Sunday, June 30, 2024

ਫਸਲੀ ਵਿਭਿੰਨਤਾ ਲਿਆਉਣ ਲਈ ਸੂਬਾ ਸਰਕਾਰ ਕਰ ਰਹੀ ਹੈ ਬਾਗਬਾਨੀ ਨੂੰ ਉਤਸ਼ਾਹਤ

ਬਟਾਲਾ, 29 ਫਰਵਰੀ (ਨਰਿੰਦਰ ਸਿੰਘ ਬਰਨਾਲ)- ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ‘ਚੋਂ ਬਾਹਰ ਕੱਢ ਕੇ ਖੇਤੀ ਵਿਭਿੰਨਤਾ ਨੂੰ ਹੋਰ ਉਤਸ਼ਾਹਿਤ ਕਰਨ, ਸਬਜੀਆਂ ਦੇ ਨਿਰੰਤਰ ਵੱਧਦੇ ਭਾਅ ਅਤੇ ਰਸਾਇਨਿਕ ਖਾਦਾਂ ਦੀ ਹੋ ਰਹੀ ਅੰਨ੍ਹੇਵਾਹ ਵਰਤੋਂ ‘ਤੇ ਕਾਬੂ ਪਾਉਣ ਲਈ ਬਾਗਬਾਨੀ ਵਿਭਾਗ ਵੱਲੋਂ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ ਸ. ਕੁਲਦੀਪ ਸਿੰਘ ਬੱਲ ਨੇ ਦੱਸਿਆ ਕਿ ਲੋਕ ਹੌਲੀ-ਹੌਲੀ ਸਿਹਤ ਪ੍ਰਤੀ ਸੁਚੇਤ ਹੋ ਰਹੇ ਹਨ ਅਤੇ ਬਿਨਾ ਰਸਾਇਣਾਂ ਤੋਂ ਤਿਆਰ ਆਮ ਨਾਲੋਂ ਮਹਿੰਗੀ ਸਬਜੀ ਵੀ ਖ੍ਰੀਦਣ ਲਈ ਤਿਆਰ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਸਬਜੀਆਂ ਵਿਚ ਰਸਾਇਣਿਕ ਖਾਦਾਂ ਅਤੇ ਦਵਾਈਆਂ ਦੀ ਬੇਲੋੜੀ ਵਰਤੋਂ ਨਾਲ ਬੀਮਾਰੀਆਂ ਦੇ ਸ਼ਿਕਾਰ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ। ਇਸ ਲਈ ਜ਼ਿਲ੍ਹੇ ਅੰਦਰ ਲੋਕ ਖੁਦ ਸਬਜੀ ਲਗਾਉਣ ਨੂੰ ਤਰਜੀਹ ਦੇ ਰਹੇ ਹਨ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਘਰੇਲੂ ਬਗੀਚੀ ਵਿਚ ਸਬਜੀਆਂ ਦੀ ਵਿਉਤਬੰਦੀ ਕਰਕੇ ਹਰੇਕ ਪਰਿਵਾਰ ਆਪਣੀ ਖੁਦ ਦੀ ਪੈਦਾ ਕੀਤੀ ਕੀਟਨਾਸ਼ਕ ਰਹਿਤ ਅਤੇ ਤਾਜੀਆਂ ਸਬਜੀਆਂ ਦੀ ਲੋੜ ਪੂਰੀ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿਚ ਲੋਕਾਂ ਨੂੰ ਘਰੇਲੂ ਬਗੀਚੀ ਲਈ ਗਰਮੀਆਂ ਅਤੇ ਸਰਦੀਆਂ ਵਾਲੀਆਂ ਸਬਜੀਆਂ ਦੀਆਂ ਮਿੰਨੀ ਕਿੱਟਾਂ ਵੀ ਬਾਗਬਾਨੀ ਵਿਭਾਗ ਵੱਲੋਂ ਮੁਫਤ ਵੰਡੀਆਂ ਜਾਂਦੀਆਂ ਹਨ। ਸ. ਬੱਲ ਨੇ ਅੱਗੇ ਦੱਸਿਆ ਕਿ ਸਬਜੀਆਂ ਅਤੇ ਫਲਾਂ ਦੀ ਕਾਸ਼ਤ ਨੂੰ ਹੋਰ ਪ੍ਰਫੁਲਿਤ ਕਰਨ ਲਈ ਬਾਗਬਾਨੀ ਵਿਭਾਗ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਤਹਿਤ ਕਿਸਾਨਾਂ ਨੂੰ ਵਿਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਨਵਾਂ ਬਾਗ ਲਗਾਉਣ ਲਈ 30 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਬਜੀਆਂ ਵਿਚ ਵਰਤੋਂ ਯੋਗ ਸੰਦ ਜਿਵੇਂ ਕਿ ਰੋਟਰੀ ਵੀਡਰ, ਪਾਵਰ ਸਪਰੇ ਪੰਪ ਆਦਿ ਉੱਪਰ ਵੀ 40 ਫੀਸਦੀ ਸਬਸਿਡੀ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹਾਈਟੈੱਕ ਖੇਤੀ ਅਧੀਨ ਗਰੀਨ ਹਾਊਸ/ਪੋਲੀ ਹਾਊਸ ਵਿਚ ਸਬਜੀਆਂ ਅਤੇ ਫੁੱਲਾਂ ਦੀ ਕਾਸ਼ਤ ਕਰਨ ਲਈ ਪੋਲੀ ਹਾਊਸ ਉੱਪਰ ਆਉਾਂਦੇ ਰਚੇ ਉੱਪਰ ਵੀ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
ਡਿਪਟੀ ਡਾਇਰੈਕਟਰ ਸ. ਬੱਲ ਨੇ ਦੱਸਿਆ ਕਿ ਵਿਭਾਗ ਵੱਲੋਂ ਸਮੇਂ-ਸਮੇਂ ਬਾਗਬਾਨੀ ਫਸਲਾਂ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਜਿਵੇਂ ਕੀੜੇ-ਮਕੌੜੇ, ਬੀਮਾਰੀਆਂ ਆਦਿ ਦੀ ਰੋਕਥਾਮ ਲਈ ਪਿੰਡ ਪੱਧਰ ਤੇ ਕਿਸਾਨ ਸਿਖਲਾਈ ਕੈਂਪਾਂ ਦਾ ਆਯੋਜਨ ਕਰਕੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਮਧੂ-ਮੱਖੀ ਪਾਲਣ, ਖੁੰਬਾ ਦੀ ਕਾਸ਼ਤ, ਫੁੱਲਾਂ ਦੀ ਕਾਸ਼ਤ ਵਰਗੇ ਸਹਾਇਕ ਧੰਦਿਆਂ ਲਈ ਜ਼ਿੰਮੀਦਾਰਾਂ ਨੂੰ ਹੋਰ ਉਤਸ਼ਾਹਿਤ ਕੀਤਾ ਜਾਂਦਾ ਹੈ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply