ਅੰਮ੍ਰਿਤਸਰ, 3 ਜੂਨ ( ਜਗਦਪਿ ਸਿੰਘ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ, ਮੀਤ ਪ੍ਰਧਾਨ ਡਾ: ਸੰਤੋਖ ਸਿੰਘ, ਸਥਾਨਕ ਪ੍ਰਧਾਨ ਸ੍ਰ. ਨਿਰਮਲ ਸਿੰਘ, ਆਨਰੇਰੀ ਸੱਕਤਰ ਸ੍ਰ. ਨਰਿੰਦਰ ਸਿੰਘ ਖੁਰਾਨਾ ਅਤੇ ਐਡੀ: ਸੱਕਤਰ ਸ੍ਰ. ਜਸਵਿੰਦਰ ਸਿੰਘ ਅੇਡਵੋਕੇਟ ਦੀ ਪ੍ਰੇਰਣਾ ਸਦਕਾ ਅੱਠਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਲਈ ਮਿਤੀ 2 ਅਤੇ 3 ਜੂਨ ਨੂੰ ਇਕ ਵਿਸ਼ੇਸ਼ ਗੁਰਮਤਿ ਟਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਦੇ ਪਹਿਲੇ ਦਿਨ ਦਾ ਆਰੰਭ ਗੁਰਦੁਆਰਾ ਸਾਹਿਬ ਵਿਖੇ ਜਪੁਜੀ ਸਾਹਿਬ ਅਤੇ ਚੌਪਈ ਸਾਹਿਬ ਦੇ ਪਾਠ ਨਾਲ ਕੀਤਾ ਗਿਆ । ਉਪਰੰਤ ਸ਼੍ਰੀਮਤੀ ਅਮਰਜੀਤ ਕੌਰ ਨੇ ‘ਕੌਰ ਹੋਣ ਤੇ ਮਾਣ’ ਵਿਸ਼ੇ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ ਅਤੇ ਔਰਤ ਦੇ ਸੰਸਾਰਕ ਰੂਪ ਤੋਂ ਇਲਾਵਾ ਪ੍ਰੇਰਨਾ, ਭਗਤੀ ਤੇ ਸ਼ਕਤੀ ਦੇ ਰੂਪ ਬਾਰੇ ਦੱਸਦਿਆਂ ਲੜਕੀਆਂ ਵਿੱਚ ਸਵੈਮਾਨ ਅਤੇ ਸਵੈਰੱਖਿਆ ਵਰਗੇ ਗੁਣ ਪੈਦਾ ਕਰਨ ਦੀ ਪ੍ਰੇਰਨਾ ਦਿੱਤੀ । ਵਿਦਿਆਰਥੀ ਇਸ ਤੋਂ ਬਾਅਦ ਸੈਂਟਰਲ ਖਾਲਸਾ ਯਤੀਮਖਾਨੇ ਵਿਖੇ ਗਏ ਅਤੇ ਉਥੇ ਪੁਰਾਤਨ ਹੱਥ ਲਿਖਤਾਂ, ਸ਼ਸਤਰਾਂ ਦੇ ਦਰਸ਼ਨ ਕੀਤੇ ਅਤੇ ਉਥੋਂ ਦੇ ਵਿਦਿਆਰਥੀਆਂ ਨਾਲ ਮਿਲ ਬੈਠ ਕੇ ਲੰਗਰ ਛੱਕਿਆ । ਉਪਰੰਤ ਵਿਚਾਰ ਗੋਸ਼ਟੀ ਦੇ ਦੂਜੇ ਸੈਸ਼ਨ ਵਿੱਚ ਸ਼੍ਰੀਮਤੀ ਡਾ: ਜਸਵਿੰਦਰ ਕੌਰ ਮਾਹਲ ਨੇ ਵਿਦਿਆਰਥੀਆਂ ਨੂੰ ਮਾਤਾ-ਪਿਤਾ ਦੇ ਸਤਿਕਾਰ ਸੰਬੰਧਿਤ ਵਿਸ਼ੇ ਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਮਾਤਾ-ਪਿਤਾ ਦੇ ਆਗਿਆਕਾਰੀ ਰਹਿਣ ਦੀ ਪ੍ਰੇਰਨਾ ਦਿੱਤੀ । ਸ਼ਾਮ ਵੇਲੇ ਵਿਦਿਆਰਥੀਆਂ ਨੂੰ ‘ਕਬ ਗਲਿ ਲਵਹਿਗੇ’ ਪੰਜਾਬੀ ਧਾਰਮਿਕ ਫਿਲਮ ਵੀ ਦਿਖਾਈ ਗਈ । ਅਖੀਰ ਵਿੱਚ ਚੌਪਈ ਸਾਹਿਬ ਦਾ ਪਾਠ ਅਤੇ ਅਰਦਾਸ ਨਾਲ ਸਮਾਪਤੀ ਕੀਤੀ ਗਈ । ਕੈਂਪ ਦੇ ਦੂਸਰੇ ਦਿਨ ਵਿਦਿਆਰਥੀਆਂ ਨੂੰ ਬੀੜ ਬਾਬਾ ਬੁੱਢਾ ਸਾਹਿਬ ਜੀ ਝਬਾਲ, ਜਨਮ ਅਸਥਾਨ ਸ੍ਰੀ ਗੁਰੂ ਅਮਰਦਾਸ ਜੀ ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਅਤੇ ਛੇਹਰਟਾ ਸਾਹਿਬ ਦੇ ਦਰਸ਼ਨ ਕਰਵਾਏ ਗਏ । ਸਕੂਲ ਦੇ ਪ੍ਰਿੰਸੀਪਲ ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਗੁਰਬਾਣੀ ਅਤੇ ਗੁਰੂ ਨਾਲ ਜੁੜਨ ਦੀ ਇਹ ਸਭ ਤੋਂ ਵਧੀਆ ਉਮਰ ਹੈ । ਵਿਦਿਆਰਥੀ ਜੋ ਵੀ ਇਸ ਸਮੇਂ ਦੌਰਾਨ ਸਿੱਖਦੇ ਹਨ, ਉਹ ਸਾਰੀ ਉਮਰ ਯਾਦ ਰੱਖਦੇ ਹਨ । ਉਨ੍ਹਾਂ ਵਿਦਿਆਰਥੀਆਂ ਨੂੰ ਗੁਰੂ ਪ੍ਰਤੀ ਜੁੜੇ ਰਹਿਣ ਦੀ ਵੀ ਪ੍ਰੇਰਨਾ ਦਿੱਤੀ । ਅੰਤ ਵਿੱਚ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ । ਕੈਂਪ ਦਾ ਸੰਚਾਲਨ ਧਾਰਮਿਕ ਅਧਿਆਪਕਾ ਸ਼੍ਰੀਮਤੀ ਸੁਖਜੀਤ ਕੌਰ ਨੇ ਬਾਖੂਬੀ ਕੀਤਾ । ਕੈਂਪ ਵਿੱਚ ਮੁੱਖ ਅਧਿਆਪਕਾ ਸ਼੍ਰੀਮਤੀ ਕਵਲਪ੍ਰੀਤ ਕੌਰ, ਸ਼੍ਰੀਮਤੀ ਹਰਪ੍ਰੀਤ ਕੌਰ ਸੋਢੀ, ਸ੍ਰ. ਯਾਦਵਿੰਦਰ ਸਿੰਘ ਅਤੇ ਡਾ: ਅਮਰਪਾਲੀ ਵੀ ਸ਼ਾਮਲ ਹੋਏ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …