Monday, July 8, 2024

ਕੇਜਰੀਵਾਲ ਨੈਤਿਕਤਾ ਦੇ ਅਧਾਰ ‘ਤੇ ਤੁਰੰਤ ਅਸਤੀਫ਼ਾ ਦੇਵੇ – ਲੋਪੋਕੇ

PPN0907201609

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ ਸੱਗੂ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਕਿਹਾ ਕਿ ਜੇ ਕੇਜਰੀਵਾਲ ਵਿੱਚ ਜਰਾ ਜਿੰਨਾ ਵੀ ਦੀਨ ਇਮਾਨ ਬਾਕੀ ਤਾਂ ਤਮਾਮ ਅਹੁਦਿਆਂ ਤੋਂ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਅੱਜ ਇੱਥੇ ਸਰਗਰਮ ਅਕਾਲੀ ਵਰਕਰਾਂ ਦੀ ਇੱਕ ਹੰਗਾਮੀ ਮੀਟਿੰਗ ਉਪਰੰਤ ਮੰਤਰੀ ਸ: ਗੁਲਜਾਰ ਸਿੰਘ ਰਣੀਕੇ ਅਤੇ ਮੁਖ ਸੰਸਦੀ ਸਕਤਰ ਮਨਜੀਤ ਸਿੰਘ ਮੰਨਾ ਦੀ ਮੌਜੂਦਗੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ: ਵੀਰ ਸਿੰਘ ਲੋਪੋਕੇ ਚੇਅਰਮੈਨ, ਜ਼ਿਲ੍ਹਾ ਪਲੈਨਿੰਗ ਬੋਰਡ ਨੇ ‘ਆਪ’ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਕਸੂਰਵਾਰ ਲੋਕਾਂ ਨੂੰ ਸਖ਼ਤ ਤੋ ਸਖ਼ਤ ਸਜਾ ਮਿਲੇ ਬਿਨਾ ਲੋਕਮਨਾਂ ਅੰਦਰਲੇ ਗੁੱਸੇ ਦਾ ਲਾਵਾ ਸ਼ਾਂਤ ਨਹੀਂ ਹੋਵੇਗਾ।
ਉਹਨਾਂ ਕਿਹਾ ਕਿ ਕੇਜਰੀਵਾਲ ਦੀ ਅਗਵਾਈ ਵਿੱਚ ਆਪ ਪਾਰਟੀ ਵੱਲੋਂ ਝੂਠ ਦੇ ਪੁਲੰਦੇ ਦੀ ਤੁਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੀਤਾ ਅਤੇ ਕੁਰਾਨ ਸ਼ਰੀਫ਼ ਨਾਲ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਧਾਰਮਿਕ ਗ੍ਰੰਥਾਂ ਦੀ ਮਹਾਨਤਾ ਤੇ ਮਾਨਤਾ ਪ੍ਰਤੀ ਨਾਕਾਰਾਤਮਕ ਸੋਚ ਦਾ ਪ੍ਰਗਟਾਵਾ ਹੈ। ਉਹਨਾਂ ਕਿਹਾ ਕਿ ਝੂਠੇ ਵਾਅਦਿਆਂ ਦੇ ਪਲੰਦੇ ‘ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਲਗਾਉਂਦਿਆਂ ਉਸ ‘ਤੇ ਝਾੜੂ ਨੂੰ ਦਰਸਾਉਣਾ ਭੁੱਲ ਜਾਂ ਗਲਤੀ ਨਹੀਂ ਸਗੋਂ ਸਿਆਸੀ ਮੁਫ਼ਾਦ ਲਈ ਅਣਉੱਚਿਤ ਅਤੇ ਮੰਦਭਾਵਨਾ ਨਾਲ ਪਬਲਿਸਿਟੀ ਹਾਸਲ ਕਰਨ ਹਿੱਤ ਕੀਤੀ ਗਈ ਕੋਝੀ ਹਰਕਤ ਹੈ।
ਉਹਨਾਂ ‘ਆਪ’ ਨੂੰ ਪੰਜਾਬ ਤੇ ਸਿੱਖ ਵਿਰੋਧੀ ਗਰਦਾਨਦਿਆਂ ਕਿਹਾ ਕਿ ਕੇਜਰੀਵਾਲ ਐਸ ਵਾਈ ਐਲ ਨਹਿਰ ਦੇ ਮੁੱਦੇ ਤੇ ਪੰਜਾਬ ਦੇ ਕਿਸਾਨਾਂ ਨੂੰ ਪਹਿਲਾਂ ਹੀ ਧੋਖਾ ਦੇ ਚੁੱਕਿਆ ਹੈ। ਗੁਰਦਵਾਰਾ ਸੀਸ ਗੰਜ ਸਾਹਿਬ ਦੇ ਪਿਆਓ ਤੁੜਵਾ ਕੇ ਅਤੇ ਦਿਲੀ ਵਜ਼ਾਰਤ ਵਿੱਚ ਕਿਸੇ ਵੀ ਸਿੱਖ ਨੂੰ ਸ਼ਾਮਿਲ ਨਾ ਕਰ ਕੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿਤਾ, ਤੇ ਹੁਣ ਆਪ ਦੀ ਸਰਕਾਰ ਆਉਣ ‘ਤੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਬਿਜਲੀ ਦੀ ਮੁਫ਼ਤ ਸਹੂਲਤ ਪ੍ਰਤੀ ਰੀਵਿਊ ਕਰਦਿਆਂ ਬੰਦਸ਼ ਲਾਉਣ ਦੀ ਗਲ ਕਹਿ ਕੇ ‘ਆਪ’ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਰਿਹਾ ਹੈ।
ਉਹਨਾਂ ਕਿਹਾ ਕਿ ਆਪ ਨੇ ਆਪਣੇ ਚੋਣ ਚਿੰਨ੍ਹ ਨਾਲ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਦਾ ਇਸਤੇਮਾਲ ਕਰਕੇ ਨਾ ਸਿਰਫ਼ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਬਲਕਿ ਉਸ ਨੇ ਚੋਣ ਕਾਨੂੰਨ ਦੀ ਵੀ ਉਲੰਘਣਾ ਕੀਤੀ ਹੈ।ਉਹ ਉਮੀਦ ਕਰਦੇ ਹਨ ਕਿ ਭਾਰਤੀ ਚੋਣ ਕਮਿਸ਼ਨ ਇਸ ਗੰਭੀਰ ਮਸਲੇ ‘ਤੇ ਸਖ਼ਤ ਨੋਟਿਸ ਲਵੇਗਾ ਤੇ ਆਪ ਪਾਰਟੀ ਦੀ ਮਾਨਤਾ ਰੱਦ ਕਰੇਗਾ।
ਇਸ ਮੌਕੇ ਸ: ਬਿਕਰਮ ਸਿੰਘ ਮਜੀਠੀਆ ਦੇ ਓ.ਐਸ.ਡੀ ਮੇਜਰ ਸ਼ਿਵਚਰਨ ਸ਼ਿਵੀ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਰਾਣਾ ਰਣਬੀਰ ਸਿੰਘ ਲੋਪੋਕੇ, ਭਗਵੰਤ ਸਿੰਘ ਸਿਆਲਕਾ, ਜੋਧ ਸਿੰਘ ਸਮਰਾ, ਸੁਰਜੀਤ ਸਿੰਘ ਭਿਟੇਵਡ, ਮੁਖਵਿੰਦਰ ਸਿੰਘ ਖਾਪੜਖੇੜੀ, ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਤਰਸੇਮ ਸਿੰਘ ਸਿਆਲਕਾ, ਜੈਲ ਸਿੰਘ ਗੋਪਾਲਪੁਰਾ, ਸਵਿਦਰ ਸਿੰਘ ਜੰਝੋਟੀ, ਬਲਬੀਰ ਸਿੰਘ ਚੰਦੀ, ਕੁਲਦੀਪ ਸਿੰਘ ਤੇੜਾ, ਸੁਖਵਿੰਦਰ ਸਿੰਘ ਗੋਲਡੀ, ਗੁਰਜਿੰਦਰ ਸਿੰਘ ਟਪਈਆਂ, ਰਾਜਾ ਲਦੇਹ, ਪ੍ਰਭਦਿਆਲ ਭੰਨਵਾਂ, ਮਲਕੀਤ ਸਿੰਘ , ਹਰਜੀਤ ਸਿੰਘ ਤਰਮਾਲੀ, ਡਾ: ਸ਼ਰਨਜੀਤ ਸਿੰਘ ਲੋਪੋਕੇ ਪ੍ਰਸ ਸਕਤਰ ਆਦਿ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply