Monday, July 8, 2024

ਡਿਪਟੀ ਕਮਿਸ਼ਨਰ ਵੱਲੋ ਗਣਤੰਤਰ ਦਿਵਸ ਸਮਾਗਮ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

PPN1801201608
ਅੰਮ੍ਰਿਤਸਰ, 18 ਜਨਵਰੀ (ਗੁਰਚਰਨ ਸਿੰਘ) – ਗੁਰੂ ਨਾਨਕ ਸਟੇਡੀਅਮ ਵਿਖੇ 26 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਸਥਾਨਕ ਬੱਚਤ ਭਵਨ ਵਿਖੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ ਸਮਾਗਮ ਦੇ ਪ੍ਰਬੰਧਾਂ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਵੱਡੇ ਪੱਧਰ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਪਰੇਡ, ਪੀ. ਟੀ. ਸ਼ੋਅ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀਆਂ ਰਿਹਸਲਾਂ ਵੱਖ-ਵੱਖ ਥਾਵਾਂ ‘ਤੇ ਸ਼ੁਰੂ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ 21 ਅਤੇ 22 ਜਨਵਰੀ ਨੂੰ ਸਟੇਡੀਅਮ ਵਿੱਚ ਰਿਹਰਸਲਾਂ ਹੋਣਗੀਆਂ ਜਦਕਿ 23 ਜਨਵਰੀ ਨੂੰ ਫੁੱਲ ਡਰੈੱਸ ਰਿਹਰਸਲ ਹੋਵੇਗੀ। ਉਨ੍ਹਾਂ ਦੱਸਿਆ ਕਿ ਪਰੇਡ ਵਿਚ ਪੰਜਾਬ ਪੁਲਿਸ, ਹੋਮ ਗਾਰਡ, ਐਨ. ਸੀ. ਸੀ, ਸਕਾਊਟ ਅਤੇ ਗਰਲਜ਼ ਗਾਈਡਜ਼ ਆਦਿ ਦੀਆਂ ਵੱਖ-ਵੱਖ ਟੁਕੜੀਆਂ ਹਿੱਸਾ ਲੈ ਰਹੀਆਂ ਹਨ।ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣ ਵਾਲੀਆਂ 15 ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ।ਉਨ੍ਹਾਂ ਖਾਸ ਹਦਾਇਤ ਕੀਤੀ ਕਿ ਝਾਕੀਆਂ ਦੇ ਪ੍ਰਦਰਸ਼ਨ ਦੌਰਾਨ ਅੱਗ ਨਾਲ ਸਬੰਧਤ ਕਿਸੇ ਵੀ ਚੀਜ਼ ਦੀ ਵਰਤੋਂ ਨਾ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਮੌਕੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਦੇਸ਼ ਭਗਤੀ ਨਾਲ ਸਬੰਧਤ ਸੱਭਿਆਚਾਰਕ ਵੰਨਗੀਆਂ ਪੇਸ਼ ਕਰਨਗੀਆਂ। ਇਸ ਤੋਂ ਇਲਾਵਾ ਲੋੜਵੰਦਾਂ ਨੂੰ ਟਰਾਈਸਾਈਕਲ ਅਤੇ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਜਾਵੇਗੀ ਅਤੇ ਸੁਤੰਤਰਤਾ ਸੈਨਾਨੀਆਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਸਟੇਡੀਅਮ ਵਿਚ ਵੀ. ਆਈ. ਪੀਜ਼, ਮੀਡੀਆ ਅਤੇ ਆਮ ਲੋਕਾਂ ਦੇ ਬੈਠਣ ਲਈ ਵੱਖ-ਵੱਖ ਬਲਾਕ ਬਣਾਏ ਗਏ ਹਨ।ਇਸ ਤੋਂ ਇਲਾਵਾ ਸੁਰੱਖਿਆ ਅਤੇ ਸੁਚਾਰੂ ਟ੍ਰੈਫਿਕ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪ੍ਰੋਗਰਾਮ ਦੀ ਸਫਲਤਾ ਲਈ ਆਪਣੀਆਂ ਡਿਊਟੀਆਂ ਨੂੰ ਜਿੰਮੇਵਾਰੀ ਨਾਲ ਨਿਭਾਉਣ ਨੂੰ ਯਕੀਨੀ ਬਣਾਉਣ। ਇਸ ਮੌਕੇ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਹਰਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਤਜਿੰਦਰ ਪਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ, ਆਈ. ਏ. ਐਸ ਮੈਡਮ ਪ੍ਰੀਤੀ ਯਾਦਵ, ਸਹਾਇਕ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਐਸ. ਡੀ. ਐਮ ਸ੍ਰੀ ਰਾਜੇਸ਼ ਸ਼ਰਮਾ ਤੇ ਸ੍ਰੀ ਰੋਹਿਤ ਗੁਪਤਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply