ਨਵੀਂ ਦਿੱਲੀ, 25 ਅਕਤੂਬਰ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਵਿਚ ਦੋ ਦਿਨੀਂ ”ਹਾਂਡੋ ਮਾਰਸ਼ਲ ਆਰਟ” ਕੌਮੀ ਪੱਧਰ ਦੀਆਂ ਖੇਡਾਂ ਕਰਵਾਈਆਂ ਗਈਆਂ। ਹਾਂਡੋ ਫੈਡਰੇਸ਼ਨ ਆੱਫ਼ ਇੰਡੀਆ ਦੇ ਸਹਿਯੋਗ ਨਾਲ ਹੋਏ ਇਨ੍ਹਾਂ ਮੁਕਾਬਲਿਆਂ ਵਿਚ 16 ਸੂਬਿਆਂ ਦੇ ਲਗਭਗ 1500 ਬੱਚਿਆਂ ਨੇ ਭਾਗ ਲਿਆ। ਮੁਕਾਬਲਿਆਂ ਦਾ ਉਦਘਾਟਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਰਦੇ ਹੋਏ ਸ਼ਰੀਰਿਕ ਤੰਦੁਰਸਤੀ ਨੂੰ ਬਰਕਰਾਰ ਰਖਣ ਵਾਸਤੇ ਅਜਿਹੇ ਮੁਕਾਬਲਿਆਂ ਨੂੰ ਜਰੂਰੀ ਦੱਸਿਆ।
ਜੀ.ਕੇ. ਨੇ ਕਿਹਾ ਕਿ ਆਤਮ ਰੱਖਿਆ ਲਈ ਜਿਥੇ ਹਾਂਡੋ ਇੱਕ ਵੱਡੀ ਤਾਕਤ ਦਾ ਸੋਮਾ ਹੈ ਉਥੇ ਹੀ ਸ਼ਰੀਰ ਨੂੰ ਤੰਦਰੁਸਤ ਰੱਖਣ ਦਾ ਵੀ ਵੱਡਾ ਮਾਧਿਯਮ ਹੈ। ਭਾਈ ਲੱਖੀ ਸ਼ਾਹ ਵਣਜਾਰਾ ਦੇ ਨਾਂ ‘ਤੇ ਇਸ ਮੁਕਾਬਲੇ ਨੂੰ ਕਰਾਉਣ ਦੇ ਪਿੱਛੇ ਦੇ ਕਾਰਨਾ ਦਾ ਵੀ ਜੀ.ਕੇ. ਨੇ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਸਮਾਜ ਦੇ ਹਿੱਸੇ ਵਣਜਾਰਾ ਸਮਾਜ ਨੂੰ ਬਣਦਾ ਮਾਨ-ਸਤਿਕਾਰ ਦੇਣ ਲਈ ਅਸੀਂ ਵੱਚਨਬੱਧ ਹਾਂ ਕਿਉਂਕਿ ਭਾਈ ਲੱਖੀ ਸ਼ਾਹ ਵਣਜਾਰਾ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਧੱੜ ਦਾ ਸਸਕਾਰ ਕਰਕੇ ਗੁਰੂ ਪ੍ਰੇਮ ਦਾ ਜੋ ਪ੍ਰਗਟਾਵਾ ਕੀਤਾ ਸੀ ਉਹ ਬੇਮਿਸਾਲ ਸੀ।
ਭਾਈ ਲੱਖੀ ਸ਼ਾਹ ਦੇ ਨਿਸ਼ਕਾਮ ਜੀਵਨ ਤੋਂ ਪ੍ਰੇਰਣਾ ਲੈਣ ਦੀ ਖਿਡਾਰੀਆਂ ਨੂੰ ਅਪੀਲ ਕਰਦੇ ਹੋਏ ਜੀ.ਕੇ. ਨੇ ਲਗਭਗ 600 ਲੜਕੀਆਂ ਵੱਲੋਂ ਉਕਤ ਮੁਕਾਬਲਿਆਂ ਵਿਚ ਹਿੱਸਾ ਲੈਣ ਦੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਹਾਂਡੋ ਫੈਡਰੇਸ਼ਨ ਆੱਫ਼ ਇੰਡੀਆ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਅਤੇ ਜਨਰਲ ਸਕੱਤਰ ਹੰਸਰਾਜ਼ ਨਾਮਸੋਟ ਵੱਲੋਂ ਜੀ.ਕੇ. ਨੂੰ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜੀ.ਕੇ. ਨੇ ”ਗੋ ਆਰ ਸੰਸਕ੍ਰਿਤੀ ਸੰਦੇਸ਼” ਮੈਗਜ਼ੀਨ ਦੇ ਵਿਸ਼ੇਸ਼ ਅੰਕ ਨੂੰ ਵੀ ਇਸ ਮੌਕੇ ਜਾਰੀ ਕੀਤਾ। ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਕਮੇਟੀ ਮੈਂਬਰ ਗੁਰਮੀਤ ਸਿੰਘ ਲੁਬਾਣਾ, ਕਮੇਟੀ ਦੀ ਘੁੰਮਤਰੂ ਸਿੱਖ ਸਮਾਜ ਸੈਲ ਦੇ ਮੁੱਖੀ ਬਬੇਕ ਸਿੰਘ ਮਾਟਾ ਅਤੇ ਫੈਡਰੇਸ਼ਨ ਵੱਲੋਂ ਸੁਖਵਿੰਦਰ ਸਿੰਘ, ਆਈ.ਐਸ.ਵਲਜੋਤ, ਕ੍ਰਿਸ਼ ਬੇਨੀਵਾਲ ਖਾਸ ਤੌਰ ਤੇ ਮੌਜੂਦ ਸਨ।
Check Also
ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਬਾਲ ਦਿਵਸ ‘ਤੇ ਖੇਡ ਸਮਾਰੋਹ ਕਰਵਾਇਆ
ਅੰਮ੍ਰਿਤਸਰ, 16 ਨਵੰਬਰ (ਜਗਦੀਪ ਸਿੰਘ) – ਬਾਲ ਦਿਵਸ ‘ਤੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਗਵਾਈ …