”ਨੌਜਵਾਨ ਮਨ ਨੂੰ ਪੱਕਾ ਕਰਕੇ ਨਸ਼ਾ ਛੱਡਣ ਆਉਣ -ਫ਼ਾਰੂਕੀ”
ਅੰਮ੍ਰਿਤਸਰ, 16 ਮਈ (ਸੁਖਬੀਰ ਸਿੰਘ)- ਏ.ਪੀ.ਕੇ. ਐਫ਼ ਅੰਮ੍ਰਿਤਸਰ ਕੌਂਸਲ ਦੇ ਕਨਵੀਨਰ ਤੇ ਯੂਥ ਆਗੂ ਗੁਰਜੀਤ ਸਿੰਘ ਬਿੱਟੂ ਚੱਕਮੁਕੰਦ ਅਤੇ ਸਮਾਜ ਸੇਵਕ ਤਸਵੀਰ ਸਿੰਘ ਲਹੌਰੀਆ ਨੇ ਬੀਐਸਐਫ਼ ਹੈੱਡ ਕੁਆਟਰ ਖਾਸਾ ਵਿਖੇ ਬਾਰਡਰ ਰੇਂਜ ਦੇ ਡੀਆਈਜੀ ਐਮ.ਐਫ਼ ਫ਼ਾਰੂਕੀ ਨਾਲ ਮੁਲਾਕਾਤ ਕਰਨ ਮੌਕੇ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਦੇ ਸਕੱਤਰ ਸਤਵੀਰ ਸਿੰਘ ਅਤੇ ਬੀ.ਐਸ.ਐਫ਼ ਦੇ ਸਹਿਯੋਗ ਸਦਕਾ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਕੂਲਾਂ, ਕਾਲਜਾਂ ਵਿਚ ਜਾ ਕੇ ਨੌਜਵਾਨ ਵਿਦਿਆਰਥੀਆਂ ਨੂੰ ਨਸ਼ਿਆਂ ਕਾਰਨ ਹੋ ਰਹੇ ਸਰੀਰਕ, ਆਰਥਿਕ, ਮਾਨਸਿਕ, ਪਰਿਵਾਰਕ, ਸਮਾਜਿਕ ਨੁਕਸਾਨ ਬਾਰੇ ਜਾਣੂੰ ਕਰਵਾਇਆ ਜਾਵੇਗਾ ਅਤੇ ਨਸ਼ਿਆਂ ਨਾਲ ਕਿਸ ਤਰ੍ਹਾਂ ਘਰਾਂ ਦੀ ਬਰਬਾਦੀ ਹੋ ਰਹੀ ਹੈ ਉਨ੍ਹਾਂ ਦੀਆਂ ਉਦਾਹਰਣਾਂ ਦੇ ਕੇ ਨੌਜਵਾਨਾਂ ਦੇ ਮਨ ਅੰਦਰ ਡਰ ਬਿਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਗੁਰਸਿੱਖ ਨੌਜਵਾਨਾਂ ਦੀ ਫੈਡਰੇਸ਼ਨ ਕਾਇਮ ਕਰਕੇ ਨਸ਼ਾਂ ਵਿਰੋਧੀ ਮੁਹਿੰਮ ਨੂੰ ਹੋਰ ਵੱਡੇ ਪੱਧਰ ‘ਤੇ ਤੇਜ਼ ਕੀਤਾ ਜਾਵੇਗਾ ਤੇ ਜਿੱਥੇ ਜਿੱਥੇ ਵੀ ਨਸ਼ਿਆਂ ਵਿਚ ਲੱਗੇ ਤਸਕਰਾਂ ਵਿਰੁੱਧ ਪੁਲਿਸ ਪ੍ਰਸ਼ਾਸਨ ਵੱਲੋਂ ਢਿੱਲ ਮੱਠ ਮਹਿਸੂਸ ਹੋਵੇਗੀ ਉਥੇ ਹੀ ਅਸੀਂ ਖੁਦ ਜਾ ਕੇ ਰੋਸ ਪ੍ਰਦਰਸ਼ਨ ਕਰਾਂਗੇ ਤੇ ਇਸ ਸਬੰਧੀ ਅਗਲੇ ਹਫ਼ਤੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਪੰਜਾਬ ਪੁਲਿਸ ਨਾਲ ਫੈਡਰੇਸ਼ਨ ਮੁਲਾਕਾਤ ਵੀ ਕਰ ਰਹੀ ਹੈ। ਡੀਆਈਜੀ ਫ਼ਾਰੂਕੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਬੀਐਸਐਫ਼ ਕਾਫ਼ੀ ਸਾਰੇ ਨੌਜਵਾਨਾਂ ਦਾ ਇਲਾਜ ਕਰਵਾ ਚੁੱਕੀ ਹੈ ਤੇ ਉਹ ਕਾਫ਼ੀ ਹੱਦ ਤੱਕ ਸਫਲ ਵੀ ਹੋਏ ਹਨ। ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਵਾਲੇ ਨੌਜਵਾਨਾਂ ਵਾਸਤੇ ਇਹ ਜਰੂਰੀ ਹੈ ਕਿ ਉਹ ਸੈਂਟਰ ਵਿਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਮਨ ਨੂੰ ਪੱਕਾ ਕਰਕੇ ਜਰੂਰ ਆਉਣ ਤਾਂ ਕਿ ਸੈਂਟਰ ਵਿਚ ਭਰਤੀ ਹੋਣ ਉਪਰੰਤ ਇਲਾਜ ਵਿਚ ਕੋਈ ਮੁਸ਼ਕਿਲ ਨਾ ਆਵੇ। ਫ਼ਾਰੂਕੀ ਨੇ ਕਿਹਾ ਕਿ ਨਸ਼ੇ ਦੇ ਜਾਲ ‘ਚ ਫਸੇ ਨੌਜਵਾਨਾਂ ਦਾ ਨਸ਼ਾ ਛੁਡਾਉਣ ਲਈ ਹਰ ਪੱਖੋਂ ਮਦਦ ਕਰਾਂਗੇ ਤੇ ਇਸ ਮੁਹਿੰਮ ਨੂੰ ਗੁਰਜੀਤ ਸਿੰਘ ਬਿੱਟੂ ਚੱਕਮੁਕੰਦ ਤੇ ਡਾ. ਤਸਵੀਰ ਸਿੰਘ ਲਹੌਰੀਆ ਦੀ ਟੀਮ ਦੇ ਸਹਿਯੋਗ ਨਾਲ ਹੋਰ ਵੱਡੇ ਪੱਧਰ ‘ਤੇ ਚਲਾਇਆ ਜਾਵੇਗਾ। ਇਸ ਅਵਸਰ ‘ਤੇ ਬੀਐਸਐਫ਼ ਦੇ ਡਿਪਟੀ ਕਮਾਂਡਰ ਰਬਿੰਦਰ ਝਾਅ ਵੀ ਮੌਜੂਦ ਸਨ।