਹੰਗਾਮੀ ਇਕਤਰਤਾ ਹੋਈ ਲੇਕਿਨ ਮੀਡੀਆ ਨੂੰ ਇਸਦੀ ਭਿਣਕ ਪੈ ਜਾਣ ਤੇ ਦੇਸ਼-ਵਿਦੇਸ਼ ਦੀਆਂ ਵੱਖ ਵੱਖ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਕਮੇਟੀਆਂ ਦੁਆਰਾ ਇਤਰਾਜ ਜਿਤਾਏ ਜਾਣ ਤੇ ਇਹ ਸੋਧ ਕੁਝ ਸਮੇਂ ਲਈ ਅੱਗੇ ਪਾ ਦਿੱਤੀ ਗਈ । ਆਖਿਰ ਸ਼੍ਰੋਮਣੀ ਅਕਾਲੀ ਦਲ ਦੀ ਸ਼ਹਿ ਪ੍ਰਾਪਤ ਸੰਤ ਸਮਾਜ ਦੇ ਦਬਾਅ ਅੱਗੇ ਬੇਬੱਸ ਹੁੰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕੈਲੰਡਰ ਵਿਚ ਸੋਧ ਦਾ ਮਾਮਲਾ ਸ਼੍ਰੋਮਣੀ ਕਮੇਟੀ ਨੂੰ ਸੌਪ ਦਿੱਤਾ ।ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਵੀ ਆਪਣੇ ਰਾਜਸੀ ਅਕਾਵਾਂ ਦਾ ਹੁਕਮ ਮੰਨਦਿਆਂ 72 ਘੰਟੇ ਦੇ ਨੋਟਿਸ ਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਇਕਤਰਤਾ ਬੁਲਾਕੇ ਕੈਲੰਡਰ ਵਿੱਚ ‘ਸੋਧਾਂ’ਕਰ ਦਿੱਤੀਆਂ । ਗਿਆਨੀ ਗੁਰਬਚਨ ਸਿੰਘ ਨੇ ਵੀ ਨਵਾਂ ਇਤਿਹਾਸ ਸਿਰਜਦਿਆਂ ਮਹਿਜ 18 ਘੰਟੇ ਦੇ ਅੰਦਰ ਹੀ ਕਮੇਟੀ ਦੁਆਰਾ ਕੀਤੀਆਂ ‘ਸੋਧਾਂ’ ਤੇ ਮੋਹਰ ਲਾ ਦਿੱਤੀ ।ਸਾਲ 2013 ਦੇ ਅਖੀਰਲੇ ਦਿਨਾਂ ਵਿਚ ਜਿਸ ਵੇਲੇ ਸਮੁਚਾ ਸਿੱਖ ਜਗਤ ਜੇਲ੍ਹਾਂ ਵਚ ਨਜਰਬੰਦ ਸਿੱਖਾਂ ਦੀ ਰਿਹਾਈ ਦੇ ਯਤਨਾਂ ਵਜੋਂ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁਖ ਹੜਤਾਲ ਦੀ ਹਮਾਇਤ ਕਰ ਰਿਹਾ ਸੀ ਤਾਂ ਸੰਤ ਸਮਾਜ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕੀਤੇ ਜਾਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਚੱਕਰ ਕੱਟ ਰਿਹਾ ਸੀ ।ਸੰਤ ਸਮਾਜ ਦੀ ਇਸ ਮੁਹਿੰਮ ਦਾ ਵਿਰੋਧ ਕਰਨ ਲਈ ਸਿੱਖ ਮਿਸ਼ਨਰੀ ਕਾਲਜਾਂ ਤੇ ਸੰਸਥਾਵਾਂ ਦੇ ਮੁਖੀ ਵੀ ਗਿਆਨੀ ਗੁਰਬਚਨ ਸਿੰਘ ਨੂੰ ਆਪਣਾ ਪੱਖ ਦੱਸ ਚੁਕੇ ਹਨ ।ਅਮਰੀਕਨ ਗੁਰਦੁਆਰਾ ਪ੍ਰਬੰਦਕ ਕਮੇਟੀ ,ਪਾਕਿਸਤਾਨ ਗੁਰਦੁਆਰਾ ਪ੍ਰਬੰਦਕ ਕਮੇਟੀ ਸਮੇਤ ਦੇਸ਼ ਵਿਦੇਸ਼ ਦੀਆਂ ਅਨਗਿਣਤ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਦਕ ਕਮੇਟੀਆਂ ਵੀ ਸੰਤ ਸਮਾਜ ਦੇ ਵਿਰੋਧ ਵਿਚ ਸਾਹਮਣੇ ਆ ਚੁਕੀਆਂ ਹਨ।
ਹੁਣ ਜਦ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਉਥੋਂ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦਰਮਿਆਨ ਵਿਵਾਦ ਕਿਸੇ ਹੱਲ ਦੀ ਉਡੀਕ ਵਿਚ ਹੈ ਤਾਂ 6 ਫਰਵਰੀ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ‘ਸੋਧ’ਲਈ ਪੰਜ ਸਿੰਘ ਸਾਹਿਬਾਨ ਦੀ ਅਚਨਚੇਤ ਇਕਤਰਤਾ ਬੁਲਾਏ ਜਾਣ ਨੂੰ ਸਿੱਖ  ਰਾਜਨੀਤੀ ਨੂੰ ਗੰਭੀਰਤਾ ਨਾਲ ਵੇਖਣ ਵਾਲੇ ,ਪ੍ਰਵਾਨ ਨਹੀ ਕਰ ਰਹੇ । ਉਨ੍ਹਾਂ ਦਾ  ਮੰਨਣਾਂ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਵਲੋਂ ਪਿਛਲੇ ਡੇਢ ਦਹਾਕੇ ਤੋਂ ਲਏ ਜਾਣ ਵਾਲੇ ਫੈਸਲੇ,ਜਿਆਦਾਤਰ ਬਾਦਲ ਦਲ ਦੇ ਵੋਟ ਬੈਂਕ ਨੂੰ ਮੁਖ ਰੱਖਕੇ ਲਏ ਗਏ ਹਨ।ਸ਼੍ਰੋਮਣੀ ਕਮੇਟੀ ਦੇ ਆਪਣੇ ਇਤਿਹਾਸ ਅਨੁਸਾਰ ਕੋਈ ਵੀ ਸੰਤ ਸਮਾਜ ਸ਼੍ਰੋਮਣੀ ਕਮੇਟੀ ਚੋਣਾਂ ਵਿਚ 4-5 ਸੀਟਾਂ ਤੋਂ ਵੱਧ ਹਾਸਲ ਨਹੀ ਕਰ ਸਕਿਆ ਜਦਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਦੀ ਅਗਵਾਈ ਵਾਲੇ ਸੰਤ ਸਮਾਜ ਨੁੰ  ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਦੀਆਂ 30 ਦਿੱਤੀਆਂ ਤੇ ਫਿਰ ਜਿਤਾਈਆਂ ਵੀ। ਸਿੱਖ ਰਾਜਨੀਤੀ ਦੇ ਇਨ੍ਹਾਂ ਜਾਣਕਾਰਾਂ ਦਾ ਕਹਿਣਾ ਹੈ ਕਿ ਇਹੀ ਸੰਤ ਸਮਾਜ ਸਾਲ 2011 ਤੋਂ ਸ਼ੁਰੂ ਹੋਕੇ ਬਾਦਲ ਦਲ ਦਾ ਧਾਰਮਿਕ ਤੇ ਰਾਜਨੀਤਕ ਵੋਟ ਬੈਂਕ ਮਜਬੂਤ ਕਰਨ ਲਈ ਪੰਜਾਬ ਵਿਧਾਨ ਸਭਾ ਚੋਣਾਂ 2012, ਦਿੱਲ਼ੀ ਕਮੇਟੀ ਅਤੇ ਦਿੱਲੀ ਵਿਧਾਨ ਸਭਾ ਚੋਣਾਂ 2013, ਵਿਚ ਸਰਗਰਮ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਇਸ ਸੰਤ ਸਮਾਜ ਨੇ ਪੰਜਾਬ ਦੀਆਂ ਕਈ ਗੈਰ ਬਾਦਲੀ ਸਿੱਖ ਜਥੇਬੰਦੀਆਂ ਦੇ ਪੰਜਾ ਤੇ ਇਸਤੋਂ ਬਾਹਰਲੇ ਸੂਬਿਆਂ ਵਿਚਲੇ ਪ੍ਰੋਗਰਾਮ ਠੁੱਸ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਈ ਹੈ । ਇਹ ਜਾਣਕਾਰ ਤਾਂ ਇਹ ਵੀ ਮੰਨਦੇ ਹਨ ਕਿ ਅਗਾਮੀ ਲੋਕ ਸਭਾ ਚੋਣਾਂ ਦੇ ਪਹਿਲਾਂ ਹੀ ਕਾਂਗਰਸੀ ਯੁਵਰਾਜ ਰਾਹੁਲ ਗਾਂਧੀ ਨੇ ਨਵੰਬਰ 84 ਦੇ ਸਿੱਖ ਕਤਲੇਆਮ ਬਾਰੇ ਬਿਆਨ ਦੇਕੇ ਬਾਦਲ ਦਲ ਨੁੰ ਇਕ ਅਹਿਮ ਮੁਦਾ ਦਿੱਤਾ ਸੀ ਜੋਕਿ ਬਾਦਲ ਦਲ ਲਈ ਵਰਦਾਨ ਵੀ ਸਾਬਤ ਹੋ ਸਕਦਾ ਹੈ ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਦੁਆਰਾ ਨਾਨਕਸ਼ਾਹੀ ਕੈਲੰਡਰ ਵਿਚ ਸੋਧ ਕਰਨੀ ਜਾਂ ਮੁਕੰਮਲ ਰੱਦ ਕਰ ਦੇਣ ਨਾਲ ਬਾਦਲ ਵਿਰੋਧੀ ਸਿੱਖ ਜਥੇਬੰਦੀਆਂ ਪਾਸ ਇਕ ਹੋਰ ਮੁੱਦਾ ਆ ਜਾਵੇਗਾ।ਕੁਝ ਸਿੱਖ ਚਿੰਤਕਾਂ ਤੇ ਸ਼੍ਰੋਮਣੀ ਕਮੇਟੀ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਨਾਨਕਸ਼ਾਹੀ ਕੈਲੰਡਰ ਵਿਚ ਕੋਈ ਵੀ ਸੰਭਾਵੀ ਸੋਧ ‘ਸਹਿਜਧਾਰੀ ਸਿੱਖ ਫੈਡਰੇਸ਼ਨ ਬਨਾਮ ਸ੍ਰੋਮਣੀ ਕਮੇਟੀ ਮਾਮਲੇ’ਵਿੱਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ ਕਿਉਂਕਿ ਨਾਨਕਸ਼ਾਹੀ ਕੈਲੰਡਰ ਵਿੱਚ ਸਾਲ 2010 ਤੇ ਹੁਣ ਇਕ ਵਾਰ ਫਿਰ ਕੋਈ ਸੋਧ ‘ਨੀਤੀਗਤ ਫੈਸਲਾ’ਹੀ ਮੰਨਿਆ ਜਾਵੇਗਾ ਜਿਸਦੀ ਕਮੇਟੀ ਦੇ ਐਸੇ ਹਾਲਾਤਾਂ ਵਿਚ ਇਜਾਜਤ ਨਹੀ ਹੈ ।ਸੰਤ ਸਮਾਜ ਦੇ ਕੁਝ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਬਾਦਲ ਦਲ ਵਲੋਂ ਕੁਝ ਸਮੇਂ ਤੋਂ ਅਣਗੋਲਿਆਂ ਕੀਤੇ ਜਾਣ ਤੋਂ ਨਰਾਜ ਹੋਕੇ ਸੰਤ ਸਮਾਜ ਨੇ ਇਸ ਸਟੇਜ ਤੇ ਨਾਨਕਸ਼ਾਹੀ ਕੈਲੰਡਰ ਦੀ ਸੋਧ ਦਾ ਮਾਮਲਾ ਉਠਾਇਆ ਹੈ ਤਾਂ ਜੋ ਬਾਦਲ ਦਲ ਨੂੰ ਆਪਣੀ ਹਸਤੀ ਦਾ ਅਹਿਸਾਸ ਕਰਵਾਇਆ ਜਾ ਸਕੇ।ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ੬ ਫਰਵਰੀ ਦੀ ਸਿੰਘ ਸਾਹਿਬਾਨ ਦੀ ਇਕਤਰਤਾ ਵਿਚ ਨਾਨਕਸਾਹੀ ਕੈਲਮਡਰ ਬਾਰੇ ਸੋਧ ਦੇ ਮਾਮਲੇ ਵਿਚ ਸਿਰਫ ਗੋਂਗਲੂਆਂ ਤੋਂ ਮਿੱਟੀ ਹੀ ਝਾੜੀ ਜਾਵੇਗੀ ਅਤੇ ਨਾਨਕਸ਼ਾਹੀ ਕੈਲੰਡਰ ਵਿਚ ‘ਸੋਧ’ ਅਗਾਮੀ ਲੋਕ ਸਭਾ ਚੋਣ ਬਾਅਦ ਹੀ ਹੋ ਸਕੇਗੀ ਲੇਕਿਨ ਫਿਲਹਾਲ ਸਾਨੁੰ ਸਭ ਨੂੰ ੬ ਫਰਵਰੀ ਦੀ ਸਿੰਘ ਸਾਹਿਬਾਨ ਦੀ ਇਕਤਰਤਾ ਦੇ ਫੈਸਲੇ ਦੀ ਉਡੀਕ ਕਰਨੀ ਹੀ ਪਵੇਗੀ।

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply