ਪੱਤਰਕਾਰਾਂ ਦੀ ਸੁਰੱਖਿਆ ਪ੍ਰਤੀ ਗੰਭੀਰ ਹੋਵੇ ਸਰਕਾਰ- ਮਲਹੋਤਰਾ
ਜੰਡਿਆਲਾ ਗੁਰੂ, 6 ਮਈ (ਹਰਿੰਦਰਪਾਲ ਸਿੰਘ)- ਜੰਡਿਆਲਾ ਗੁਰੂ ਤੋਂ ਟੀ. ਵੀ ਚੈਨਲ ਦੇ ਇਕ ਪੱਤਰਕਾਰ ਦੀ ਦੁਕਾਨ ਉੱਪਰ ਦਿਨ ਦਿਹਾੜੇ ਹੋਏ ਹਮਲੇ ਦੀ ਨਿੰਦਾ ਕਰਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਜਾਰੀ ਇਕ ਪ੍ਰੈਸ ਨੋਟ ਵਿਚ ਕਿਹਾ ਕਿ ਗਰੀਬ, ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿਚ ਅਹਿਮ ਰੋਲ ਅਦਾ ਕਰਦੇ ਪੱਤਰਕਾਰ ਭਾਈਚਾਰੇ ਦੀ ਸੁਰੱਖਿਆ ਪ੍ਰਤੀ ਸਰਕਾਰ ਨੂੰ ਗੰਭੀਰ ਹੋਣਾ ਚਾਹੀਦਾ ਹੈ। ਉਹਨਾ ਕਿਹਾ ਕਿ ਪੱਤਰਕਾਰ ਭਾਈਚਾਰਾ ਜਾਨ ਹਥੇਲੀ ਤੇ ਧਰਕੇ ਸ਼ਹਿਰ ਵਿਚ ਹੁੰਦੇ ਜੁਲਮ, ਨਸ਼ਾ, ਅਤਿਆਚਾਰ, ਲੁੱਟ ਖੋਹ ਆਦਿ ਘਟਨਾਵਾਂ ਨੂੰ ਪ੍ਰਮੁੱਖਤਾ ਨਾਲ ਛਾਪ ਕੇ ਸਰਕਾਰ ਦੇ ਉੱਚ ਅਧਿਕਾਰੀਆਂ ਤੱਕ ਜਾਣਕਾਰੀ ਪਹੁੰਚਾਉਂਦਾ ਹੈ, ਪਰ ਕੁੱਝ ਸਮਾਜ ਵਿਰੋਧੀ ਅਨਸਰ ਸੱਚ ਦੀ ਆਵਾਜ਼ ਨੂੰ ਦਬਾਉਣ ਅਤੇ ਜੁਲਮ, ਨਸ਼ੇ, ਅਤਿਆਚਾਰ ਨੂੰ ਆਪਣੀ ਚੋਧਰ ਦੇ ਨਸ਼ੇ ਵਿਚ ਪ੍ਰਫੁੱਲਤ ਕਰਨ ਲਈ ਪੱਤਰਕਾਰਾਂ ਉੱਪਰ ਹਮਲੇ ਤੋਂ ਵੀ ਗੁਰੇਜ਼ ਨਹੀਂ ਕਰਦੇ ।ਅਜਿਹੀ ਹੀ ਇਕ ਘਟਨਾ ਜੰਡਿਆਲਾ ਗੁਰੂ ਤੋਂ ਟੀ.ਵੀ ਚੈਨਲ ਦੇ ਪੱਤਰਕਾਰ ਅਸ਼ਵਨੀ ਸ਼ਰਮਾ ਨਾਲ ਵਾਪਰੀ ਅਤੇ ਗੁੰਡਾ ਅਨਸਰਾਂ ਨੇ ਦਿਨ ਦਿਹਾੜੇ ਉਹਨਾ ਦੀ ਮੈਡੀਕਲ ਸਟੋਰ ਦੀ ਦੁਕਾਨ ਉੱਪਰ ਹਮਲਾ ਕਰ ਦਿੱਤਾ, ਪਰ ਪੱਤਰਕਾਰ ਭਾਈਚਾਰੇ ਦੀ ਇੱਕਮੁੱਠਤਾ ਨੇ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਸ਼ਹਿਰ ਦੇ ਮੋਹਤਬਰ ਵਿਅਕਤੀਆ ਦੀ ਹਾਜ਼ਰੀ ਵਿਚ ਗਲਤੀ ਦਾ ਅਹਿਸਾਸ ਕਰਨ ਤੋਂ ਬਾਅਦ ਪੁਲਿਸ ਨੂੰ ਦਿੱਤੀ ਦਰਖਾਸਤ ਵਾਪਿਸ ਲੈ ਕੇ ਖੁੱਲਦਿਲੀ ਦਾ ਸਬੂਤ ਦਿੱਤਾ ਹੈ, ਪਰ ਨਾਲ ਹੀ ਚੇਤਾਵਨੀ ਵੀ ਦਿੱਤੀ ਹੈ ਕਿ ਅਗਰ ਦੁਬਾਰਾ ਕਿਸੇ ਪੱਤਰਕਾਰ ਨਾਲ ਅਜਿਹੀ ਘਟਨਾ ਵਾਪਰਦੀ ਹੈ ਤਾਂ ਹਮਲਾਵਰ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇਗੀ।