Monday, July 8, 2024

ਵੀਰ ਸਿੰਘ ਲੋਪੋਕੇ ਵਲੋਂ ਟ੍ਰੇਨਿੰਗ ਮੁਕੰਮਲ ਕਰਨ ਵਾਲੇ 412 ਸਿਖਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ

PPN1208201609ਅੰਮ੍ਰਿਤਸਰ, 12 ਅਗਸਤ (ਜਗਦੀਪ ਸਿੰਘ ਸੱਗੂ)- ਸਰਹੱਦੀ ਏਰੀਆ ਵਿਕਾਸ ਪ੍ਰੋਗਰਾਮ ਸਰਹੱਦੀ ਖੇਤਰ ਦੇ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਲਈ ਵਰਦਾਨ ਸਿੱਧ ਹੋ ਰਿਹਾ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਵੀਰ ਸਿੰਘ ਲੋਪੋਕੇ ਨੇ ਅੱਜ ਸਥਾਨਕ ਬੱਚਤ ਭਵਨ ਵਿਖੇ ਇਸ ਪ੍ਰੋਗਰਾਮ ਤਹਿਤ ਵੱਖ-ਵੱਖ ਕਿੱਤਿਆਂ ਦੀ ਮੁਫ਼ਤ ਟ੍ਰੇਨਿੰਗ ਹਾਸਲ ਕਰਨ ਵਾਲੇ 412 ਸਿਖਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕਰਨ ਲਈ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਇਸ ਸੁਪਨਈ ਪ੍ਰਾਜੈਕਟ ਤਹਿਤ ਸਰਹੱਦੀ ਇਲਾਕੇ ਦੇ ਨੌਜਵਾਨਾਂ ਲਈ ਹੁਨਰ ਵਿਕਾਸ ਉੱਨਤ ਕਰਨ ਹਿੱਤ ਬੱਜਟ ਦਾ ਉਪਬੰਧ ਕੀਤਾ ਗਿਆ ਹੈ ਜਿਸ ਨਾਲ ਨੌਜਵਾਨ ਨਾ ਕੇਵਲ ਨਸ਼ਿਆਂ ਤੋਂ ਦੂਰ ਰਹਿਣਗੇ ਬਲਕਿ ਰੁਜ਼ਗਾਰ ਪ੍ਰਾਪਤ ਕਰਕੇ ਆਪਣੇ ਪੈਰਾਂ ‘ਤੇ ਵੀ ਖੜ੍ਹੇ ਹੋਣਗੇ।
ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਦੇ 3 ਸਰਹੱਦੀ ਬਲਾਕਾਂ ਅਜਨਾਲਾ, ਚੋਗਾਵਾਂ ਅਤੇ ਅਟਾਰੀ ਵਿਖੇ ਵੱਖ-ਵੱਖ ਟਰੇਡਾਂ ਹੇਠ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਲਈ ਉੱਤਰੀ ਭਾਰਤ ਤਕਨੀਕੀ ਸਲਾਹਕਾਰ ਸੰਗਠਨ (ਨਿਟਕੋਨ) ਬਤੌਰ ਕਾਰਜਕਰਤਾ ਟ੍ਰੇਨਿੰਗ ਏਜੰਸੀ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਹੁਣ ਤੱਕ ਵੱਖ-ਵੱਖ ਟਰੇਡਾਂ ਵਿਚ ਹਜ਼ਾਰਾਂ ਲੜਕੇ-ਲੜਕੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ, ਜਿਸ ਵਿਚ ਕਟਿੰਗ ਟੇਲਰਿੰਗ ਤੇ ਫੈਸ਼ਨ ਡਿਜ਼ਾਈਨਿੰਗ, ਬਿਊਟੀ ਕਲਚਰ, ਮੋਬਾਈਲ ਰਿਪੇਅਰ, ਮੇਨਟੀਨੈਂਸ ਅਸੈਂਬਲੀ ਆਫ ਇੰਨਵਰਟਰ, ਸਟੈਬਲਾਈਜ਼ਰ ਐਂਡ ਬਾਇੰਡਿੰਗ, ਕੰਪਿਊਟਰ ਐਂਡ ਡਾਟਾ ਐਂਟਰੀ ਆਪਰੇਟਰ ਆਦਿ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਬੱਚੇ ਨੌਕਰੀਆਂ ਹਾਸਲ ਕਰਨ ਜਾਂ ਆਪਣੇ ਕਾਰੋਬਾਰ ਸਥਾਪਿਤ ਕਰਨ ਵਿਚ ਸਫਲ ਹੋਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਥੋਂ ਟ੍ਰੇਨਿੰਗ ਦਿਵਾਉਣ ਤਾਂ ਜੋ ਉਹ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਹਾਸਲ ਕਰਨ ਵਾਲਿਆਂ ਨੂੰ ਰੁਜ਼ਗਾਰ ਦੇਣ ਲਈ ਸਰਹੱਦੀ ਖੇਤਰ ਵਿਚ ਸਰਕਾਰੀ ਯੂਨਿਟ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਵੀ ਤਲਾਸ਼ੀਆਂ ਜਾ ਰਹੀਆਂ ਹਨ।
ਇਸ ਮੌਕੇ ਨਿਟਕੋਨ ਦੇ ਏ. ਜੀ. ਐਮ ਸ੍ਰੀ ਵਿਜੈ ਅਰੋੜਾ ਨੇ ਦੱਸਿਆ ਕਿ ਅੱਜ ਜ਼ਿਨ੍ਹਾਂ ਸਿਖਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਹਨ, ਉਨ੍ਹਾਂ ਵਿਚ ਰੈਫਰਿਜਰੇਸ਼ਨ ਤੇ ਏਅਰ ਕੰਡੀਸ਼ਨਿੰਗ, ਐਂਡਵਾਂਸ ਟੈਕਨੀਕ ਇੰਨ ਕਟਿੰਗ ਤੇ ਟੇਲਰਿੰਗ, ਹੇਅਰ-ਸਕਿਨ ਤੇ ਮੇਕਅੱਪ ਤੇ ਮੋਬਾਈਲ ਰਿਪੇਅਰਿੰਗ ਦੇ ਸਿਖਿਆਰਥੀ ਸ਼ਾਮਿਲ ਹਨ। ਇਸ ਮੌਕੇ ਸੱਨਅਤਕਾਰ ਸ੍ਰੀ ਵਿਵੇਕ ਨਈਅਰ, ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਸਰ ਦੇ ਖੋਜ ਅਫ਼ਸਰ ਸ. ਚਰਨਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਸਤਿੰਦਰ ਬੀਰ ਸਿੰਘ, ਨਿਟਕੋਨ ਦੇ ਮੈਨੇਜਰ ਸ੍ਰੀ ਸੁਨੀਲ ਕੁਮਾਰ, ਸ੍ਰੀ ਰਾਜੇਸ਼ ਬਾਲੀ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸ. ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਸੰਜੀਵ ਸ਼ਰਮਾ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply