Thursday, December 12, 2024

ਮਾਮਲਾ ਸ੍ਰੀ ਦਰਬਾਰ ਸਾਹਿਬ ਸਥਿਤ ਲੰਗਰ ਗੁਰੂ ਰਾਮਦਾਸ ਦੀ ਇਮਾਰਤ ਦੇ ਵਿਸਥਾਰ ਸਮੇਂ ਹੋ ਰਹੀ ਸਿੱਖ ਮਰਿਆਦਾ ਦੀ ਉਲੰਘਣਾ ਦਾ

070201

ਅੰਮ੍ਰਿਤਸਰ, 7 ਫਰਵਰੀ (ਨਰਿੰਦਰ ਪਾਲ ਸਿੰਘ)- ਸ੍ਰੀ ਦਰਬਾਰ ਸਾਹਿਬ ਸਥਿਤ ਲੰਗਰ ਗੁਰੂ ਰਾਮਦਾਸ ਦੀ ਮੌਜੂਦਾ ਇਮਾਰਤ ਦੇ ਵਿਸਥਾਰ ਲਈ ਉਸਾਰੀ ਦਾ ਕੰਮ ਕਿਸੇ ਕਾਰ ਸੇਵਾ ਵਾਲੇ ਮਹਾਂਪੁਰਸ਼ ਦੀ ਬਜਾਏ ਇੱਕ ਨਿੱਜੀ ਠੇਕੇਦਾਰ ਨੂੰ ਸੌਪੇ ਜਾਣ ਨਾਲ ਸਿੱਖ ਮਰਿਆਦਾ ਦੀ ਹੋ ਰਹੀ ਉਲੰਘਣਾ ਦਾ ਮੁੱਦਾ, ਜਿਥੇ ਸੰਗਤਾਂ ਵਿੱਚ ਗਰਮਾ ਰਿਹਾ ਹੈ ਉਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਹੈ ਕਿ ‘ਹੁਣ ਤਾਂ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅੱਗੇ ਤੋਂ ਖਿਆਲ ਰੱਖਿਆ ਜਾਵੇਗਾ’।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਇਸ ਮਾਮਲੇ ਤੇ ਆਪਣੀ ਬੇਬਸੀ ਜਾਹਿਰ ਕਰ ਚੁੱਕੇ ਹਨ।ਜੁਲਾਈ  2011 ਵਿੱਚ ਇਸ ਨਵੀਂ ਇਮਾਰਤ ਦੀ ਉਸਾਰੀ ਦਾ ਟੱਕ ਲਾਉਣ ਸਮੇਂ ਪੰਜ ਸਿੰਘ ਸਾਹਿਬਾਨ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਸਰਪ੍ਰਸਤ ਸ੍ਰ. ਪਰਕਾਸ਼ ਸਿੰਘ ਬਾਦਲ ਤੇ ਕਮੇਟੀ ਪਰਧਾਨ ਸ੍ਰ. ਅਵਤਾਰ ਸਿੰਘ ਵੀ ਮੌਜੂਦ ਸਨ ।

070202

ਉਸ ਵੇਲੇ ਹੀ ਕੁਰਸੀ ਤੇ ਬੈਠੇ ਸ੍ਰ. ਬਾਦਲ ਦੇ ਨੇੜੇ ਜਮੀਨ ਤੇ ਬੈਠੇ ਗਿਆਨੀ ਗੁਰਬਚਨ ਸਿੰਘ ਦੀ ਤਸਵੀਰ ਚਰਚਾ ਦਾ ਵਿਸ਼ਾ ਬਣੀ ਸੀ।ਇਸ ਸਮਾਗਮ ਮੌਕੇ ਹੀ ਸ਼੍ਰੋਮਣੀ ਕਮੇਟੀ ਨੇ ਲੰਗਰ ਹਾਲ ਦੇ ਵਿਸਥਾਰ ਦੀ ਇਮਾਰਤ ਦੀ ਉਸਾਰੀ ਲਈ ਅਨੁਮਾਨਿਤ ਖਰਚਾ 20 ਕਰੋੜ ਰੁਪਏ ਦੱਸਿਆ ਸੀ ।ਆਖਿਰ ਢਾਈ ਸਾਲ ਬਾਅਦ ਜਦ ਕਮੇਟੀ ਨੇ ਇਸ ਇਮਾਰਤ ਦੀ 1 ਦਸੰਬਰ 2013 ਨੂੰ ਉਸਾਰੀ ਸ਼ੁਰੂ ਕਰਦਿਆਂ ਸਿੱਖ ਪ੍ਰੰਪਰਾਵਾਂ ਅਨੁਸਾਰ ਧਾਰਮਿਕ ਸ਼ਖਸ਼ੀਅਤਾਂ ਪਾਸੋਂ ਨੀਂਹ ਪੱਥਰ ਰਖਵਾਉਣ ਲਈ ਕਿਸੇ ਕਿਸਮ ਦਾ ਕੋਈ ਗੁਰਮਤਿ ਸਮਾਗਮ ਕਰਵਾਉਣਾ ਜਰੂਰੀ ਨਹੀ ਸਮਝਿਆ ਗਿਆ। ਹੈਰਾਨੀ ਤਾਂ ਉਸ ਵੇਲੇ ਹੋਈ ਜਦ ਇਸ ਇਮਾਰਤ ਦੀ ਉਸਾਰੀ ਲਈ ਇੱਕ ਨਿੱਜੀ ਠੇਕੇਦਾਰ ਦੇ ਗੈਰ ਸਿੱਖ ਅਤੇ ਸਿਰੋਂ ਨੰਗੇ ਕਾਰੀਗਰ ਵੇਖਣ ਨੂੰ ਮਿਲੇ।ਸ਼੍ਰੋਮਣੀ ਕਮੇਟੀ ਮੈਂਬਰ ਤੇ ਸ੍ਰੀ ਗੁਰੂ ਹਰਿਗੋਬਿੰਦ ਢਾਡੀ ਸਭਾ ਦੇ ਪ੍ਰਧਾਨ ਸ੍ਰ. ਬਲਦੇਵ ਸਿੰਘ ਐਮ.ਏ. ਨੇ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪਰਧਾਨ ਨੂੰ ਲਿਖ ਕੇ ਜਾਣੂੰ ਕਰਵਾਇਆ ਕਿ ਗੁਰਧਾਮਾਂ ਦੀਆਂ ਇਮਾਰਤਾਂ ਦੀ ਉਸਾਰੀ ਕਰਾਉਣ ਲਈ ਕਾਰ ਸੇਵਾ ਦਾ ਸੰਕਲਪ ਵਿਸਾਰ ਦਿੱਤਾ ਗਿਆ ਹੈ।ਉਨ੍ਹਾਂ ਇਹ ਵੀ ਲਿਖਿਆ ਕਿ ਘੱਟੋ ਘੱਟ ਕਾਰ ਸੇਵਾ ਵਾਲੇ ਮਹਾਂਪੁਰਸ਼ ਆਪ ਤੇ ਕਾਰਸੇਵਾ ਵਿੱਚ ਹਿੱਸਾ ਲੈਣ ਵਾਲੀਆਂ ਸੰਗਤਾਂ ਕਾਰਸੇਵਾ ਸਮੇਂ ਸਤਿਨਾਮ ਵਾਹਿਗੁਰੂ ਦਾ ਜਾਪ ਤਾਂ ਕਰਦੀਆਂ ਹਨ।ਉਨ੍ਹਾਂ ਦੋਸ਼ ਲਾਇਆ ਕਿ ਨਿੱਜੀ ਠੇਕੇਦਾਰ ਦੇ ਕੁੱਝ ਕਰਿੰਦੇ ਤਾਂ ਆਪਣੀ ਆਰਜੀ ਰਿਹਾਇਸ਼ ਤੇ ਸਿਗਰੇਟ ਬੀੜੀ ਦਾ ਸੇਵਨ ਕਰਦੇ ਵੀ ਵੇਖੇ ਗਏ ਹਨ।ਉਨ੍ਹਾਂ ਮੰਗ ਕੀਤੀ ਕਿ ਕਮੇਟੀ ਪ੍ਰਧਾਨ ਨੂੰ ਇਸ ਪਾਸੇ ਧਿਆਨ ਦੇਕੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।ਜਦ ਕਮੇਟੀ ਪਰਧਾਨ ਵਲੋਂ ਸ੍ਰ. ਐਮ.ਏ. ਨੂੰ ਕੋਈ ਜਵਾਬ ਨਾ ਮਿਲਿਆ ਤਾਂ ਉਨ੍ਹਾਂ ਇਕ ਲਿਖਤੀ ਦਰਖਾਸਤ ਗਿਆਨੀ ਗੁਰਬਚਨ ਸਿੰਘ ਹੁਰਾਂ ਨੂੰ ਵੀ ਦਿੱਤੀ।ਆਖਿਰ ਬਲਦੇਵ ਸਿੰਘ ਐਮ.ਏ ਨੇ ਗੁਰਮਰਿਆਦਾ ਦੀ ਇਸ ਹੋ ਰਹੀ ਉਲੰਘਣਾ ਬਾਰੇ ਸ਼ਹਿਰ ਭਰ ਵਿਚ ਪੋਸਟਰ ਲਗਵਾ ਕੇ ਸੰਗਤਾਂ ਨੂੰ ਜਾਗਰੂਕ ਕੀਤਾ।1 ਫਰਵਰੀ ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕ ਇਕਤਰਤਾ ਬੁਲਾਈ, ਅੱਜ 11 ਮੋਟਰ ਸਾਈਕਲਾਂ ਤੇ ਸਵਾਰ ਨੌਜੁਆਨਾਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਇਕ ਜਾਗਰੂਕਤਾ ਮਾਰਚ ਕੱਢਿਆ।ਅੱਜ ਮਿਤੀ ੮ ਫਰਵਰੀ ਨੂੰ ਭਾਈ ਗੁਰਦਾਸ ਹਾਲ ਵਿਖੇ ਇਸ ਮੁੱਦੇ ਤੇ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਬੁਲਾਰੇ ਇਸ ਮੁੱਦੇ ਤੇ ਆਪਣੇ ਵਿਚਾਰ ਰੱਖਣਗੇ।ਲੰਗਰ ਹਾਲ ਦੀ ਵਿਸਥਾਰ ਇਮਾਰਤ ਦੀ ਉਸਾਰੀ ਸਮੇ ਸਿੱਖ ਮਰਿਆਦਾ ਦੇ ਹੋ ਰਹੇ ਉਲੰਘਣ ਬਾਰੇ ਪੁੱਛੇ ਜਾਣ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਹੈ ਕਿ ‘ਹੁਣ ਤਾਂ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅੱਗੇ ਤੋਂ ਖਿਆਲ ਰੱਖਿਆ ਜਾਵੇਗਾ’।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …

Leave a Reply