Friday, July 5, 2024

ਅਕਾਲੀ ਕੌਂਸਲਰ ਹੱਥੋਂ ਕਤਲ ਹੋਏ ਪੱਤਰਕਾਰ ਦੇ ਘਰ ਪੁੱਜੇ ਕੇਜਰੀਵਾਲ

ppn2510201602

ਬਠਿੰਡਾ, 25 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਉਸ ਪੱਤਰਕਾਰ ਦੇ ਘਰ ਸੋਗ ਪ੍ਰਗਟ ਕਰਨ ਲਈ ਗਏ, ਜਿਸ ਦੀ ਇੱਕ ਅਕਾਲੀ ਕੌਂਸਲਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।ਕੇਜਰੀਵਾਲ ਨੇ ਇਸ ਮੌਕੇ ਕਿਹਾ,”ਪੰਜਾਬ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਹਾਲਤ ਬਹੁਤ ਹੀ ਮੰਦੀ ਹੋ ਗਈ ਹੈ।ਇਹ ਸਭ ਸ਼ਰਾਬ ਮਾਫ਼ੀਆ ਵੱਲੋਂ ਕੀਤੇ ਜਾ ਰਹੇ ਕਤਲਾਂ ਅਤੇ ਇੱਕ ਅਕਾਲੀ ਕੌਂਸਲਰ ਵੱਲੋਂ ਪੱਤਰਕਾਰ ਕੇਵਲ ਕ੍ਰਿਸ਼ਨ ਦੇ ਕਤਲ ਜਿਹੀਆਂ ਘਟਨਾਵਾਂ ਤੋਂ ਸਪੱਸ਼ਟ ਹੈ।’ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਥਿਤੀ ਹੁਣ ਇੰਨੀ ਭੈੜੀ ਹੋ ਗਈ ਹੈ ਕਿ ਪੱਤਰਕਾਰ ਵੀ ਸੁਰੱਖਿਅਤ ਨਹੀਂ ਰਹੇ। ਜਦੋਂ ਪਰਿਵਾਰ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਮ੍ਰਿਤਕ ਕੇਵਲ ਕ੍ਰਿਸ਼ਨ ਦੀ ਧੀ ਦੇ 26 ਨਵੰਬਰ ਨੂੰ ਤੈਅ ਹੋਏ ਵਿਆਹ ਬਾਰੇ ਦੱਸਿਆ, ਤਾਂ ਕੇਜਰੀਵਾਲ ਨੇ ਕਿਹਾ,”ਪੰਜਾਬ ਸਰਕਾਰ ਨੂੰ ਇਸ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦੇਣਾ ਚਾਹੀਦਾ ਹੈ, ਤਾਂ ਜੋ ਪੀੜਤ ਦੀ ਧੀ ਦੇ ਵਿਆਹ ਦੀਆਂ ਰਸਮਾਂ ਸਹੀ ਢੰਗ ਨਾਲ ਨੇਪਰੇ ਚੜ੍ਹ ਸਕਣ ਅਤੇ ਨਾਲ ਹੀ ਯੋਗ ਨਿਆਂ ਵੀ ਦਿਵਾਇਆ ਜਾਵੇ।”ਕੇਜਰੀਵਾਲ ਨੇ ਕਿਹਾ,”ਸੱਤਾ ਦੇ ਨਸ਼ੇ ਵਿੱਚ ਚੂਰ ਕਾਤਲ ਅਕਾਲੀ ਕੌਂਸਲਰ ਨੂੰ ਤਾਂ ਇੱਕ ਪਾਸੇ ਛੱਡੋ, ਇੱਥੇ ਤਾਂ ਅਪਰਾਧੀਆਂ ਨੂੰ ਵੀ ਪੁਲਿਸ ਦਾ ਕੋਈ ਡਰ ਨਹੀਂ ਹੈ।’ ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਆਪਣੇ ਗੁੰਡਿਆਂ ਨੂੰ ਕਿਸੇ ਨੂੰ ਵੀ ਗੋਲੀ ਮਾਰ ਦੇਣ ਦੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ, ਫੇਰ ਕੀ ਹੋਇਆ ਜੇ ਪੀੜਤ ਇੱਕ ਪੱਤਰਕਾਰ ਸੀ।
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਸ ਸਾਹਮਣੇ ਕਾਨੂੰਨ ਤੇ ਵਿਵਸਥਾ ਦੀ ਵਿਗੜੀ ਹਾਲਤ ਵਿੱਚ ਸੁਧਾਰ ਲਿਆਉਣਾ ਅਤੇ ਪੁਲਿਸ ਵਿੱਚ ਆਮ ਲੋਕਾਂ ਦਾ ਭਰੋਸਾ ਬਹਾਲ ਕਰਨਾ ਬਹੁਤ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਇਸ ਵੇਲੇ ਪੁਲਿਸ ਕੇਵਲ ਅਕਾਲੀ ਜੱਥੇਦਾਰਾਂ ਦੇ ਇਸ਼ਾਰਿਆਂ ‘ਤੇ ਹੀ ਨੱਚ ਰਹੀ ਹੈ। ਬਾਅਦ ਵਿੱਚ ਕੇਜਰੀਵਾਲ ਆਪਣੀ ਪਾਰਟੀ ਦੇ ਐਮ.ਪੀ. ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਗਏ ਅਤੇ ਸਿੱਧੇ ਉਨ੍ਹਾਂ ਤਿੰਨ ਨੌਜਵਾਨਾਂ ਦੇ ਘਰ ਪੁੱਜੇ, ਜਿਨ੍ਹਾਂ ਦੀ ਪਿੱਛੇ ਜਿਹੇ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ। ਕਰੰਟ ਨਾਲ ਮਾਰੇ ਗਏ ਨੌਜਵਾਨਾਂ ਦੀ ਸ਼ਨਾਖ਼ਤ ਬਿੰਦਰ ਸਿੰਘ, ਬੂਟਾ ਸਿੰਘ ਤੇ ਗੁਰਜੰਟ ਸਿੰਘ ਵਜੋਂ ਹੋਈ ਸੀ। ਇਹ ਹਾਦਸਾ ਉਦੋਂ ਵਾਪਰਿਆ, ਜਦੋਂ ਉਹ ਖੇਤ ਵਿੱਚ ਕੰਮ ਕਰ ਰਹੇ ਸਨ ਕਿ ਉੱਚ ਵੋਲਟੇਜ ਵਾਲੀ ਬਿਜਲੀ ਦੀ ਤਾਰ ਉਨ੍ਹਾਂ ਉੱਤੇ ਡਿੱਗ ਪਈ। ਇਸ ਤੋਂ ਬਾਅਦ ਕੇਜਰੀਵਾਲ ਨੇ ਆਪਣੇ ਸਾਥਿਆਂ ਸਮੇਤ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪੁੱਜ ਕੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਨਤਮਸਤਕ ਹੋਏ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply