Wednesday, July 3, 2024

ਗੁਰੂ ਨਗਰੀ ਦੇ ਲੋਕਾਂ ਨੂੰ ਮਿਲਣਗੀਆਂ ਵਿਕਸਤ ਮੁਲਕਾਂ ਵਾਲੀਆਂ ਸਹੂਲਤਾਂ – ਅਨਿਲ ਜੋਸ਼ੀ

PPN2202201609

ਅੰਮ੍ਰਿਤਸਰ, 22 ਫਰਵਰੀ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਗੁਰੂ ਨਗਰੀ ਅੰਮ੍ਰਿਤਸਰ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਇਥੋਂ ਦੇ ਲੋਕਾਂ ਨੂੰ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਸਿੰਗਾਪੁਰ ਵਰਗੇ ਵਿਕਸਤ ਮੁਲਕਾਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਪ੍ਰਗਟਾਵਾ ਪੰਜਾਬ ਦੇ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਵਿਧਾਨ ਸਭਾ ਹਲਕਾ ਉੱਤਰੀ ਦੇ ਵਾਰਡ ਨੰ:8 ਵਿਚ ਸਾਈਕਲਿੰਗ ਟਰੈਕ ਬਣਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ੍ਰੀ ਜੋਸ਼ੀ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਟਰੀਲੀਅਮ ਮਾਲ ਦੇ ਆਲੇ-ਦੁਆਲੇ ਬਣਾਇਆ ਜਾ ਰਿਹਾ ਕਰੀਬ 2 ਕਿਲੋਮੀਟਰ ਲੰਬਾ ਇਹ ਰੰਗ-ਬਿਰੰਗਾ ਟਰੈਕ ਡੇਢ-ਦੋ ਮਹੀਨੇ ਵਿਚ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸੜਕ ਲੋਕਾਂ ਦੀ ਸੈਰਗਾਹ ਹੈ ਅਤੇ ਮੁਕੰਮਲ ਹੋਣ ਤੋਂ ਬਾਅਦ ਇਥੇ ਪਾਰਕਿੰਗ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਥੇ ਲੋਕਾਂ ਦੇ ਬੈਠਣ ਤੋਂ ਇਲਾਵਾ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਪੌਦੇ ਲਗਾ ਕੇ ਹਰਿਆਵਲ ਪੱਟੀ ਵਿਕਸਤ ਕੀਤੀ ਜਾਵੇਗੀ, ਜਿਸ ਨਾਲ ਇਕ ਵੱਖਰਾ ਹੀ ਨਜ਼ਾਰਾ ਪੇਸ਼ ਹੋਵੇਗਾ।
ਸ੍ਰੀ ਜੋਸ਼ੀ ਨੇ ਕਿਹਾ ਕਿ ਜਿਥੇ ਅੰਮ੍ਰਿਤਸਰ ਦਾ ਵਿਕਾਸ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ ਉਥੇ ਸ਼ਹਿਰ ਦੀ ਸੁੰਦਰਤਾ ਵਿਚ ਹੋਰ ਵਾਧਾ ਕਰਨ ਲਈ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ ਹਨ, ਜਿਸ ਨਾਲ ਸੈਰ-ਸਪਾਟੇ ਨੂੰ ਹੋਰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸੇ ਤਹਿਤ ਕੰਪਨੀ ਬਾਗ ਵਿਖੇ ਸੰਗੀਤਮਈ ਫੁਹਾਰੇ ਲਗਾਏ ਜਾਣ ਤੋਂ ਇਲਾਵਾ ਅੰਮ੍ਰਿਤ ਨੰਦ ਬਾਗ ਵਿੱਚ ਲੇਜ਼ਰ ਸ਼ੋਅ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਗਾਂਧੀ ਗਰਾਊਂਡ ਨੂੰ ਅੰਤਰਰਾਸ਼ਟਰੀ ਪੱਧਰ ਦੇ ਸਟੇਡੀਅਮ ਦਾ ਰੂਪ ਦਿੱਤਾ ਜਾ ਰਿਹਾ ਹੈ, ਜਿਥੇ ਆਈ. ਪੀ. ਐਲ ਦੇ ਮੈਚ ਹੋਇਆ ਕਰਨਗੇ। ਇਸੇ ਤਰ੍ਹਾਂ ਕਮਿਊਨਿਟੀ ਹਾਲ ਦੇ ਨਿਰਮਾਣ ਤੋਂ ਇਲਾਵਾ ਸ਼ਹਿਰ ਦੇ ਸਾਰੇ ਪਾਰਕਾਂ ਦੀ ਸੁੰਦਰਤਾਂ ਵਧਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਬੱਚਿਆਂ ਦੇ ਝੂਲਿਆਂ ਤੋਂ ਇਲਾਵਾ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਵਿਕਾਸ ਅਤੇ ਸੁੰਦਰਤਾ ਵਧਾਉਣ ਲਈ ਤਿਆਰ ਕੀਤੇ ਬੁਨਿਆਦੀ ਢਾਂਚੇ ਨੂੰ ਸੰਭਾਲਿਆ ਜਾਵੇ, ਕਿਉਂਕਿ ਇਹ ਉਨ੍ਹਾਂ ਦੀ ਸਹੂਲਤ ਲਈ ਹੀ ਤਿਆਰ ਕੀਤਾ ਗਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਨਾਜਾਇਜ਼ ਕਬਜ਼ੇ ਨਾ ਕੀਤੇ ਜਾਣ ਅਤੇ ਥਾਂ-ਥਾਂ ਕੂੜਾ ਨਾ ਸੁੱਟਿਆ ਜਾਵੇ ਤਾਂ ਹੀ ਮਿਲ ਰਹੀਆਂ ਸਹੂਲਤਾਂ ਦਾ ਆਨੰਦ ਲਿਆ ਜਾ ਸਕਦਾ ਹੈ।
ਇਸ ਮੌਕੇ ਆਰ. ਪੀ ਸਿੰਘ ਮੈਣੀ, ਕੌਂਸਲਰ ਅਮਨ ਐਰੀ ਤੇ ਬਲਦੇਵ ਰਾਜ ਬੱਗਾ, ਮਾਨਵ ਤਨੇਜਾ, ਪ੍ਰਿਤਪਾਲ ਸਿੰਘ ਫ਼ੌਜੀ, ਅਮਨਦੀਪ ਚੰਦੀ, ਸ਼ਾਮ ਸੁੰਦਰ ਸ਼ਰਮਾ, ਕਪਿਲ ਸ਼ਰਮਾ, ਡਾ. ਸੁਭਾਸ਼ ਪੱਪੂ, ਅਮਰੀਸ਼ ਮਹਿਰਾ, ਰਾਕੇਸ਼ ਸ਼ਰਮਾ ਮਿੰਟੂ, ਅਨੁਜ ਭੰਡਾਰੀ, ਪੰਕਜ ਮਹਿਰਾ, ਅਜੇ ਮਹਿਰਾ, ਸੁਸ਼ੀਲ ਸ਼ਰਮਾ, ਸੌਰਵ ਕੱਕੜ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

 

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply