ਅੰਮ੍ਰਿਤਸਰ, 17 ਮਈ (ਪ੍ਰੀਤਮ ਸਿੰਘ)- ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਜੋ 17500 ਫੁੱਟ ਦੀ ਉਚਾਈ ਤੇ ਹੈ ਸਰ ਕਰਕੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਸ. ਗੁਰਸ਼ਰਨ ਸਿੰਘ ਜਮਸ਼ੇਦ ਪੁਰ ਟਾਟਾ ਨਗਰ ਝਾਰਖੰਡ ਨੂੰ ਜਥੇਦਾਰ ਸੁਰਿੰਦਰ ਸਿੰਘ ਬੱਦੋਵਾਲ ਮੈਂਬਰ ਸ਼੍ਰੋਮਣੀ ਕਮੇਟੀ ਤੇ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਗੱਲਬਾਤ ਦੌਰਾਨ ਸ. ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਸ ਨੇ ਜਨਵਰੀ 2014 ‘ਚ ਅੰਮ੍ਰਿਤ ਛਕਿਆ ਸੀ ਇਕ ਦਿਨ ਅਚਾਨਕ ਉਸ ਦੇ ਮਨ ‘ਚ ਆਇਆ ਕਿ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਬੇਸ ਕੈਂਪ ਉਪਰ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਜਾਵੇ।ਇਸ ਬਾਰੇ ਜਦੋਂ ਉਸ ਨੇ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਗੱਲ ਕੀਤੀ ਤਾਂ ਰਸਤਾ ਖਤਰੇ ਵਾਲਾ ਹੋਣ ਕਰਕੇ ਸਾਰਾ ਪਰਿਵਾਰ ਉਸ ਨਾਲ ਸਹਿਮਤ ਨਾ ਹੋਇਆ।ਇਸ ਦੇ ਬਾਵਜੂਦ ਵੀ ਉਸਨੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕੀਤੀ ਤਾਂ ਗੁਰੂ ਸਾਹਿਬ ਨੇ ਬਲ ਬਖਸ਼ਿਆ ਤੇ ਉਹ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਐਵਰੈਸਟ ਚੋਟੀ ਤੇ ਝੁਲਾਉਣ ਲਈ ਨਿਕਲ ਗਿਆ। ਉਸ ਨੇ ਦੱਸਿਆ ਕਿ ਉਹ ਨੇਪਾਲ ਦੇ ਕਸਬਾ ਲੂਕਲਾ ਤੋਂ ਐਵਰੈਸਟ ਚੋਟੀ ਸਰ ਕਰਨ ਲਈ ਚਲੇ ਸਨ ਤਾਂ ਉਸ ਸਮੇਂ ਦੇਸ਼ ਦੇ ਵੱਖ ਵੱਖ ਥਾਵਾਂ ਤੋਂ 7 ਹੋਰ ਲੋਕ ਵੀ ਨਾਲ ਸਨ ਜਿਨਾਂ ਵਿੱਚ ਜਮਸ਼ੇਦਪੁਰ ਦੀ ਪ੍ਰੇਮ ਲਤਾ ਅਗਰਵਾਲ ਵੀ ਸੀ, ਜਿਸ ਨੇ ਹੁਣ ਤੀਕ ਸਭ ਤੋਂ ਉੱਚੀਆਂ 7 ਚੋਟੀਆਂ ਸਰ ਕਰ ਲਈਆਂ ਸਨ। ਉਨ੍ਹਾਂ ਦੱਸਿਆ ਕਿ 17500 ਫੁੱਟ ਉਚਾਈ ਤੀਕ ਪਹੁੰਚਦਿਆਂ ੮ ਦਿਨ ਦਾ ਸਮਾਂ ਲੱਗਿਆ ਤੇ ਅੱਠਵੇਂ ਦਿਨ ਮਾਊਂਟ ਐਵਰੈਸਟ ਬੇਸ ਕੈਂਪ ਉਪਰ ਪਹੁੰਚ ਕਿ ਉਸ ਨੇ ਗੁਰੂ ਘਰ ਦੇ ਕੇਸਰੀ ਨਿਸ਼ਾਨ ਸਾਹਿਬ ਨੂੰ ਝੁਲਾਇਆ ਤਾਂ ਉਸ ਦੇ ਮਨ ਦੀ ਇੱਛਾ ਪੂਰੀ ਹੋਈ। ਉਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਸੁਨੇਹਾ ਦੇਂਦਿਆਂ ਕਿਹਾ ਕਿ ਦ੍ਰਿੜ ਇਰਾਦਾ ਤੇ ਗੁਰੂ ਅੰਗ-ਸੰਗ ਹੋਵੇ ਤਾਂ ਕੁੱਝ ਵੀ ਅਸੰਭਵ ਨਹੀ ਹੈ।ਉਸ ਨੇ ਕਿਹਾ ਕਿ ਨਸ਼ੇ-ਛੱਡੋ ਬਾਣੀ-ਪੜ੍ਹੋ ਤੇ ਖੰਡੇ-ਬਾਟੇ ਦੀ ਪਾਹੁਲ ਛੱਕ ਕੇ ਗੁਰੂ ਦੇ ਲੜ ਲੱਗਣ ਵਾਲੇ ਦੀ ਪ੍ਰਮਾਤਮਾ ਹਮੇਸ਼ਾ ਮਦਦ ਕਰਦਾ ਹੈ।ਅਖੀਰ ਸ਼੍ਰੋਮਣੀ ਕਮੇਟੀ ਵਲੋਂ ਮਿਲੇ ਮਾਨ ਸਨਮਾਨ ਬਦਲੇ ਉਸਨੇ ਸ. ਮਨਜੀਤ ਸਿੰਘ ਸਕੱਤਰ ਦਾ ਧੰਨਵਾਦ ਕੀਤਾ। ਇਸ ਮੌਕੇ ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਆਦਿ ਮੌਜੂਦ ਸਨ।
Check Also
ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਵਲੋਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ
ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ …