
ਫਾਜ਼ਿਲਕਾ, 28 ਨਵੰਬਰ (ਵਿਨੀਤ ਅਰੋੜਾ) – ਨਾਰਦਨ ਰੇਲਵੇ ਪੈਸੰਜਰ ਸੰਮਤੀ ਵੱਲੋਂ ਲੰਬੀ ਦੂਰੀ ਵਾਲੀਆਂ ਗੱਡੀਆਂ ਚਲਾਉਣ ਅਤੇ ਹੋਰ ਸੁਵਿਧਾਵਾਂ ਦੀਆਂ ਮੰਗਾਂ ਨੂੰ ਲੈਕੇ ਰੇਲਵੇ ਸਟੇਸ਼ਨ ਫਾਜ਼ਿਲਕਾ ਦੇ ਸਾਹਮਣੇ ਸ਼ੁਰੂ ਕੀਤਾ ਗਿਆ ਅਣਮਿੱਥੇ ਸਮੇਂ ਲਈ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ।
ਅੱਜ ਦੂਸਰੇ ਦਿਨ ਰੇਲਵੇ ਪੈਸੰਜਰ ਸੰਮਤੀ ਲਾਧੂਕਾ ਦੇ ਕਾਮਰੇਡ ਤੇਜਾ ਸਿੰਘ ਦੀ ਅਗਵਾਈ ਵਿਚ ਕਰਮ ਚੰਦ, ਪ੍ਰੇਮ ਕੁਮਾਰ ਮਹਿਮਾ, ਵੇਦ ਪ੍ਰਕਾਸ਼, ਪ੍ਰਸ਼ੋਤਮ ਸ਼ਰਮਾ, ਕਾਮਰੇਡ ਬ੍ਰਮਸੈਨ, ਬਲਵੀਰ ਸਿੰਘ ਧਰਨੇ ਤੇ ਬੈਠੇ।ਹਾਜ਼ਰੀਨ ਨੂੰ ਸੰਬੋਧਤ ਕਰੇਦ ਹੋਏ ਸੰਮਤੀ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ, ਕਾਮਰੇਡ ਸ਼ਕਤੀ, ਰਾਜ ਪਾਲ ਗੁੰਬਰ, ਅਮ੍ਰਤ ਲਾਲ ਕਰੀਰ, ਜਗਦੀਸ਼ ਕਟਾਰੀਆ, ਸੁਦਰਸ਼ਨ ਸਿਡਾਨਾ, ਸ਼ਾਮ ਲਾਲ ਗੋਇਲ, ਮਦਨ ਲਾਲ ਨਰੂਲਾ, ਕਾਮਰੇਡ ਤੇਜਾ ਸਿੰਘ, ਭਗਤ ਸਿੰਘ, ਪਰਮਜੀਤ ਸ਼ਰਮਾ ਅਤੇ ਰਾਮ ਕ੍ਰਿਸ਼ਨ ਧੁਨਕੀਆਂ ਨੇ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਬੀਤੇ ਲੰਬੇ ਸਮੇਂ ਤੋਂ ਦਿੱਲੀ ਵਾਲੀ ਰੇਲਗੱਡੀ ਛੱਡਕੇ ਕੋਈ ਵੀ ਲੰਬੀ ਦੂਰੀ ਦੀ ਰੇਲ ਗੱਡੀ ਨਹੀਂ ਚਲਾਈ ਗਈ ਜੋਕਿ ਇਲਾਕੇ ਦੇ ਲੋਕਾਂ ਦੀ ਮੁੱਖ ਮੰਗ ਸੀ।ਉਨ੍ਹਾਂ ਕਿਹਾ ਕਿ ਲੰਬੀ ਦੂਰੀ ਦੀਆਂ ਗੱਡੀਆਂ ਚਲਾਉਣ ਨਾਲ ਜਿੱਥੇ ਸ਼੍ਰੀ ਮੁਕਤਸਰ ਸਾਹਿਬ, ਬਰੀਵਾਲਾ, ਲੱਖੇਵਾਲੀ ਢਾਬ, ਕੋਟਕਪੂਰਾ, ਫਿਰੋਜ਼ਪੁਰ, ਫਰੀਦਕੋਟ, ਜਲਾਲਾਬਾਦ, ਲਾਧੂਕਾ, ਫਾਜ਼ਿਲਕਾ ਅਤੇ ਗੁਰੂਹਰਸਹਾਏ ਦੇ ਲੋਕਾਂ ਨੂੰ ਕਾਫ਼ੀ ਲਾਭ ਹੋਵੋਗਾ, ਉੱਥੇ ਰੇਲਵੇ ਵਿਭਾਗ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ।
ਉਨ੍ਹਾਂ ਮੰਗ ਕੀਤੀ ਕਿ ਫਾਜ਼ਿਲਕਾ-ਫਿਰੋਜ਼ਪੁਰ ਦੇ ਵਿਚਕਾਰ ਚਲਦੀ ਡੀਐਮਯੂ ਗੱਡੀ ਦੇ ਡੱਬੇ ਵਧਾਏ ਜਾਣ ਅਤੇ ਪਖਾਨਿਆਂ ਦੀ ਸੁਵਿਧਾ ਦਿੱਤੀ ਜਾਵੇ, ਬੰਦ ਕੀਤੇ ਗਏ ਰੂਟ ਬਠਿੰਡਾ ਤੱਕ ਡੀਐਮਯੂ ਗੱਡੀ ਚਲਾਈ ਜਾਵੇ, ਮੱਲਾਂਵਾਲੀ-ਪੱਟੀ ਦੇ ਵਿਚਕਾਰ ਮੰਜ਼ੂਰਸ਼ੁਦਾ ਰੇਲਵੇ ਟ੍ਰੈਕ ਬਣਾਇਆ ਜਾਵੇ, ਕੋਟਕਪੂਰਾ-ਮੋਗਾ ਦਾ ਸਰਵੇ ਮੁਤਾਬਕ ਨਵੀਂ ਰੇਲਵੇ ਲਾਇਨ ਬਣਾਈ ਜਾਵੇ, ਅਬੋਹਰ-ਫਾਜ਼ਿਲਕਾ ਦੇ ਵਿਚਕਾਰ ਹੋਰ ਗੱਡੀਆਂ ਚਲਾਈਆਂ ਜਾਣ, ਫਾਜ਼ਿਲਕਾ ਸਟੇਸ਼ਨ ਤੇ ਨਵੀਂ ਵਾਸ਼ਿੰਗ ਲਾਇਨ ਦੀ ਸਥਾਪਨਾ ਕੀਤੀ ਜਾਵੇ।ਫਾਜ਼ਿਲਕਾ ਤੋਂ ਹਰੀਦੁਆਰ ਅਤੇ ਨਾਂਦੇੜ ਸਾਹਿਬ ਤੱਕ ਲੰਬੇ ਰੂਟ ਦੀਆਂ ਗੱਡੀਆਂ ਚਲਾਈਆਂ ਜਾਣ। ਇਸ ਤੋਂ ਇਲਾਵਾ ਫਾਜ਼ਿਲਕਾ ਤੋਂ ਦਿੱਲੀ ਦੇ ਲਈ ਇੱਕ ਐਕਸਪ੍ਰੈਸ ਚਲਾਈ ਜਾਵੇ।
ਸੰਮਤੀ ਦੇ ਅਹੁੱਦੇਦਾਰਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਦ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਸੰਮਤੀ ਨੇ 20 ਅਕਤੂਬਰ 2016 ਨੂੰ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਉਚਿਤ ਨਿਆਂ ਸੰਗਤ ਮਨਾਉਣ ਦਾ ਨੋਟਿਸ ਭੇਜਿਆ ਸੀ। ਨੋਟਿਸ ਦੀ ਮਿਆਦ ਬੀਤ ਜਾਣ ਅਤੇ ਸੰਮਤੀ ਵੱਲੋਂ ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਫਾਜ਼ਿਲਕਾ ਸਟੇਸ਼ਨ ਦੇ ਬਾਹਰ ਹਰ ਰੋਜ਼ ਧਰਨਾ ਲਗਾਇਆ ਜਾਵੇਗਾ।ਇਸ ਮੌਕੇ ਸੰਮਤੀ ਦੇ ਮੈਂਬਰਾਂ ਅਤੇ ਧਰਨੇ ਤੇ ਬੈਠੇ ਰੇਲਵੇ ਪੈਸੰਜਰ ਸੰਮਤੀ ਲਾਧੂਕਾ ਦੇ ਮੈਂਬਰਾਂ ਨੇ ਮੰਗਾਂ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗਾਂ ਨੂੰ ਜਲਦੀ ਪੂਰਾ ਕਰਨ ਦੀ ਮੰਗ ਕੀਤੀ।