Sunday, December 22, 2024

ਆਜ਼ਾਦ ਭਾਰਤ ਦੇ ਗੁਲਾਮ ਵਾਸੀ

ਸੁਖਮਿੰਦਰ ਬਾਗ਼ੀ

ਕਹਿਣ ਨੂੰ ਸਾਡਾ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ ਅਤੇ 26 ਜਨਵਰੀ 1950 ਨੂੰ ਸਾਡਾ ਆਪਣਾ ਸੰਵਿਧਾਨ ਬਣ ਗਿਆ ਸੀ।ਜਿਸ ਵਿਚ ਹਰੇਕ ਭਾਰਤੀ ਨੂੰ ਵਧੀਆ ਜ਼ਿੰਦਗੀ ਜਿਉਣ ਲਈ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ ਅਤੇ ਅਧਿਕਾਰਾਂ ਦੇ ਨਾਲ ਨਾਲ ਦੇਸ਼ ਦੇ ਹਰੇਕ ਨਾਗਰਿਕ ਲਈ ਕੁੱਝ ਫਰਜ਼ ਵੀ ਦਰਜ ਕੀਤੇ ਹੋਏ ਹਨ।ਸਾਡੇ ਦੇਸ਼ ਦੇ ਮਹਾਨ ਨਾਇਕ ਸ਼ਹੀਦੇ ਆਜਮ ਭਗਤ ਸਿੰਘ ਦਾ ਸੁਪਨਾ ਸੀ ਕਿ ਲੋਕਾਂ ਹੱਥੋਂ ਲੋਕਾਂ ਦੀ ਹੰੁਦੀ ਲੁੱਟ ਨੂੰ ਖਤਮ ਕਰਕੇ ਇੱਕ ਅਜਿਹਾ ਰਾਜ ਉਸਾਰਿਆ ਜਾਵੇ ਜਿੱਥੇ ਹਰ ਕੋਈ ਅਮਨ ਚੈਨ ਅਤੇ ਸੁਖ ਸਹੂਲਤਾਂ ਨਾਲ ਭਰਪੂਰ ਜੀਵਨ ਜਿਉਂ ਸਕੇ।ਅਜਿਹਾ ਕਰਨ ਲਈ ਉਨਾਂ ਨੂੰ ਫਾਂਸੀਆਂ ਦੇ ਰੱਸੇ ਚੁੰਮਣੇ ਪਏ ਅਤੇ ਆਪਣੇ ਘਰ ਪਰਿਵਾਰਾਂ ਨੂੰ ਵੀ ਮੁਸ਼ਕਿਲਾਂ ਵਿਚ ਪਾਉਣਾ ਪਿਆ। ਉਨਾਂ ਦੀਆਂ ਸ਼ਹਾਦਤਾਂ ਕਾਰਨ ਹੀ ਅੰਗਰੇਜ਼ਾਂ ਨੂੰ ਭਾਰਤ ਛੱਡਣਾ ਪਿਆ ਅਤੇ ਇਸ ਨੂੰ ਆਜ਼ਾਦ ਕਰਨਾ ਪਿਆ।ਪਰ ਜਾਂਦੇ ਜਾਂਦੇ ਉਹ ਇੱਕ ਅਜਿਹਾ ਕੰਡਾ ਬੀਜ ਗਏ ਜੋ ਕਿ ਜਖ਼ਮ ਤੋਂ ਨਾਸੂਰ ਬਣ ਗਿਆ ਹੈ।
ਪਹਿਲਾਂ ਭਾਰਤ ਦੇ ਦੋ ਟੋਟੇ ਕਰਕੇ ਇਕ ਭਾਰਤ ਤੇ ਦੂਜਾ ਪਾਕਿਸਤਾਨ ਬਣਾ ਗਏ ਅਤੇ ਕੰਡੇ ਦੀ ਇੱਕ ਛਿੱਲਤ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦੇ ਪਿੰਡਿਆਂ ਵਿਚ ਗੱਡ ਗਏ। ਜੋ ਕਿ ਆਏ ਦਿਨ ਨਿੱਤ ਨਵੇਂ ਪੁਆੜੇ ਪਾਈ ਰੱਖਦੀ ਹੈ। ਜੇਕਰ ਪਿਛਲੇ ਸਮੇਂ ਤੇ ਅੰਤਰ ਝਾਤ ਮਾਰੀ ਜਾਵੇ ਤੇ ਜੰਮੂ ਕਸ਼ਮੀਰ ਦੇ ਵਾਸੀਆਂ ਤੋਂ ਪੁੱਛਿਆ ਜਾਵੇ ਕਿ ਕੀ ਉਹ ਸੱਚਮੁੱਚ ਆਜ਼ਾਦ ਹਨ ਤਾਂ ਸੱਚ ਸਾਡੇ ਸਭ ਦੇ ਸਾਹਮਣੇ ਆ ਜਾਵੇਗਾ। ਸ਼ਹੀਦ ਭਗਤ ਸਿੰਘ ਦੇ ਸੁਪਨੇ ਨੂੰ ਇਨਾਂ ਚਲਾਕ ਅਤੇ ਭ੍ਰਿਸ਼ਟ ਸਿਆਸਤਦਾਨਾਂ ਨੇ ਮਿੱਟੀ `ਚ ਮਿਲਾ ਕੇ ਰੱਖ ਦਿੱਤਾ ਹੈ
8 ਨਵੰਬਰ ਤੋਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟ ਬੰਦੀ ਕਰਕੇ ਆਮ ਇਨਸਾਨਾਂ ਨੂੰ ਬੈਂਕਾਂ ਅੱਗੇ ਕਤਾਰਾਂ ਵਿੱਚ ਖੜੇ ਕਰ ਦਿੱਤਾ ਸੀ, ਨੂੰ ਵੇਖਦੇ ਹੋਏ ਅੰਗਰੇਜ਼ਾਂ ਦੀ ਗੁਲਾਮੀ ਵੀ ਦੂਰ ਖੜੀ ਫਿੱਕੀ ਫਿੱਕੀ ਮੁਸਕਰਾ ਰਹੀ ਹੋਵੇਗੀ। ਕੀ ਆਜ਼ਾਦੀ ਸਿਰਫ ਸਿਆਸਤਦਾਨਾਂ ਅਤੇ ਧਨ ਕੁਬੇਰਾਂ ਦੇ ਹਿੱਸੇ ਹੀ ਆਈ ਹੈ।ਇਹ ਆਮ ਹੀ ਕਿਹਾ ਜਾਂਦਾ ਸੀ ਕਿ ਪੁਰਾਣੇ ਰਾਜੇ ਮਹਾਰਾਜੇ ਆਪਣੇ ਗੁਲਾਮਾਂ ਨੂੰ ਭੁੱਖੇ ਸ਼ੇਰਾਂ ਅੱਗੇ ਸੁੱਟ ਦਿੰਦੇ ਸਨ।ਕੀ ਮੋਦੀ ਨੇ ਆਜ਼ਾਦ ਭਾਰਤ ਦੇ ਆਮ ਵਾਸੀਆਂ ਨੂੰ ਨੋਟ ਬੰਦੀ ਦੇ ਸ਼ੇਰ ਅੱਗੇ ਨਹੀਂ ਸੁੱਟਿਆ? ਆਮ ਭਾਰਤ ਵਾਸੀਆਂ ਨੂੰ ਕੰਮਾਂ ਕਾਰਾਂ ਤੋਂ ਹਟਾ ਕੇ ਬੈਂਕਾਂ ਅੱਗੇ ਲਾਈਨਾਂ ਵਿਚ ਖੜ ਕੇ 2000/- ਰੁਪੈ ਲੈਣ ਲਈ ਤਰਲੋ ਮੱਛੀ ਹੋ ਰਹਿਆਂ ਨੂੰ ਵੇਖ ਕੇ ਆਜ਼ਾਦੀ ਨੂੰ ਮੁੂੰਹ ਛਿਪਾਣ ਲਈ ਵੀ ਜਗਾ ਨਹੀਂ ਮਿਲਦੀ ਹੋਣੀ। ਕਿਹੋ ਜਿਹੀ ਹੈ ਇਹ ਆਜ਼ਾਦੀ? ਸ਼ਾਇਦ ਭਾਰਤੀਆਂ ਦੀ ਇਹ ਬਦਕਿਸਮਤੀ ਹੀ ਸੀ ਕਿ ਉਨਾਂ ਨੇ ਚਾਹ ਵੇਚਣ ਵਾਲੇ ਨੂੰ ਇੱਕ ਪ੍ਰਧਾਨ ਮੰਤਰੀ ਬਣਾ ਦਿੱਤਾ ਹੈ ।ਇਹ ਪ੍ਰਧਾਨ ਮੰਤਰੀ ਦੇਸ਼ ਦਾ ਸੰਵਾਰੇਗਾ ਘੱਟ ਅਤੇ ਇਸ ਦੇਸ਼ ਦਾ ਨੁਕਸਾਨ ਐਨਾ ਜਿਆਦਾ ਕਰ ਦੇਵੇਗਾ ਕਿ ਇਹ ਭਾਰਤ ਜਿਸ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਹੈ ਇਹ ਸਦੀਆਂ ਪਿੱਛੇ ਚਲਾ ਜਾਵੇਗਾ।ਅੱਜ ਪੰਜਾਬ ਵਿਚ ਆਕਾਲੀ ਭਾਜਪਾ ਸਰਕਾਰ ਵੱਲੋਂ ਚਾਰ-ਛੇ ਮਾਰਗੀ ਸੜਕਾਂ ਦਾ ਜਾਲ ਵਿਛਾਉਣ ਦੀਆਂ ਟਾਹਰਾਂ ਮਾਰੀਆਂ ਜਾ ਰਹੀਆਂ ਹਨ ਪਰ ਥਾਂ-ਥਾਂ ਟੌਲ ਪਲਾਜੇ ਲਾਏ ਹੋਏ ਹਨ।ਜਿਥੇ ਤੁਸੀਂ ਉਨਾਂ ਚਿਰ ਅਗਾਂਹ ਨਹੀਂ ਲੰਘ ਸਕਦੇ ਜਿੰਨਾਂ ਚਿਰ ਤੱਕ ਤੁਸੀਂ ਪੈਸੇ ਨਹੀਂ ਦਿੰਦੇ।ਫਿਰ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਸੜਕਾਂ ਦਾ ਜਾਲ ਸਰਕਾਰ ਨੇ ਵਿਛਾਇਆ ਹੈ ਜਾਂ ਫਿਰ ਲੋਕਾਂ ਨੇ।ਜਿੰਨਾਂ ਦੇ ਪੈਸਿਆਂ ਨੂੰ ਇਹ ਸੜਕਾਂ ਬਣਾਉਣ ਵਾਲੀਆਂ ਕੰਪਨੀਆਂ ਨੇ ਟੌਲ ਪਲਾਜੇ ਲਾ ਕੇ ਲੁੱਟਣਾ ਸ਼ੁਰੂ ਕੀਤਾ ਹੋਇਆ ਹੈ।ਇਹ ਟੌਲ ਪਲਾਜੇ ਗੁਲਾਮੀ ਦੀ ਨਿਸ਼ਾਨੀ ਹਨ ਜਾਂ ਆਜ਼ਾਦੀ ਦੀ ਸ਼ਾਇਦ ਇੰਨਾਂ ਸਿਆਸਦਾਨਾਂ ਕੋਲ ਇਸ ਦਾ ਕੋਈ ਜਵਾਬ ਨਹੀਂ।ਕਿਸੇ ਵੀ ਪਾਰਟੀ ਨੇ ਇੰਨਾਂ ਟੋਲ ਪਲਾਜਿਆਂ ਨੂੰ ਬੰਦ ਕਰਨ ਲਈ ਆਪਣੇ ਚੋਣ ਮੈਨੀਫੈਸਟੋ ਵਿਚ ਸ਼ਾਮਿਲ ਨਹੀਂ ਕੀਤਾ।ਸ਼ਾਇਦ ਇਹ ਆਜ਼ਾਦੀ ਸਿਰਫ ਸਿਆਸਤਦਾਨਾਂ ਲਈ ਹੀ ਆਈ ਹੈ।ਤੁਸੀਂ ਵੇਖ ਸਕਦੇ ਹੋ ਕਿ ਜਦੋਂ ਸਿਆਸਤਦਾਨ ਲਾਮ ਲਸ਼ਕਰ ਲੈ ਕੇ ਸੜਕਾਂ ਤੇ ਨਿਕਲਦੇ ਹਨ ਤਾਂ ਆਮ ਰਾਹਗੀਰਾਂ ਨੂੰ ਸੀਟੀਆਂ ਮਾਰ ਮਾਰ ਕੇ ਖੂੰਜੇ ਲਾ ਦਿੱਤਾ ਜਾਂਦਾ ਹੈ।ਫਿਰ ਸੋਚਣਾ ਬਣਦਾ ਹੈ ਕਿ ਕੀ ਅਸੀਂ ਸੱਚਮੁੱਚ ਆਜ਼ਾਦ ਹਾਂ ਜਿਸ ਦੇ ਸੋਹਲੇ 15 ਅਗਸਤ ਤੇ 26 ਜਨਵਰੀ ਨੂੰ ਗਾਏ ਜਾਂਦੇ ਹਨ? ਜੇਕਰ ਸੱਚ ਵੇਖਣਾ ਹੈ ਤਾਂ ਵਿਚਾਰੇ ਮੁਲਾਜ਼ਮਾਂ ਨੂੰ ਤੁਗਲਕੀ ਹੁਕਮ ਚਾੜ  ਕੇ ਇਨਾਂ ਸੰਮੇਲਨਾਂ ਲਈ ਨਾ ਬੁਲਾਇਆ ਜਾਏ ਤੁਸੀਂ ਵੇਖ ਸਕਦੇ ਹੋ ਕਿ 26 ਜਨਵਰੀ ਤੇ 15 ਅਗਸਤ ਦੀ ਹੋ ਰਹੀ ਸ਼ੋਸ਼ੇਬਾਜੀ ਵਿਚ ਕੁਰਸੀਆਂ ਖਾਲੀ ਹੀ ਦਿਸਣਗੀਆਂ। ਛੁੱਟੀ ਵਾਲੇ ਦਿਨ ਜਬਰਦਸਤੀ ਬੁਲਾ ਕੇ ਮੁਲਾਜ਼ਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਹੈ ਜਾਂ ਫਿਰ ਆਜ਼ਾਦੀ ਦਾ? ਇਹ ਤਾਂ ਉਨਾਂ ਤੋਂ ਹੀ ਪੁੱਛਿਆ ਜਾ ਸਕਦਾ ਹੈ?
26 ਜਨਵਰੀ ਜਾਂ 15 ਅਗਸਤ ਨੂੰ ਭੰਗੜੇ ਪੁਆ ਕੇ, ਗੀਤ ਸੁਣਾ ਕੇ ਆਜ਼ਾਦੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਅੱਖਾਂ ਅਤੇ ਕੰਨ ਖੋਲ ਕੇ ਦੇਖਣਾ ਤੇ ਸੁਣਨਾ ਚਾਹੀਦਾ ਹੈ ਕਿ ਲੋਕਾਂ ਦੀ ਅਸਲ ਹਾਲਤ ਕੀ ਹੈ। ਜੇਕਰ ਉਹ ਸੱਚਮੁੱਚ ਹੀ ਆਜ਼ਾਦ ਭਾਰਤ ਨੂੰ ਵੇਖਣਾ ਚਾਹੁੰਦੇ ਹਨ। ਇੰਨਾਂ ਦੋ ਦਿਨਾਂ ਵਿਚ ਹੀ ਝੁੱਗੀਆਂ `ਚ ਰਹਿੰਦੇ ਕੁਰਬੁਲ ਕੁਰਬੁਲ ਕਰਦੇ ਭੁੱਖੇ ਬੱਚਿਆਂ ਨੂੰ ਗਰਮ ਕੱਪੜੇ ਅਤੇ ਭੋਜਨ ਦੇਣ ਦੀ ਕੋਸ਼ਿਸ਼ ਕਰਨ।ਅੱਜ ਸਾਡੇ ਦੇਸ਼ ਦੇ ਭਾਰਤ ਵਾਸੀ ਵੀ ਅੰਨੇ, ਗੰੁਗੇ ਅਤੇ ਬੋਲ਼ੇ ਹੋ ਗਏ ਹਨ ਜਿਹੜੇ ਹਰ ਪੰਜ ਸਾਲਾਂ ਬਾਅਦ ਬਿਨਾਂ ਕੁੱਝ ਸੋਚੇ ਸਮਝੇ ਭ੍ਰਿਸ਼ਟ ਸਿਆਸਤਦਾਨਾਂ ਨੂੰ ਰਾਜ ਗੱਦੀਆਂ ਸੌਂਪ ਦਿੰਦੇ ਹਨ।ਸਿਰਫ 15-20 ਹਜ਼ਾਰ ਸਿਆਸਤਦਾਨ ਕਰੋੜਾਂ ਲੋਕਾਂ ਨੂੰ ਗੁਲਾਮ ਬਣਾ ਕੇ ਖੁਦ ਆਜ਼ਾਦੀ ਦਾ ਆਨੰਦ ਮਾਣਦੇ ਹਨ।ਕਿਹਾ ਜਾਂਦਾ ਹੈ ਕਿ ਭੇਡਾਂ ਆਜੜੀ ਵਿਰੁੱਧ ਬਗਾਵਤ ਨਹੀਂ ਕਰ ਸਕਦੀਆਂ।ਪਰ ਹੁਣੇ ਹੁਣੇ ਪਿਆਰੇ ਦੇਸ਼ ਵਾਸੀਓ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ 350 ਵਾਂ ਜਨਮ ਦਿਨ ਮਨਾ ਕੇ ਹਟੇ ਹੋ ਜਿਸ ਨੇ ਕਿਹਾ ਸੀ ਕਿ ਚਿੜੀਆਂ ਤੋਂ ਮੈਂ ਬਾਜ ਤੜਾਉਂ, ਤਬੈ ਗੋਬਿੰਦ ਸਿੰਘ ਨਾਮ ਕਹਾਉਂ।ਉਨਾਂ ਨੂੰ ਯਾਦ ਕਰਕੇ ਤੁਹਾਨੂੰ ਗੁਲਾਮ ਬਣਾਉਣ ਤੇ ਲਾਈਨਾਂ `ਚ ਲਾਉਣ ਵਾਲੇ ਸਿਆਸਤਦਾਨਾਂ ਨੂੰ ਸਬਕ ਸਿਖਾ ਦਿਉ ਤੇ ਉਨਾਂ ਦੀਆਂ ਬੁਰਕੀਆਂ ਨੂੰ ਠੁਕਰਾ ਕੇ ਇਕ ਆਜ਼ਾਦ ਭਾਰਤ ਦੇ ਆਜ਼ਾਦ ਵਾਸੀ ਹੋਣ ਦਾ ਸਬੂਤ ਜ਼ਰੂਰ ਦੇਣਾ। ਨਹੀਂ ਤਾਂ ਪਹਿਲਾਂ ਤੁਸੀਂ ਅੰਗਰੇਜ਼ਾਂ ਦੇ ਗੁਲਾਮ ਸੀ ਅਤੇ ਹੁਣ ਅਜ਼ਾਦ ਭਾਰਤ ਵਿਚਲੇ ਭਾਰਤੀ ਸਿਆਸਤਦਾਨਾਂ ਅਤੇ ਸਰਮਾਏਦਾਰਾਂ ਦੇ ਗੁਲਾਮ ਵਾਸੀ ਹੋ ਅਤੇ ਗੁਲਾਮ ਵਾਸੀ ਹੀ ਰਹੋਗੇ।

Sukhminder Bhagi

ਸੁਖਮਿੰਦਰ ਬਾਗ਼ੀ
ਸਮਰਾਲਾ।
ਮੋਬਾ: 94173-94805

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply