Monday, February 23, 2026

ਮਹਾਨ ਆਜਾਦੀ ਘੁਲਾਟੀਏ, ਪੱਤਰਕਾਰ, ਸਿੱਖਿਆ ਮਾਹਿਰ ਤੇ ਸਮਾਜ ਸੁਧਾਰਕ ਲਾਲਾ ਸੁਨਾਮ ਰਾਏ ਐਮ.ਏ

25 ਦਸੰਬਰ ਨੂੰ ਬਰਸੀ `ਤੇ ਵਿਸ਼ੇਸ਼ :-

ppn2412201620ਫਾਜ਼ਿਲਕਾ, 24 ਦਸੰਬਰ (ਵਿਨੀਤ ਅਰੋੜਾ)- ਫਾਜ਼ਿਲਕਾ ਦੇ ਸੰਪਨ ਭੂਮੀਪਤੀ ਪਰਿਵਾਰ ਵਿਚ ਜਨਮ ਲੈਣ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਤੇ ਵੀ ਸੁੱਖ ਸਹੂਲਤਾਂ ਨਾਲ ਭਰਪੂਰ ਜੀਵਨ ਜੀਉਣ ਦੀ ਥਾਂ ਤੇ ਅੰਗ੍ਰੇਜ਼ ਸਰਕਾਰ ਦੀ ਆਈ.ਸੀ.ਐਸ (ਮੌਜ਼ੂਦਾ ਆਈ.ਏ.ਐਸ) ਦੀ ਨੌਕਰੀ ਠੁਕਰਾਕੇ ਪੰਜਾਬ ਦੇ ਪਹਿਲੀ ਲਾਈਨ ਦੇ ਆਜਾਦੀ ਘੁਲਾਟੀਏ ਲਾਲਾ ਸੁਨਾਮ ਰਾਏ ਐਮ.ਏ. ਆਜਦੀ ਦੀ ਲੜਾਈ ’ਚ ਕੁੱਦੇ ਸਨ।ਗਾਂਧੀ ਜੀ ਦੇ ‘ਸਾਦਾ ਜੀਵਨ ਉੱਚ ਵਿਚਾਰ’ ਦੇ ਸਿਧਾਂਤ ਨੂੰ ਅਪਣਾਏ ਖਾਦੀ ਨੂੰ ਧਾਰਨ ਕਰਨ ਵਾਲੇ ਲਾਲਾ ਜੀ ਦਾ ਜਨਮ ਵੱਡੇ ਭੂਮੀਪਤੀ ਪਰਿਵਾਰ ਵਿਚ 23 ਨਵੰਬਰ 1896 ਨੂੰ ਫਾਜ਼ਿਲਕਾ ਵਿਚ ਹੋਇਆ ਸੀ। ਉਨ੍ਹਾਂ ਨੇ 1918 ਵਿਚ ਮਿਸ਼ਨ ਕਾਲਜ ਲਹੋਰ ਤੋਂ  ਅੰਗ੍ਰੇਜ਼ੀ ਵਿਚ ਐਮ.ਏ.ਪਾਸ ਕੀਤੀ ਅਤੇ ਜ਼ਿਲਾ ਫਿਰੋਜ਼ਪੁਰ ਦੇ ਪਹਿਲੇ ਐਮ.ਏ. ਹੋਏ।ਅੰਗ੍ਰੇਜ਼ ਸਰਕਾਰ ਨੇ ੳਨ੍ਹਾਂ ਨੂੰ ਸਵਤੰਰਤਾ ਸੰਗ੍ਰਾਮ ਦਾ ਸਾਥ ਛੱਡਕੇ ਆਈ.ਸੀ.ਐਸ ਸੇਵਾ ਨਾਲ ਜੁੜਨ ਦਾ ਲਾਲਚ ਦਿੱਤਾ ਸੀ, ਪਰ ਲਾਲਾ ਜੀ ਦੇ ਮਨ ਵਿਚ ਤਾਂ ਦੇਸ਼ ਨੂੰ ਆਜ਼ਾਦ ਕਰਵਾਉਣ ਦੀਆਂ ਭਾਵਨਾਵਾਂ ਹਿਲੋਰੇ ਮਾਰ ਰਹੀਆਂ ਸਨ, ਜਿਸ ਦੇ ਚਲਦੇ ਉਨ੍ਹਾਂ 1919 ਦੇ ਗਾਂਧੀ ਦੇ ਅਸਹਿਯੋਗ ਅੰਦੋਲਨ ’ਚ ਹਿੱਸਾ ਲਿਆ ਅਤੇ ਪਹਿਲੀ ਵਾਰ ਜੇਲ ਯਾਤਰਾ ਕੀਤੀ।ਉਸ ਤੋਂ ਬਾਅਦ ਉਨ੍ਹਾਂ ਨੇ ਸਵਤੰਤਰਤਾ ਸੰਗ੍ਰਾਮ ਦੇ ਕਈ ਅੰਦੋਲਨਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਕਈ ਵਾਰ ਜ਼ੇਲ ਯਾਤਰਾ ਕੀਤੀ ਅਤੇ ਜੇਲ ਦੀਆਂ ਕੜੀਆਂ ਮੁਸ਼ਕਲਾਂ ਨੂੰ ਸਹਿਆ। 1942 ਦੇ ਭਾਰਤ ਛੱਡੋ ਅੰਦੋਲਨ ਵਿਚ ਹਿੱਸਾ ਲੈਣ ਦੇ ਕਾਰਨ ਉਨ੍ਹਾਂ ਨੂੰ ਲਗਾਤਾਰ ਢਾਈ ਸਾਲ ਤੱਕ ਸੈਂਟ੍ਰਲ ਜ਼ੇਲ ਮੁਲਤਾਨ (ਪਾਕਿਸਤਾਨ) ਵਿਚ ਬੰਦੀ ਬਣਕੇ ਰੱਖਿਆ ਗਿਆ।ਜਿੱਥੇ ਕੜੀਆਂ ਮੁਸ਼ਕਲਾਂ ਅਤੇ ਘਟੀਆ ਪੱਧਰ ਦੀ ਰੋਟੀ ਦੇ ਕਾਰਨ ਉਨ੍ਹਾਂ ਨੂੰ ਦਮੇ ਦਾ ਰੋਗ ਲੱਗ ਗਿਆ।
ਸਵਤੰਤਰਤਾ ਸੰਗ੍ਰਾਮ ਦੇ ਦੌਰਾਨ ਲਾਲਾ ਜੀ ਆਪਣੀ ਤੇਜ਼ ਬੁੱਧੀ ਦੇ ਕਾਰਨ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ, ਜਲਿਆਂਵਾਲਾ ਬਾਗ ਕਾਂਡ ਦੇ ਨਾਇਕ ਅਤੇ ਪੰਜਾਬ ਵਿਧਾਨਸਭਾ ਦੇ ਸਪੀਕਰ ਡਾ. ਸਤਪਾਲ ਦੇ ਨੇੜਲੇ ਸਹਿਯੋਗੀ ਬਣੇ। ਉਹ ਸਰਦਾਰ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਪਰਿਵਾਰ, ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਅਤੇ ਕਾਮਰੇਡ ਰਾਮ ਕਿਸ਼ਨ ਦੇ ਨੇੜਲੇ ਸਹਿਯੋਗੀ ਸਨ। ਸਵਤੰਤਰਤਾ ਸੰਗ੍ਰਾਮ ਵਿਚ ਲਾਲਾ ਜੀ ਦੀ ਅਗਵਾਈ ਵਿਚ ਫਾਜ਼ਿਲਕਾ ਵਿਚ ਪਹਿਲੀ ਵਾਰ ਵਿਦੇਸ਼ੀ ਕਪੜਿਆਂ ਦੀ ਇੱਕ ਵੱਡੀ ਹੋਲੀ ਬਾਲੀ ਗਈ। ਲਾਲਾ ਜੀ ਦੀ ਪੱਤਰਕਾਰਤਾ ਦੇ ਖੇਤਰ ਵਿਚ ਰਾਸ਼ਟਰ ਪੱਧਰ ਤੇ ਕਾਫ਼ੀ ਪਹਿਚਾਣ ਸੀ।ਉਹ ਲਾਲਾ ਲਾਜਪਤ ਰਾਏ ਦੇ ਪ੍ਰਸਿੱਧ ਉਰਦੂ ਦੈਨਿਕ ਸਮਾਚਾਰ ‘ਵੰਦੇ ਮਾਤਰਮ’ ਦੇ ਕਾਫ਼ੀ ਸਮੇਂ ਤੱਕ ਸੰਪਾਦਕ ਰਹੇ।ਉੋਹ ਮਹਾਤਮਾ ਗਾਂਧੀ ਦੇ ਉੱਘੇ ਸਮਾਚਾਰ ਪੱਤਰ ‘ਹਰੀਜਨ’ ਦੇ ਅਨੁਵਾਦਕ ਵੀ ਰਹੇ।ਪੂਰਾ ਜੀਵਨ ਦੀ ਟ੍ਰਿਬਿਊਨ ਅਖਬਾਰ ਦੇ ਫਾਜ਼ਿਲਕਾ ਤੋਂ ਸੀਨੀਅਰ ਪੱਤਰਕਾਰ ਰਹੇ।ਇਸ ਤੋਂ ਇਲਾਵਾ ਜਲੰਧਰ ਤੋਂ ਪ੍ਰਕਾਸ਼ਤ ਹੋਣ ਵਾਲੇ ਸਮਾਚਾਰ ਪੱਤਰ ‘ ਵਿਧਵਾ ਹਿਤੈਸ਼ੀ’ ਅਤੇ ‘ਆਰੀਆ ਗਜਟ’ ਦੇ ਸੰਪਾਦਕ ਰਹੇ।ਲਾਲਾ ਜੀ ਅਖਿਲ ਭਾਰਤੀ ਕਾਂਗਰਸ ਕਾਰਜਕਾਰਣੀ ਦੇ ਮੈਂਬਰ ਵੀ ਰਹੇ। ਲਾਲਾ ਜੀ ਨੇ ਸਦਾ ਸਿਧਾਂਤਾਂ ਤੇ ਆਧਾਰਤ ਰਾਜਨੀਤੀ ਹੀ ਕੀਤੀ। ਉਹ ਤਿਆਗ ਦੀ ਪ੍ਰਤੀ ਮੂਰਤੀ ਸਨ।ਉਹ ਸਾਈਂ ਦਾਸ ਐਗਲੋ ਸੰਸਕ੍ਰਿਤ ਹਾਈ ਸਕੂਲ ਜਲੰਧਰ, ਮਹਾਤਮਾ ਹੰਸ ਰਾਜ ਹਾਈ ਸਕੂਲ ਬਠਿੰਡਾ, ਡੀਏਵੀ ਹਾਈ ਸਕੂਲ ਸ਼੍ਰੀਗੰਗਾਨਗਰ, ਡੀਏਵੀ ਹਾਈ ਸਕੂਲ ਸਿਰਸਾ, ਡੀਏਵੀ ਹਾਈ ਸਕੂਲ ਰਾਮਾ ਮੰਡੀ, ਜੈਤੋ ਅਤੇ ਰਾਮਪੁਰਾ ਫੂਲ ਦੇ ਬਾਣੀ ਮੁੱਖ ਅਧਿਆਪਕ ਰਹੇ ਅਤੇ ਹੋਰ ਵਿਦਿਅਕ ਅਦਾਰਿਆਂ ਦੇ ਨਾਲ ਵੀ ਜੁੜੇ ਰਹੇ।ਉਨ੍ਹਾਂ ਦੀ ਖਾਸੀਅਤ ਇਹ ਸੀ ਕਿ ਉਹ ਇਨ੍ਹਾਂ ਸਕੂਲਾਂ ਵਿਚ ਸਿਰਫ਼ ਸਮਰਪਿਤ ਭਾਵ ਨਾਲ ਕੰਮ ਹੀ ਨਹੀਂ ਕਰਦੇ ਸਨ ਸਗੋਂ ਆਪਣੀ ਤਨਖਾਹ ਦਾ ਮੁੱਖ ਹਿੱਸਾ ਵੀ ਇਨ੍ਹਾਂ ਸਕੂਲਾਂ ਦੇ ਵਿਕਾਸ ਲਈ ਦਾਨ ਦੇ ਦਿੱਤਾ ਕਰਦੇ ਸਨ।
ਲਾਲਾ ਜੀ ਨੇ ਦੋਆਬਾ ਦੇ ਗਾਂਧੀ ਪੰਡਤ ਮੂਲ ਰਾਜ ਜੀ ਸ਼ਰਮਾ ਦੇ ਨਾਲ ਮਿਲਕੇ ਜਲੰਧਰ ਵਿਚ ਵਿਧਵਾ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ‘ਵਿਧਵਾ ਅਸਹਾਏ ਸਭਾ’ ਅਤੇ ‘ਵਿਧਵਾ ਆਸ਼ਰਮ’ ਦੀ ਸਥਾਪਨਾ ਕੀਤੀ ਸੀ। ਲਾਲਾ ਜੀ ਦੂਰ ਅਦੇਸ਼ੀ ਸਨ ਅਤੇ ਪਰਿਵਾਰ ਨਿਯੋਜਨ ਦੇ ਕਟਰ ਪੱਖਧਰ ਸਨ। ਲਾਲਾ ਜੀ ਨੇ ਸਵਤੰਤਰਤਾ ਸੰਗ੍ਰਾਮ ਵਿਚ ਯੋਗਦਾਨ ਦੇ ਬਦਲੇ ਵਿਚ ਕਦੇ ਕਿਸੇ ਤਰ੍ਹਾਂ ਦਾ ਲਾਭ ਲੈਣ ਦੀ ਕਦੇ ਕੋਈ ਕੋਸ਼ਿਸ਼ ਆਪਣੇ ਜੀਵਨ ਵਿਚ ਨਹੀਂ ਕੀਤੀ। ਇਸੇ ਪਰੰਪਰਾ ਨੂੰ ਨਿਭਾਉਂਦੇ ਹੋਏ ਉਨ੍ਹਾਂ ਦੇ ਪੁੱਤਰ ਸਤਿੰਦਰ ਕੁਮਾਰ ਨਾਗਪਾਲ ਅਤੇ ਪੋਤਰਿਆਂ ਦੋਹਤਰਿਆਂ ਨੇ ਵੀ ਉਨ੍ਹਾਂ ਦੇ ਆਜਾਦੀ ਘੁਲਾਟੀਏ ਹੋਣ ਦਾ ਕਿਸੇ ਤਰ੍ਹਾਂ ਦਾ ਕੋਈ ਆਰਥਿਕ ਅਤੇ ਹੋਰ ਲਾਭ ਨਹੀਂ ਲਿਆ। ਲਾਲਾ ਜੀ ਨੇ ਨਾਰਾ-ਏ-ਹੱਕ ਨਾਮਕ ਕਿਤਾਬ ਵੀ ਲਿੱਖੀ, ਜਿਸ ਵਿਚ ਦੱਸਿਆ ਗਿਆ ਹੈ ਕਿ ਆਦਰਸ਼ ਜੀਵਨ ਕਿਵੇਂ ਜੀਆ ਜਾ ਸਕਦਾ ਹੈ। ਇਸ ਵਿਚ ਲਾਲਾ ਜੀ ਨੇ ਦੱਸਿਆ ਕਿ ਕਿਸੇ ਮੰਤਵ ਦੀ ਪ੍ਰਾਪਤੀ ਲਈ ਸਰੀਰ ਅਤੇ ਦਿਮਾਗ ਕੁਰਬਾਨ ਕਰਨਾ ਪੈਂਦਾ ਹੈ। ਉਨ੍ਹਾਂ ਲਿਖਿਆ ਕਿ ਮਨੁੱਖੀ ਸਰੀਰ ਕਰਿਸ਼ਮਾਈ ਸ਼ਕਤੀਆਂ ਦਾ ਭੰਡਾਰ ਹੈ, ਜਿਸ ਦਾ ਮੰਤਵ ਚੰਗੇ ਟੀਚੇ ਦੀ ਪ੍ਰਾਪਤੀ ਹੈ। ਕਰਮ ਨੂੰ ਪੂਜਾ ਦੱਸਦੇ ਹੋਏ ਲਾਲਾ ਜੀ ਨੇ ਲਿੱਖਿਆ ਕਿ ਉਹ ਵਿਅਕਤੀ ਤਰੱਕੀ ਨਹੀਂ ਕਰ ਸਕਦਾ ਜਿਸਦਾ ਮੰਤਵ ਉੱਚ ਨਹੀਂ ਹੁੰਦਾ। ਉਨ੍ਹਾਂ ਲਿੱਖਿਆ ਕਿ ਜਿਆਦਾਤਰ ਲੋਕਾਂ ਦੇ ਕੋਲ ਮੰਤਵ ਨਹੀਂ ਹੁੰਦਾ ਇਸ ਲਈ ਖੁਸ਼ੀ ਉਨ੍ਹਾਂ ਤੋਂ ਦੂਰ ਹੋਣ ਦਾ ਕਾਰਨ ਬਣ ਜਾਂਦੀ ਹੈ।ਲਾਲਾ ਜੀ ਦੇ ਲਿਖੇ ਲੇਖ ਧਾਰਮਿਕ ਸੋਚ, ਰਾਜਨੀਤਿਕ ਪ੍ਰਸਤਾਵ ਅਤੇ ਮਾਨਵਤਾ ਦੀ ਤਰੱਕੀ ਕਾਫ਼ੀ ਪ੍ਰਸਿੱਧ ਹੋਏ।
ਲਾਲਾ ਜੀ ਇਸ ਫਾਨੀ ਸੰਸਾਰ ਨੂੰ ਛੱਡ ਕੇ 25 ਦਸੰਬਰ 1959 ਨੂੰ ਬ੍ਰਹਮਲੀਨ ਹੋ ਗਏ।ਲਾਲਾ ਜੀ ਦੀ ਯਾਦ ਵਿਚ ਸਾਲ 1960 ਵਿਚ ਇੱਕ ਪਰਿਵਾਰ ਨਿਯੋਜਨ ਕੇਂਦਰ ਸਿਵਲ ਹਸਪਤਾਲ ਦੇ ਸਾਹਮਣੇ ਖੋਲਿਆ ਗਿਆ। ਮੌਜ਼ੂਦਾ ਸਮੇਂ ਵਿਚ ਇਸ ਕੇਂਦਰ ਨੂੰ ਲਾਲਾ ਸੁਨਾਮ ਰਾਏ ਐਮ.ਏ ਮੈਮੋਰੀਅਲ ਸੈਂਟਰ ਦੇ ਰੂਪ ਵਿਚ ਤਬਦੀਲ ਕਰਕੇ ਸੋਸ਼ਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਚਲਾਇਆ ਜਾ ਰਿਹਾ ਹੈ।ਇਸ ਕੇਂਦਰ ਵਿਚ ਜ਼ਰੂਰਤਮੰਦਾਂ ਦੇ ਕਲਿਆਣ ਲਈ ਅਤੇ ਹੋਰ ਕਈ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ।ਉਨ੍ਹਾਂ ਦੀ ਯਾਦ ਵਿਚ ਸਥਾਨਕ ਗਊਸ਼ਾਲਾ ਰੋਡ ਤੇ ਵੀ ਸੈਂਟਰ ਚੱਲ ਰਿਹਾ ਹੈ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply