Monday, July 1, 2024

12 ਵਾਂ ਵਿਰਾਸਤੀ ਮੇਲਾ ਸ਼ਾਨੋ ਸ਼ੌਕਤ ਨਾਲ ਹੋਇਆ ਸੰਪਨ-‘ਓਪੇਰਾ’ ਮਿਰਜ਼ਾ ਨੇ ਭਾਵੁਕ ਕੀਤੇ ਸਰੋਤੇ

PPN2902201605
ਬਠਿੰਡਾ, 29 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਉਂਡੇਸ਼ਨ (ਰਜਿ.) ਬਠਿੰਡਾ ਵੱਲੋ ਸੱਭਿਆਚਾਰਕ ਮੇਲਿਆ ਦੇ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ ਦੀ ਯਾਦ ਨੂੰ ਸਮਰਪਿਤ 3 ਰੋਜਾ ਵਿਰਾਸਤ ਮੇਲਾ ਸਾਨੋ ਸੋਕਤ ਨਾਲ ਐਤਵਾਰ ਦੇਰ ਰਾਤ ਅਮਿੱਟ ਯਾਦਾਂ ਛੱਡਦਾ ਹੋਇਆ ਸੰਪਨ ਹੋ ਗਿਆ। ਮੇਲੇ ਦਾ ਤੀਸਰਾ ਦਿਨ ਪੰਜਾਬੀ ਲੋਕ ਗਾਇਕ ਸਰਬਜੀਤ ਚੀਮਾ, ਮਲਵਈ ਗਿੱਧੇ, ਬਾਜੀਗਰਾਂ ਦੀ ਬਾਜ਼ੀ, ਪਹਿਲਵਾਨਾਂ ਦੇ ਘੋਲ, ਰੱਸਾ ਕਸ਼ੀ ਅਤੇ ਓਪੇਰਾ ਮਿਰਜਾ ” ਮਰਦਾ ਹੋਇਆ ਮਿਰਜਾ ਬੋਲ ਪਿਆ” ਦੇ ਨਾਮ ਰਿਹਾ। ਵਿਰਾਸਤੀ ਸਟੇਜ ਸ਼ੁਰੂ ਹੋਣ ਤੋਂ ਪਹਿਲਾ ਰੱਸਾ ਕਸ਼ੀ ਅਤੇ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ। ਬਾਜ਼ੀਗਰਾਂ ਦੀ ਬਾਜ਼ੀ ਵਿੱਚ ਕਲਾਂਕਾਰਾਂ ਨੇ ਵੱਖ ਵੱਖ ਤਰ੍ਹਾਂ ਦੇ ਰੋਗਟੇ ਖੜੇ ਕਰ ਦੇਣ ਵਾਲੇ ਕਰਤਵ ਦਖਾਏ। ਜਿਨ੍ਹਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਮੇਲੇ ਦੇ ਤੀਸਰੇ ਦਿਨ ਦੀ ਸ਼ੁਰੂਆਤ ਪੰਜਾਬ ਦੀ ਲੋਕ ਕਲਾ ਕਵੀਸਰੀ, ਢਾਡੀਆਂ ਦੀਆਂ ਵਾਰਾਂ ਅਤੇ ਲੋਕ ਸਾਜਾਂ ਦਾ ਸਮੇਲ ਮਲਵਈ ਗਿੱਧੇ ਦੀ ਪੇਸ਼ਕਾਰੀ ਨਾਲ ਹੋਈ ਜਿਸ ਨੂੰ ਵੱਡੀ ਉਮਰ ਦੇ ਲੋਕਾਂ ਨੇ ਨੂੰ ਬਹੁਤ ਪਸੰਦ ਕੀਤਾ। ਪੰਜਾਬੀ ਓਪੇਰਾ ਮਿਰਜਾ ਦੀ ਪੇਸ਼ਕਾਰੀ ਦੌਰਾਨ ਪੇਸ਼ ਕੀਤੇ ਗਏ ਸਟੰਟ ਨੇ ਕਮਜੋਰ ਦਿਲ ਵਾਲੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ। ਜਿੱਥੇ ਮਿਰਜੇ ਦੀ ਅਦਾਕਾਰੀ ਲੋਕਾਂ ਨੂੰ ਭਾਵੁਕ ਕਰਨ ਵਿੱਚ ਕਾਮਯਾਬ ਰਹੀ ਉੱਥੇ ਹੀ ਸਹਿਬਾਂ ਦੇ ਭਰਾਵਾਂ ਅਤੇ ਮੰਗੇਤਰ ਦੀ ਅਦਾਕਾਰੀ ਵੀ ਸ਼ਾਨਦਾਰ ਰਹੀ। ਜਿੱਥੇ ਮਹੰਤ ਗੁਰਬੰਤਾ ਦਾਸ ਨਰਸਿੰਗ ਕਾਲਜ ਦੀ ਮਲਵਈ ਗਿੱਧੇ ਦੀ ਟੀਮ ਨੇ ਸਮਾਜਿਕ ਬੁਰਾਈਆਂ, ਨਸ਼ਿਆਂ ਅਤੇ ਭਰੁਣ ਹੱਤਿਆ ਖਿਲਾਫ ਸੰਦੇਸ਼ ਦਿੰਦੇ ਹੋਏ ਮੁੱਖ ਸਟੇਜ਼ ਤੇ ਰੋਣਕ ਲਾਈ ਉੱਥੇ ਹੀ ਵਿਰਾਸਤੀ ਘਰਾਂ ‘ਚ ਚਲ ਰਹੇ ਗਿੱਧੇ ਅਤੇ ਭੰਗੜੇ ਦੀਆਂ ਟੋਲੀਆਂ ਦੀ ਪੇਸ਼ਕਾਰੀ ਨੂੰ ਨੌਜਵਾਨ ਲੜਕੇ, ਲੜਕੀਆਂ ਨੇ ਗਹੁ ਨਾਲ ਦੇਖਿਆ। ਵਿਰਾਸਤੀ ਪਹਿਰਾਵੇ ਵਿੱਚ ਸਜੀਆਂ ਮੁਟਿਆਰਾਂ ਬਲਦ ਗੱਡੀ ਅਤੇ ਡੋਲੀ ਵਿੱਚ ਬੈਠ ਕੇ ਸੈਲਫੀ ਕਰਦੀਆਂ ਵੇਖੀਆਂ ਗਈਆਂ । ਖੁੱਲ੍ਹੇ ਪੰਡਾਲ ਵਿੱਚ ਪੁਰਾਤਨ ਖੇਤੀ ਸੰਦਾ, ਘਰੇਲੂ ਵਸਤਾਂ, ਪੁਰਾਤਨ ਸਿੱਕੇ, ਵੱਖ ਵੱਖ ਦੇਸ਼ਾਂ ਦੀ ਕਰੰਸੀ, ਪੁਰਾਣੇ ਸਮੇਂ ਦੇ ਪੱਥਰ ਦੇ ਰਿਕਾਰਡ ਅਤੇ ਤਵੇ, ਗਰਾਮੋ ਫੋਨ ਅਤੇ ਪੁਰਾਤਨ ਰੇਡੀਓ, ਕਿਲ੍ਹਾ ਮੁਬਾਰਕ ਅਤੇ ਘੰਟਾ ਘਰ ਦੇ ਮਾਡਲਾਂ ਨੂੰ ਲੋਕਾਂ ਨੇ ਉਤਸੁਕਤਾ ਪੁਰਵਕ ਦੇਖਿਆ। ਵਿਦਿਆਰਥੀਆਂ ਵੱਲੋ ਚਲਾਈ ਜਾ ਰਹੀ ਸੰਸਥਾ ” ਰਹਿੰਦ ਖੁੰਦ ਤੋਂ ਤਿਆਰ ਕੀਤੇ ਸਜਾਵਟੀ ਸਮਾਨ ਦੀ ਸਟਾਲ ਉਪਰ ਵੀ ਲੋਕਾਂ ਦੀ ਭੀੜ ਵੇਖਣ ਨੂੰ ਮਿਲੀ ਅਤੇ ਗਰੀਬ ਅਨਪੜ ਬੱਚਿਆਂ ਦੀ ਭਲਾਈ ਹਿੱਤ ਕੀਤੇ ਜਾਣ ਵਾਲੇ ਕਾਰਜਾਂ ਨੂੰ ਸ਼ਲਾਘਾਯੋਗ ਦੱਸਿਆ।
ਸ਼ਾਮ ਸਮੇਂ ਮੁੱਖ ਸਟੇਜ਼ ਤੋਂ ਪੰਜਾਬ ਦੇ ਨਾਮੀ ਕਲਾਕਾਰਾਂ ਇੰਡੀਬਲਿੰਗ, ਗੁਰੀਕ ਬਾਠ, ਮੀਨੂੰ ਸਿੰਘ ਵੱਲੋ ਪੇਸ਼ ਕੀਤੇ ਪੰਜਾਬੀ ਲੋਕ ਗੀਤਾਂ ਨੂੰ ਨੌਜਵਾਨਾਂ ਨੇ ਬਹੁਤ ਪਸੰਦ ਕੀਤਾ। ਮੁੰਬਈ ਤੋਂ ਉਚੇਚੇ ਤੌਰ ਤੇ ਪਹੁੰਚੇ ਹਿੰਦੀ ਫਿਲਮਾਂ ਦੇ ਖਲਨਾਇਕ ਰਣਜੀਤ ਵੀ ਲੋਕਾਂ ਦੇ ਰੂ-ਬ-ਰੂ ਹੋਏ। ਪ੍ਰੋਗਰਾਮ ਦੇ ਅਖਿਰ ਵਿੱਚ ਪੰਜਾਬੀ ਲੋਕ ਗਾਇਕ ਸਰਬਜੀਤ ਚੀਮਾ ਨੇ ਖੂਬ ਰੋਣਕ ਲਾਈ ਅਤੇ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਸਮੁੱਚੇ ਪ੍ਰੋਗਰਾਮ ਦੌਰਾਨ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਬਠਿੰਡਾ, ਸ਼੍ਰੀਮਤੀ ਪਰਮਪਾਲ ਕੌਰ ਮਲੂਕਾ ਆਈ ਏ ਐਸ (ਵਧੀਕ ਡਿਪਟੀ ਕਮਿਸ਼ਨਰ ਬਠਿੰਡਾ), ਤਜਿੰਦਰ ਸਿੰਘ ਮਿੱਡੂ ਖੇੜਾ ਅਤੇ ਅਵਤਾਰ ਸਿੰਘ ਵਣਾਵਾਲੀ ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ। ਮੇਅਰ ਬਲਵੰਤ ਰਾਏ ਨਾਥ ਅਤੇ ਬੀ ਜੇ ਪੀ ਜਿਲ੍ਹਾ ਪ੍ਰਧਾਨ ਮੋਹਿਤ ਗੁਪਤਾ ਵੀ ਸਾਮਲ ਹੋਏ । ਮੁੱਖ ਮਹਿਮਾਨਾਂ ਵੱਲੋ ਭਾਗ ਲੈਣ ਵਾਲੇ ਸਾਰੇ ਕਲਾਕਾਰਾਂ ਅਤੇ ਹਰਵਿੰਦਰ ਸਿੰਘ ਖਾਲਸਾ ਪ੍ਰਧਾਨ ਅਤੇ ਫਾਉਂਡੇਸ਼ਨ ਦੀ ਟੀਮ ਵੱਲੋ ਮੁੱਖ ਮਹਿਮਾਨਾਂ ਨੂੰ ਸਨਮਾਨ ਦੇ ਕੇ ਨਿਵਾਜਿਆ ਗਿਆ।ਸੰਸਦੀ ਸਕੱਤਰ ਸਿੰਗਲਾ ਵੱਲੋ ਆਪਣੇ ਅਖਤਿਆਰੀ ਫੰਡ ਵਿੱਚੋ 5 ਲੱਖ, ਕੈਬਨਿਟ ਮੰਤਰੀ ਮਲੂਕਾ ਵੱਲੋ 2 ਲੱਖ ਅਤੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਮੋਹਿਤ ਗੁਪਤਾ ਵੱਲੋ ਕੈਬਨਿਟ ਮੰਤਰੀ ਜੋਸ਼ੀ ਦੇ ਕੋਟੇ ਵਿੱਚੋ 1 ਲੱਖ ਰੁਪਏ ਮਾਲਵਾ ਹੈਰੀਟੇਜ਼ ਅਤੇ ਸੱਭਿਚਾਰਕ ਫਾਉਂਡੇਸ਼ਨ ਨੂੰ ਦੇਣ ਦਾ ਐਲਾਨ ਕੀਤਾ ਗਿਆ। ਜਿਸ ਲਈ ਖਾਲਸਾ ਵੱਲੋ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਸਮੁੱਚੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਫਾਉਂਡੇਸ਼ਨ ਮੈਂਬਰਾਂ ਇੰਦਰਜੀਤ ਸਿੰਘ, ਡੀ ਸੀ ਸ਼ਰਮਾ, ਪਵਨ ਸ਼ਰਮਾ, ਚਮਕੌਰ ਮਾਨ, ਪਰਮਦੀਪ ਢਿੱਲੋ, ਬਲਜੀਤ ਸਿੰਘ ਬਰਾੜ, ਐਡਵੋਕੇਟ ਨਰਿੰਦਰਪਾਲ ਸਿੰਘ, ਗੁਰਅਵਤਾਰ ਗੋਗੀ, ਨੈਬ ਸਿੰਘ ਭੁੱਲਰ, ਬਲਵਿੰਦਰ ਭੋਲਾ, ਸੁਖਦੇਵ ਗਰੇਵਾਲ, ਬਲਦੇਵ ਚਹਿਲ, ਰੁਪਿੰਦਰ ਗੋਦਾਰਾ ਅਤੇ ਮਹਿੰਦਰਪਾਲ ਪ੍ਰਧਾਨ ਸਮੇਤ ਸਮੂਚੀ ਟੀਮ ਨੇ ਅਹਿਮ ਭੁਮਿਕਾ ਨਿਭਾਈ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply