
ਅੰਮ੍ਰਿਤਸਰ, 31 ਅਗਸਤ (ਜਗਦੀਪ ਸਿੰਘ ਸੱਗੂ)- ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਸਿੱਖਿਆ ਸਲਾਹਕਾਰ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਸ. ਤਜਿੰਦਰ ਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਿੱਖਿਆ ਵਿਭਾਗ ਦੇ ਕੰਮਕਾਜ਼ ਨੂੰ ਹੋਰ ਬਿਹਤਰ ਅਤੇ ਸੁਚਾਰੂ ਬਣਾਉਣ ਲਈ ਖੁੱਲ੍ਹ ਕੇ ਵਿਚਾਰ-ਵਟਾਂਦਰਾ ਹੋਇਆ। ਸ. ਸੰਧੂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਦੀ ਸ਼ਖਸੀਅਤ ਉਸਾਰੀ ਲਈ ਪ੍ਰਾਇਮਰੀ ਪੱਧਰ ਤੋਂ ਹੀ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬਚਪਨ ਕੋਰੇ ਕਾਗਜ਼ ਵਾਂਗ ਹੁੰਦਾ ਹੈ ਅਤੇ ਇਸ ਸਮੇਂ ਉਸ ‘ਤੇ ਜੋ ਵੀ ਉੱਕਰਿਆ ਜਾਵੇ ਉਹ ਉਮਰ ਭਰ ਦੀ ਆਦਤ ਬਣ ਜਾਂਦੀ ਹੈ।
ਮੈਂਬਰਾਂ ਨੇ ਇਸ ਸਬੰਧੀ ਆਪਣੇ ਵਡਮੁੱਲੇ ਸੁਝਾਅ ਦਿੰਦਿਆਂ ਕਿਹਾ ਕਿ ਪ੍ਰਾਇਮਰੀ ਪੱਧਰ ‘ਤੇ ਬੱਚਿਆਂ ਦੀ ਸ਼ਖਸੀਅਤ ਉਸਾਰੀ ਲਈ ਉਨ੍ਹਾਂ ਨੂੰ ਨੈਤਿਕ ਸਿੱਖਿਆ ਦਿੱਤੀ ਜਾਣੀ ਬੇਹੱਦ ਜ਼ਰੂਰੀ ਹੈ। ਇਸ ਲਈ ਉਨ੍ਹਾਂ ਵਿਚ ਕਲਾਤਮਕ ਰੁਚੀਆਂ ਪੈਦਾ ਕਰਨ, ਅਨੁਸ਼ਾਸਨ ਵਿਚ ਰਹਿਣ, ਚੰਗੀਆਂ ਆਦਤਾਂ ਸਿਖਾਉਣ ਅਤੇ ਆਤਮ ਵਿਸ਼ਵਾਸ ਭਰਨ ਲਈ ਉਨ੍ਹਾਂ ਨੂੰ ਇਕ ਵੱਖਰਾ ਪੀਰੀਅਡ ਜਾਂ ਸਮਾਂ ਮੁਹੱਈਆ ਕਰਵਾਉਣਾ ਚਾਹੀਦਾ ਹੈ। ਇਸ ਸਮੇਂ ਦੌਰਾਨ ਉਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਸਿੱਖਿਅਤ ਕਰਨ, ਆਪਣਾ ਆਲਾ-ਦੁਆਲਾ ਸਾਫ਼ ਰੱਖਣ, ਰੁੱਖ ਲਗਾਉਣ, ਪਾਣੀ ਦੀ ਸੰਭਾਲ ਅਤੇ ਹੋਰਨਾਂ ਚੰਗੀਆਂ ਆਦਤਾਂ ਅਪਨਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਕੂਲਾਂ ਵਿਚ ‘ਈਕੋ ਕਲੱਬ’ ਸਥਾਪਿਤ ਕਰਨੇ ਚਾਹੀਦੇ ਹਨ ਤਾਂ ਜੋ ਚੌਗਿਰਦੇ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਕਰਨ ਲਈ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਸਕੇ। ਇਸੇ ਤਰ੍ਹਾਂ ਸਕੂਲਾਂ ਵਿਚ ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ ਅਤੇ ਚੰਗੀਆਂ ਆਦਤਾਂ ਸਬੰਧੀ ਸਿੱਖਿਅਤ ਕਰਦੇ ਸਾਈਨ ਬੋਰਡ ਲਗਾਏ ਜਾਣੇ ਚਾਹੀਦੇ ਹਨ।
ਮੈਂਬਰਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਵੀਂ ਤੇ ਅੱਠਵੀਂ ਦੇ ਇਮਤਿਹਾਨ ਲੈਣੇ ਮੁੜ ਤੋਂ ਚਾਲੂ ਕਰਨ ਨਾਲ ਸਿੱਖਿਆ ਦੇ ਪੱਧਰ ਵਿਚ ਸੁਧਾਰ ਆਇਆ ਹੈ ਪਰੰਤੂ ਇਸ ਨੂੰ ਪੱਕੇ ਤੌਰ ‘ਤੇ ਲਾਗੂ ਕਰਵਾਉਣ ਲਈ ਕੇਂਦਰ ਸਰਕਾਰ ‘ਤੇ ਦਬਾਅ ਬਣਾ ਕੇ ਸਿੱਖਿਆ ਦਾ ਅਧਿਕਾਰ ਕਾਨੂੰਨ ਵਿਚ ਤਰਮੀਮ ਕਰਵਾਉਣੀ ਚਾਹੀਦੀ ਹੈ। ਸ. ਸੰਧੂ ਨੇ ਇਸ ਮੌਕੇ ਹਾਜ਼ਰ ਸਿੱਖਿਆ ਅਧਿਕਾਰੀਆਂ ਨੂੰ ਇਹ ਸਾਰੇ ਸੁਝਾਅ ਸਿੱਖਿਆ ਵਿਭਾਗ ਨੂੰ ਭੇਜਣ ਲਈ ਕਿਹਾ ਤਾਂ ਜੋ ਇਨ੍ਹਾਂ ਨੂੰ ਲਾਗੂ ਕਰਵਾਇਆ ਜਾ ਸਕੇ। ਇਸ ਮੌਕੇ ਸਿੱਖਿਆ ਨਾਲ ਸਬੰਧਤ ਹੋਰਨਾਂ ਮੁੱਦਿਆਂ ‘ਤੇ ਵੀ ਗੱਲਬਾਤ ਹੋਈ। ਇਸ ਮੌਕੇ ਡਿਪਟੀ ਡੀ. ਈ. ਓ (ਸੈਕੰਡਰੀ) ਸ੍ਰੀਮਤੀ ਨਵਤੇਜ ਕੌਰ ਭੰਗੂ, ਡਿਪਟੀ ਡੀ. ਈ. ਓ (ਐਲੀਮੈਂਟਰੀ) ਸ੍ਰੀਮਤੀ ਭੁਪਿੰਦਰ ਕੌਰ, ਸੀਨੀਅਰ ਸਹਾਇਕ ਸੁਖਵਿੰਦਰ ਸਿੰਘ, ਜਸਮਿੰਦਰ ਕੌਰ, ਬ੍ਰਿਜ ਭੂਸ਼ਣ, ਸੁਖਵਿੰਦਰ ਸਿੰਘ, ਰਵਿੰਦਰ ਠੁਕਰਾਲ, ਐਨ. ਡੀ ਗੁਲਾਟੀ ਅਤੇ ਹੋਰ ਹਾਜ਼ਰ ਸਨ।