ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾ ਨਾ ਦੇ ਕੇ ਸੁਰਖੀਆ ਵਿੱਚ ਆਉਣ ਵਾਲੇ ਅਰਦਾਸੀਏ ਭਾਈ ਬਲਬੀਰ ਸਿੰਘ ਦੀ ਬਰਖਾਸਤਗੀ ਤੋ ਬਾਅਦ ਸ਼੍ਰੋਮਣੀ ਕਮੇਟੀ ਦੇ ਨਵੇ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਦੇ ਆਦੇਸ਼ਾਂ ‘ਤੇ ਮੁੜ ਬਹਾਲ ਹੋਣ ਉਪਰੰਤ ਭਾਂਵੇ ਭਾਈ ਬਲਬੀਰ ਸਿੰਘ ਨੇ ਆਪਣੀ ਡਿਊਟੀ ਦੁਬਾਰਾ ਸੰਭਾਲ ਲਈ ਹੈ, ਪਰ ਇੱਕ ਵਾਰੀ ਫਿਰ ਮਰਿਆਦਾ ਦੇ ਲਕਬ ਤੇ ਪਹਿਰਾ ਦੇਣ ਦੀ ਗੱਲ ਕਰਦਿਆ ਉਹਨਾਂ ਆਪਣੇ ਸੰਕਲਪ ਨੂੰ ਦੁਹਰਾਉਦਿਆ ਕਿਹਾ ਕਿ ਨਿਯਮਾਂ, ਮਰਿਆਦਾ ਤੇ ਪਰੰਪਰਾਵਾਂ ਦੀ ਉਂਲੰਘਣਾ ਕਰਕੇ ਕਿਸੇ ਵੀ ਵਿਅਕਤੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰੋ ਸਿਰੋਪਾ ਨਹੀ ਦਿੱਤਾ ਜਾਵੇਗਾ ਭਾਂਵੇ ਉਹ ਕਿਸੇ ਵੀ ਉੱਚੇ ਤੇ ਸੁੱਚੇ ਆਹੁਦੇ ‘ਤੇ ਵੀ ਕਿਉ ਨਾ ਬੈਠਾ ਹੋਵੇ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਿਛਲੇ ਕਰੀਬ ਤਿੰਨ ਦਹਾਕਿਆਂ ਤਂੋ ਵੱਖ ਵੱਖ ਆਹੁਦਿਆਂ ‘ਤੇ ਸੇਵਾ ਨਿਭਾਉਣ ਤੋ ਇਲਾਵਾ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸੀਆ ਦੀ ਸੇਵਾਵਾਂ ਨਿਭਾਉਣ ਵਾਲੇ ਭਾਈ ਬਲਬੀਰ ਸਿੰਘ ਨੂੰ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਤੱਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਜੂਨ 2016 ਵਿੱਚ ਉਸ ਵੇਲੇ ਨੌਕਰੀ ਤੋ ਬਰਖਾਸਤ ਕਰ ਦਿੱਤਾ ਸੀ, ਜਦੋ ਉਹਨਾਂ ਨੇ ਮਰਿਆਦਾ ਤੇ ਪਰੰਪਰਾਵਾਂ ‘ਤੇ ਪਹਿਰਾ ਦਿੰਦਿਆ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਮੱਥਾ ਟੇਕਣ ਉਪਰੰਤ ਸ੍ਰੀ ਦਰਬਾਰ ਸਾਹਿਬ ਵਿਖੇ ਇਹ ਕਹਿ ਤੇ ਸਿਰੋਪਾ ਦੇਣ ਤੋ ਇਨਕਾਰ ਕਰ ਦਿੱਤਾ ਸੀ ਕਿ ਉਹ ਪੰਜਾਬ ਸਰਕਾਰ ਦੇ ਮੁੱਖ ਅਹੁਦੇਦਾਰ ਹੋਣ ਦੇ ਬਾਵਜੂਦ ਵੀ ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਨਾਕਾਮ ਰਹੇ ਹਨ ਇਸ ਲਈ ਉਹ ਸਿਰੋਪੇ ਦੇ ਹੱਕਦਾਰ ਨਹੀ ਹਨ।
ਲੰਮੀ ਚੁੱਪ ਤੋੜਣ ਉਪਰੰਤ ਭਾਈ ਬਲਬੀਰ ਸਿੰਘ ਨੇ ਇੱਕ ਬਿਆਨ ਰਾਹੀ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਦੇ ਦਰਬਾਰ ਦੀ ਸੇਵਾ ਉਸ ਦੀ ਅਪਾਰ ਬਖਸ਼ਿਸ਼ ਨਾਲ ਹੀ ਮਿਲਦੀ ਹੈ ਅਤੇ ਸੱਚਖੰਡ ਸਾਹਿਬ ਦੀ ਇੱਕ ਮਿੰਟ ਦੀ ਸੇਵਾ ਵੀ ਧੁਰੋਂ ਬਖਸ਼ਿਸ਼ ਤੇ ਸ੍ਰੀ ਗੁੂਰੂ ਗ੍ਰੰਥ ਸਾਹਿਬ ਦੀ ਅਪਾਰ ਕਿਰਪਾ ਸਦਕਾ ਹੀ ਮਿਲਦੀ ਹੈ।ਉਹਨਾਂ ਕਿਹਾ ਕਿ ਮਰਿਆਦਾ ਤੇ ਪਰੰਪਰਾਵਾ ਦੀ ਰਾਖੀ ਕਰਦਿਆਂ ਜਦੋ ਉਹਨਾਂ ਨੂੰ ਪ੍ਰਬੰਧਕਾਂ ਨੇ ਸੇਵਾ ਤੋ ਲਾਂਭੇ ਕਰ ਦਿੱਤਾ ਸੀ ਤਾਂ ਸਿੱਖ ਪੰਥ ਦਾ ਦਰਦ ਰੱਖਣ ਵਾਲਿਆਂ ਨੇ ਉਹਨਾਂ ਦੇ ਹੱਕ ਵਿੱਚ ਅਰਦਾਸਾਂ ਕੀਤੀਆਂ ਸਨ ਅਤੇ ਅਸੀਸਾਂ ਦਿੱਤੀਆਂ ਜਿਸ ਲਈ ਉਹ ਸਿੱਖ ਕੌਮ ਦੀਆ ਚਿੰਤਕ ਸੰਗਤਾਂ ਦਾ ਧੰਨਵਾਦ ਕਰਦੇ ਹਨ।ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਦਾ ਵੀ ਉਹਨਾਂ ਨੂੰ ਪੂਰਾ ਪੂਰਾ ਸਹਿਯੋਗ ਮਿਲਿਆ।
ਉਹਨਾਂ ਕਿਹਾ ਕਿ ਸਰਵਿਸ ਦੌਰਾਨ ਉਹਨਾਂ ਨੇ ਸ਼ਰੋਮਣੀ ਕਮੇਟੀ ਨਾਲ ਪੂਰੀ ਵਫਾਦਾਰੀ ਤੇ ਇਮਾਨਦਾਰੀ ਨਾਲ ਸੇਵਾ ਨਿਭਾਈ ਅਤੇ ਉਹਨਾਂ ਨੂੰ ਅਧਿਕਾਰੀਆਂ ਕੋਲੋਂ ਵੀ ਪੂਰਾ ਪੂਰਾ ਸਹਿਯੋਗ ਮਿਲਿਆ ਅਤੇ ਉਹਨਾਂ ਨੂੰ ਸੰਸਥਾ ਆਪਣਾ ਇੱਕ ਪਰਿਵਾਰ ਭਾਸਦੀ ਹੈ।ਉਹਨਾਂ ਕਿਹਾ ਕਿ ਉਹਨਾਂ ਨੂੰ ਜਦੋਂ ਸੇਵਾ ਤੋ ਲਾਂਭੇ ਕੀਤਾ ਗਿਆ ਸੀ ਤਾਂ ਮੁਲਾਜਮਾਂ ਤੇ ਅਧਿਕਾਰੀਆਂ ਨੇ ਉਹਨਾਂ ਦੇ ਹੱਕ ਵਿੱਚ ਫਤਵਾ ਦਿੱਤਾ, ਪਰ ਕੌਣ ਸਾਹਿਬ ਨੂੰ ਆਖੇ.. .. ..! ਸ਼ਾਇਦ ਉਹਨਾਂ ਦੀ ਸੇਵਾ ਮੁਕਤੀ ਸ਼੍ਰੋਮਣੀ ਕਮੇਟੀ ਦੇ ਕੁੱਝ ਅਧਿਕਾਰੀਆਂ ਤੇ ਆਹੁਦੇਦਾਰਾਂ ਦੀ ਕੋਈ ਮਜਬੂਰੀ ਵੀ ਹੋ ਸਕਦੀ ਹੈ।
ਉਹਨਾਂ ਕਿਹਾ ਕਿ ਉਹਨਾਂ ਆਪਣੀ ਕਾਰਵਾਈ ਪਾਉਣ ਉਪਰੰਤ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕਰਕੇ ਦ੍ਰਿੜ ਸੰਕਲਪ ਲਿਆ ਸੀ ਕਿ ਉਹਨਾਂ ਨੇ ਬੇਦਾਵਾ (ਅਸਤੀਫਾ) ਦੇ ਕੇ ਗੁਰੂ ਤੋ ਬੇਮੁੱਖ ਹੋਣ ਦਾ ਕਲੰਕ ਮੱਥੇ ‘ਤੇ ਨਹੀ ਲਗਵਾਉਣਾ, ਸੰਸਥਾ ਜੋ ਵੀ ਕਾਰਵਾਈ ਕਰੇ ਉਸ ਨੂੰ ਹੀ ਪ੍ਰਵਾਨ ਕਰਨਾ ਹੈ।ਇਹ ਵੀ ਫੈਸਲਾ ਕੀਤਾ ਕਿ ਸੇਵਾ ਲਈ ਕਿਸੇ ਨੂੰ ਸਿਫਾਰਸ਼ ਵੀ ਨਹੀ ਕਰਨੀ ਤੇ ਸੇਵਾ ਵਾਸਤੇ ਕੋਈ ਅਰਜ਼ੀ ਜਾਂ ਦਰਖਾਸਤ ਵੀ ਨਹੀ ਦੇਣੀ। ਜੇਕਰ ਗੁਰੂ ਸਾਹਿਬ ਖੁਦ ਸੇਵਾ ਦੀ ਬਖਸ਼ਿਸ਼ ਕਰਦੇ ਹਨ ਤਾਂ ਉਸ ਨੂੰ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਸਮਝ ਕੇ ਮੱਥੇ ਨਾਲ ਲਗਾਉਣਾ ਹੈ।
ਅਤੀਤ ਦੇ ਪੰਨੇ ਫਰੋਲਦਿਆ ਉਹਨਾਂ ਕਿਹਾ ਕਿ ਸੰਨ 1984 ਵਿੱਚ ਜਦੋ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਦੀ ਅਰਜ਼ੀ ਦਿੱਤੀ ਸੀ ਤਾਂ ਉਹਨਾਂ ਨੇ ਸਪੱਸ਼ਟ ਲਿਖਿਆ ਸੀ ਕਿ ਉਹ ਆਨਰੇਰੀ (ਬਿਨਾਂ ਤਨਖਾਹ) ਸੇਵਾ ਕਰਨ ਲਈ ਤਿਆਰ ਹਨ।ਉਹਨਾਂ ਕਿਹਾ ਕਿ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋ ਭਾਵੇਂ ਸੇਵਾ ਫਲ ਦਿੱਤਾ ਜਾਂਦਾ ਹੈ ਪਰ ਅੱਜ ਵੀ ਉਹਨਾਂ ਦੀ ਰੁੱਚੀ ਤਨਖਾਹ ਵਿੱਚ ਨਹੀ ਸਗੋ ਗੁਰੂ ਘਰ ਦੇ ਝਾੜੂ ਬਰਦਾਰ ਬਣ ਕੇ ਸੇਵਾ ਕਰਨ ਵਿੱਚ ਹੈ।ਉਹਨਾਂ ਕਿਹਾ ਕਿ ਉਹ ਗੁਰੂ ਘਰ ਦੀ ਮਰਿਆਦਾ ਵਿੱਚ ਯਕੀਨ ਰੱਖਦੇ ਹਨ ਤੇ ਸਰਕਾਰਾਂ ਤਾਂ ਆਉਦੀਆਂ ਜਾਂਦੀਆਂ ਹਨ ਤੇ ਉਹ ਸਰਕਾਰ ਦੀ ਮਰਿਆਦਾ ਵਿੱਚ ਯਕੀਨ ਨਹੀ ਰੱਖਦੇ।ਉਹਨਾਂ ਕਿਹਾ ਕਿ ਇਥੇ ਤਾਂ ਰਾਜਾ ਤੇ ਰੰਕ ਇੱਕ ਸਮਾਨ ਹਨ ਤੇ ਸਭ ਨਾਲ ਬਰਾਬਰ ਦਾ ਵਿਵਹਾਰ ਕੀਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਚੋਣਾਂ ਤੋਂ ਬਾਅਦ ਸ਼ਾਇਦ ਉਹਨਾਂ ਦੀ ਸੇਵਾ ‘ਤੇ ਇੱਕ ਵਾਰੀ ਫਿਰ ਸੰਕਟ ਦੇ ਬੱਦਲ ਮੰਡਰਾਉਣ ਲੱਗ ਪੈਣ, ਪਰ ਪਿਛਲੇ ਦੋ ਸਾਲਾਂ ਤੋ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੱਦ ਬੇਅਦਬੀ ਥਾਂ ਥਾਂ ਤੋ ਹੋ ਰਹੀ ਹੈ ਉਸ ਨਾਲ ਸਮੁੱਚੇ ਪੰਥ ਦਰਦੀਆ ਦੇ ਹਿਰਦੇ ਵਲੂੰਧਰੇ ਗਏ ਹਨ।ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਜਿਥੇ ਬਹੁਤ ਸਾਰੀਆ ਸੰਸਥਾਵਾਂ ਨੇ ਆਪਣਾ ਯੋਗਦਾਨ ਪਾਇਆ ਉਥੇ ਉਹਨਾਂ ਨੇ ਵੀ ਆਪਣੀ ਯਥਾ ਸ਼ਕਤੀ ਮੁਤਾਬਕ ਹਿੱਸਾ ਪਾਉਣ ਦਾ ਯਤਨ ਕੀਤਾ ਤਾਂ ਹੀ ਉਹਨਾਂ ਦੀ ਸੇਵਾ ਮੁਕਤੀ ਹੋ ਗਈ ਜਿਸ ਨੂੰ ਲੈ ਕੇ ਉਹਨਾਂ ਨੂੰ ਕਿਸੇ ‘ਤੇ ਵੀ ਕੋਈ ਗਿੱਲਾ ਜਾਂ ਰੋਸ ਨਹੀ ਹੈ।ਉਹਨਾਂ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਲਈ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਹਨ, ਨੌਕਰੀ ਤੋ ਸੇਵਾ ਮੁਕਤੀ ਤਾਂ ਬਹੁਤ ਹੀ ਛੋਟਾ ਜੁਮਲਾ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਕਦੇ ਵੀ ਇਹ ਬਰਦਾਸ਼ਤ ਨਹੀ ਕਰ ਸਕਦਾ ਕਿ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਅਤੇ ਸਰਵ ਸ਼ਕਤੀਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ। ਉਹਨਾਂ ਕਿਹਾ ਕਿ ਉਹਨਾਂ ਨੇ 6 ਦਸੰਬਰ ਨੂੰ ਸਾਰੀਆ ਪੰਥਕ ਧਿਰਾਂ ਨੂੰ ਏਕਤਾ ਦੀ ਅਪੀਲ ਕੀਤੀ ਸੀ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਨੂੰ ਸੁਨਿਸਚਿਤ ਕਰਨ ਲਈ ਇੱਕ ਝੰਡੇ ਥੱਲੇ ਇਕੱਠੇ ਹੋਇਆ ਜਾਵੇ। ਉਹਨਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਬਹੁਤ ਗੌਰਵਮਈ ਤੇ ਕੁਰਬਾਨੀਆਂ ਭਰਪੂਰ ਹੈ ਜਿਸ ਦੀ ਮਿਸਾਲ ਹੋਰ ਕਿਧਰੇ ਨਹੀ ਮਿਲਦੀ।ਦੇਸ਼ ਦੀ ਅਜਾਦੀ ਤੋ ਇਲਾਵਾ ਧਰਮ ਦੀ ਰਾਖੀ ਲਈ ਵੀ ਸਿੱਖ ਗੁਰੂ ਸਾਹਿਬਾਨ ਅਤੇ ਵੱਡੇ ਕੱਦ ਬੁੱਤ ਵਾਲੇ ਬਾਬਾ ਦੀਪ ਸਿੰਘ ਸ਼ਹੀਦ ਵਰਗੇ ਸਿੱਖ ਜਰਨੈਲਾਂ ਨੇ ਵੀ ਕੁਰਬਾਨੀਆ ਦੇ ਕਿ ਸਿੱਖ ਪੰਥ ਦੇ ਬੂਟੇ ਨੂੰ ਆਪਣੇ ਖੂਨ ਨਾਲ ਸਿੰਜਿਆ ਹੈ।ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਹੋਰ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਕਰੜੀ ਸਜਾ ਦਿਵਾਉਣ ਲਈ ਵਿਧਾਨ ਸਭਾ ਤੇ ਸੰਸਦ ਵਿੱਚ ਵੀ ਸਖਤ ਕਨੂੰਨ ਬਣਾਏ ਜਾਣੇ ਚਾਹੀਦੇ ਹਨ ਤਾਂ ਕਿ ਕੋਈ ਵੀ ਕਿਸੇ ਵੀ ਧਰਮ ਦੇ ਅਕੀਦੇ ਨੂੰ ਠੇਸ ਪਹੁੰਚਾਉਣ ਦੀ ਹਿੰਮਤ ਨਾ ਜੁਟਾ ਸਕੇ।
ਉਹਨਾਂ ਕਿਹਾ ਕਿ ਮੁਸਲਮਾਨ ਧਰਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਅਤੇ ਉਹਨਾਂ ਦਾ ਧਾਰਮਿਕ ਗ੍ਰੰਥ ਕੁਰਾਨ ਸ਼ਰੀਫ ਬਾਰੇ ਕੋਈ ਇੱਕ ਸ਼ਬਦ ਦੀ ਵੀ ਮਰਅਿਾਦਾ ਤੇ ਪਰੰਪਰਾਵਾਂ ਦੇ ਖਿਲਾਫ ਵਰਤੋ ਕਰੇ ਤਾਂ ਦੁਨੀਆ ਭਰ ਦੇ ਮੁਸਲਮਾਨ ਇੱਕ ਮੁੱਠ ਹੋ ਕੇ ਉਸ ਦਾ ਜਵਾਬ ਦਿੰਦੇ ਹਨ ਤੇ ਮੁਸਲਿਮ ਰਵਾਇਤਾਂ ਅਨੁਸਾਰ ਅਜਿਹੇ ਵਿਅਕਤੀ ਨੂੰ ਸਜ਼ਾਏ ਮੌਤ ਦਿੱਤੀ ਜਾਂਦੀ ਹੈ।ਉਹਨਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੋ ਜੋ ਵੀ ਫੁਰਮਾਨ ਜਾਰੀ ਹੁੰਦਾ ਹੈ ਸਿੱਖ ਕੌਮ ਉਸ ਨੂੰ ਇਲਾਹੀ ਫੁਰਮਾਨ ਮੰਨ ਕੇ ਉਸ ‘ਤੇ ਪਹਿਰਾ ਦੇਣ ਲਈ ਪਾਬੰਦ ਹੁੰਦੀ ਹੈ ਤੇ ਸਿੱਖ ਕੌਮ ਵਿੱਚ ਗੁਰੂ ਦੀ ਖਾਤਰ ਕੁਰਬਾਨੀਆਂ ਦੇਣ ਵਾਲਿਆਂ ਦੀ ਅੱਜ ਵੀ ਲੰਮੀ ਕਤਾਰ ਲੱਗੀ ਹੋਈ ਹੈ।ਉਹਨਾਂ ਕਿਹਾ ਕਿ ਛੇਵੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਪਹਿਣ ਕੇ ਸਿੱਖ ਪੰਥ ਵਿੱਚ ਧਰਮ ਤੇ ਸਿਆਸਤ ਨੂੰ ਇਕੱਠਾ ਕੀਤਾ ਤੇ ਧਰਮ ਦਾ ਕੁੰਡਾ ਸਿਆਸਤ ਤੇ ਭਾਰੂ ਰੱਖਿਆ ਜਿਸ ਦੀ ਨਿਸ਼ਾਨਦੇਹੀ ਅੱਜ ਵੀ ਝੰਡੇ ਬੁੰਗੇ ਦੇ ਲੱਗੇ ਦੋ ਨਿਸ਼ਾਨ ਸਾਹਿਬ ਕਰਦੇ ਹਨ ਪਰ ਅਫਸੋਸ ਅੱਜ ਸਿਆਸਤ ਧਰਮ ਤੇ ਭਾਰੂ ਹੋ ਗਈ ਹੈ ਤੇ ਸਿਆਸੀ ਆਗੂ ਧਰਮ ਨੂੰ ਕੱਠਪੁਤਲੀ ਵਾਂਗ ਆਪਣੇ ਸਿਆਸੀ ਮੰਤਵ ਲਈ ਵਰਤ ਰਹੇ ਹਨ ਜੋ ਮੰਦਭਾਗਾ ਹੈ ਤੇ ਧਰਮ ਦੀਆ ਸਫਾਂ ਵਿੱਚ ਗਿਰਾਵਟ ਦਾ ਕਾਰਨ ਬਣ ਰਹੀ ਹੈ।
ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਕੋਈ ਦਸਤਾਰ ਸਜਾ ਕੇ, ਕੋਈ ਰੁਮਾਲ ਬੰਨ ਕੇ ਜਾਂ ਕੋਈ ਟੋਪੀ ਪਾ ਕੇ ਮੱਥਾ ਟੇਕਦਾ ਹੈ ਇਹ ਮਾਅਨਾ ਨਹੀ ਰੱਖਦਾ ਸਗੋ ਮਾਅਨਾ ਸਿਰਫ ਸ੍ਰੀ ਦਰਬਾਰ ਸਾਹਿਬ ਦੀ ਪੁਰਾਤਨ ਪਰੰਪਰਾ ਰੱਖਦੀ ਹੈ ਕਿ ਕੋਈ ਵੀ ਵਿਅਕਤੀ ਟੋਪੀ ਪਾ ਕੇ ਮੱਥਾ ਨਹੀ ਟੇਕ ਸਕਦਾ।ਉਹਨਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਖਿਲਾਫ ਨਹੀ ਹਨ ਕਿਉਕਿ ਹਿੰਦੂ ਧਰਮ ਨਾਲ ਸਬੰਧਿਤ ਬਹੁਤ ਸਾਰੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ਼ ਰੱਖਦੇ ਹਨ ਤੇ ਹਮੇਸ਼ਾਂ ਸਿਰ ਤੇ ਰੁਮਾਲ ਬੰਨ ਕੇ ਹੀ ਮੱਥਾ ਟੇਕਦੇ ਹਨ।ਉਹਨਾਂ ਕਿਹਾ ਕਿ ਸ੍ਰੀ ਮੋਦੀ ਨੂੰ ਜੇਕਰ ਕਿਸੇ ਪ੍ਰਕਾਰ ਦੀ ਕਿਸੇ ਸਿਆਸੀ ਆਗੂ ਨੇ ਟੋਪੀ ਪਾ ਕੇ ਮੱਥਾ ਟੇਕਣ ਦੀ ਇਜ਼ਾਜ਼ਤ ਦਿੱਤੀ ਹੈ ਤਾਂ ਇਹ ਮਰਿਆਦਾ ਦੇ ਉਲਟ ਹੀ ਨਹੀ ਸਗੋ ਉਸ ਆਗੂ ਦੀ ਆਪਣੀ ਸੋਚ ਦਾ ਵੀ ਜਨਾਜ਼ਾ ਕੱਢਦੀ ਹੈ।ਉਹਨਾਂ ਸੁਝਾਅ ਦਿੱਤਾ ਕਿ ਸਿੱਖ ਬੁੱਧੀਜੀਵੀਆਂ ਨੂੰ ਚਾਹੀਦਾ ਹੈ ਕਿ ਉਹ ਸੰਤ ਸਮਾਜ ਨਾਲ ਸਲਾਹ ਮਸ਼ਵਰਾ ਕਰਕੇ ਭਵਿੱਖ ਵਿੱਚ ਯਕੀਨੀ ਬਣਾਉਣ ਕਿ ਕਿਸੇ ਨੂੰ ਵੀ ਮਰਿਆਦਾ ਦੀ ਉਲੰਘਣਾ ਕਰਨ ਦਾ ਮੌਕਾ ਨਾ ਦਿੱਤਾ ਜਾਵੇਗਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …