Monday, July 8, 2024

ਐਲੀਵੇਟਿਡ ਸੜਕ ‘ਤੇ ਦਿਨ ਦਿਹਾੜੇ ਵਾਪਰੀ ਸਕੈਚਿੰਗ ਦੀ ਘਟਨਾ

ਸਮਾਜਸੇਵੀ ਨੌਜਵਾਨ ਨੇੇ ਆਪਣੀ ਕਾਰ ‘ਤੇ ਪਿੱਛਾ ਕਰਕੇ ਮੋਟਰਸਾਈਕਲ ਸਵਾਰ ਸਨੈਚਰ ਕੀਤੇ ਕਾਬੂ

PPN0207201619ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ ਬਿਊਰੋ) ਐਲੀਵੇਟਿਡ ਰੋਡ ‘ਤੇ ਐਕਟਿਵਾ ਸਕੂਟਰੀ ਸਵਾਰ ਦੋ ਲੜਕੀਆਂ ਪਾਸੋਂ ਦਿਨ ਦਿਹਾੜੇ ਪਰਸ ਖੋਹ ਕੇ ਦੌੜੇ ਦੋ ਸਨੈਚਰਾਂ ਨੂੰ ਸਮਾਜ ਸੇਵੀ ਨੌਜਵਾਨ ਵੱਲੋਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤੇ ਜਾਣ ਦੀ ਖਬਰ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬਤ ਦਾ ਭਲਾ ਸੁਸਾਇਟੀ ਦੇ ਮੈਂਬਰ ਅੰਮ੍ਰਿਤਪਾਲ ਸਿੰਘ ਬੱਬਲੂ ਨੇ ਦੱਸਿਆ ਕਿ ਅੱਜ ਜਦ ਉਹ ਸਵੇਰੇ ਤਕਰੀਬਨ 11.00 ਵਜੇ ਆਪਣੀ ਸਵਿਫਟ ਕਾਰ ਰਾਹੀਂ ਭੰਡਾਰੀ ਪੁੱਲ ਤੋਂ ਬੱਸ ਸਟੈਂਡ ਵੱਲ ਜਾ ਰਿਹਾ ਸੀ ਤਾਂ ਐਲੀਵੇਟਿਡ ਰੋਡ ਦੇ ਉਪਰ ਹੀ ਐਕਟਿਵਾ ਸਕੂਟਰੀ ਨੰਬਰ ਪੀ.ਬੀ.02 ਬੀ. ਐਕਸ 0308 ਸਵਾਰ ਦੋ ਲੜਕੀਆਂ ਪਾਸੋਂ ਫੇਜਰ ਮੋਟਰ ਸਾਈਕਲ ‘ਤੇ ਸਵਾਰ ਦੋ ਨੌਜਵਾਨਾਂ ਨੇ ਨੈਸ਼ਨਲ ਸ਼ਾਪਿੰਗ ਕੰਪਲੈਕਸ ਦੇ ਨਜਦੀਕ ਪਰਸ ਖੋਹ ਲਿਆ ਅਤੇ ਤੇਜ ਰਫਤਾਰੀ ਨਾਲ ਬੱਸ ਸਟੈਂਡ ਵੱਲ ਫਰਾਰ ਹੋ ਗਏ।ਬੱਬਲੂ ਨੇ ਕਿਹਾ ਕਿ ਇਹ ਸਭ ਵੇਖ ਕੇ ਉਨਾਂ ਨੇ ਆਪਣੀ ਕਾਰ ਸਨੈਚਰਾਂ ਦੇ ਮਗਰ ਲਾ ਲਈ ਅਤੇ ਉਸ ਨੂੰ ਆਉਂਦੇ ਦੇਖ ਕੇ ਸਨੈਚਰ ਰਾਮ ਤਲਾਈ ਨੇੜੇ ਐਲੀਵੇਟਿਡ ਤੋਂ ਉਲਟੇ ਹੱਥ ਉਤਰ ਗਏ ਅਤੇ ਗੋਲਡਨ ਐਵਨਿਊ ਨੂੰ ਮੁੜ ਗਏ। ਬੱਬਲੂ ਨੇ ਕਿਹਾ ਕਿ ਉਸ ਨੇ ਵੀ ਕਾਰ ਉਨ੍ਹਾਂ ਦੇ ਪਿੱਛੇ ਲਾਈ ਰੱਖੀ ਅਤੇ ਉਹ ਸਨੈਚਰ ਚਾਲੀ ਖੂਹ ਇਲਾਕੇ ਵਿੱਚ ਪਹੁੰਚ ਗਏ।ਜਿਥੇ ਗਲਤੀ ਨਾਲ ਬੰਦ ਗਲੀ ਵਿੱਚ ਵੜ ਗਏ ਅਤੇ ਉਹ ਉਥੋਂ ਵਾਪਸ ਮੁੜੇ ਤਾਂ ਉਸ ਨੇ (ਬੱਬਲੂ) ਨੇ ਕਾਰ ਵਿੱਚੋਂ ਉਤਰ ਕੇ ਮੋਟਰ ਸਾਈਕਲ ਰੋਕ ਕੇ ਉਨ੍ਹਾਂ ਨੂੰ ਜੱਫਾ ਪਾ ਲਿਆ, ਪਰ ਇੱਕ ਸਨੈਚਰ ਉਥੋਂ ਦੌੜਣ ਵਿੱਚ ਸਫਲ ਹੋ ਗਿਆ।ਜਦਕਿ ਕਾਬੂ ਕੀਤੇ ਸਨੈਚਰ ‘ਤੇ ਉਥੇ ਪਹੁੰਚੇ ਇਲਾਕਾ ਵਾਸੀਆਂ ਦੀ ਸਹਾਇਤਾ ਨਾਲ ਕਾਬੂ ਕਰ ਲਿਆ ਗਿਆ ਅਤੇ ਵਾਰਦਾਤ ਦੀ ਖਬਰ ਪੁਲਿਸ ਨੂੰ ਦੇਣ ‘ਤੇ ਮਕਬੂਲਪੁਰਾ ਤੋਂ ਪੁਲਿਸ ਪਹੁੰਚ ਗਈ।ਇਸੇ ਦੌਰਾਨ ਕਾਬੂ ਕੀਤੇ ਗਏ ਲਵਪ੍ਰੀਤ ਸਿੰਘ ਕੋਲੋਂ ਪੁਲਿਸ ਮੁਲਾਜ਼ਮਾਂ ਨੇ ਮੋਬਾਇਲ ਫੋਨ ਕਰਵਾ ਕੇ ਉਸ ਦੇ ਦੌੜੇ ਸਾਥੀ ਅੰਮ੍ਰਿਤਪਾਲ ਸਿੰਘ ਨੂੰ ਬੁਲਾਉਣ ਉਪਰੰਤ ਕਾਬੂ ਕਰ ਲਿਆ ਗਿਆ ਅਤੇ ਮਕਬੂਲਪੁਰਾ ਪੁਲਿਸ ਨੇ ਮੋਟਰ ਸਾਈਕਲ ਕਬਜ਼ੇ ‘ਚ ਲੈ ਕੇ ਦੋਨੋ ਲੁਟੇਰੇ ਹਿਰਾਸਤ ਵਿੱਚ ਲੈ ਲਏ।
ਉਧਰ ਥਾਣਾ ਮਕਬੂਲਪੁਰਾ ਦੇ ਮੁਖੀ ਗੁਰਬਿੰਦਰ ਸਿੰਘ ਨੇ ਦੱਸਿਆ ਹੈ ਕਿ ਦੋ ਔਰਤਾਂ ਲਵਪ੍ਰੀਤ ਕੌਰ ਪੁੱਤਰੀ ਰਛਪਾਲ ਸਿੰਘ ਅਤੇ ਕੁਲਵਿੰਦਰ ਕੌਰ ਪਤਨੀ ਤੇਜਬੀਰ ਸਿੰਘ ਵਾਸੀ ਪਿੰਡ ਫਤਿਹਗੜ੍ਹ ਸ਼ੂਕਰਚੱਕ ਦੇ ਬਿਆਨਾਂ ‘ਤੇ ਉਨ੍ਹਾਂ ਕੋਲੋਂ ਪਰਸ ਖੋਹ ਕੇ ਦੌੜਣ ਵਾਲੇ ਲਵਪ੍ਰੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਧਿਆਨਪੁਰਾ (ਰਈਆ) ਜਿਲ੍ਹਾ ਅੰਮ੍ਰਿਤਸਰ ਦੇ ਖਿਲਾਫ ਕੇਸ ਦਰਜ਼ ਕਰਕੇ ਕਾਰਵਾਈ ਅਰੰਭ ਦਿੱਤੀ ਹੈ।ਜਿਕਰਯੌਗ ਹੈ ਕਿ ਕਿ ਦੋਨੋਂ ਔਰਤਾਂ ਰਣਜੀਤ ਐਵਨਿਊ ਤੋਂ ਪੜ੍ਹ ਕੇ ਵਾਪਸ ਘਰ ਪਰਤ ਰਹੀਆਂ ਸਨ। ਜਿਥੇ ਦੋ ਔਰਤਾਂ ਨਾਲ ਐਲ਼ੀਵੇਟਿਡ ‘ਤੇ ਦਿਨ ਦਿਹਾੜੇ ਪਰਸ ਖੋਹਣ ਦੀ ਵਾਪਰੀ ਘਟਨਾ ਨਾਲ ਸ਼ਹਿਰ ਵਿੱਚ ਦਹਿਸ਼ਤ ਹੈ, ਉਥੇ ਸਮਾਜਸੇਵੀ ਨੌਜਵਾਨ ਅਤੇ ਸਾਬਕਾ ਅਕਾਲੀ ਆਗੂ ਅੰਮ੍ਰਿਤਪਾਲ ਸਿੰਘ ਬੱਬਲੂ ਵਲੋਂ ਦਲੇਰੀ ਨਾਲ ਲੁਟੇਰਿਆਂ ਦਾ ਪਿਛਾ ਕਰਕੇ ਉਨਾਂ ਨੂੰ ਸਲਾਖਾਂ ਪਿੱਛੇ ਕਰਵਾਉਣ ਦੀ ਸ਼ਲਾਘਾ ਹੋ ਰਹੀ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply