ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਗੁਰੂਆਂ ਦੀ ਨਗਰੀ ਨਾਲ ਪਿਛਲੇ ਤਿੰਨ ਸਾਲਾਂ ਤੋਂ ਅੰਮ੍ਰਿਤਸਰ ਏਅਰਪੋਰਟ ਨਾਲ ਹੋਏ ਵਿਤਕਰੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਆਗੂ ਕਾਂਗਰਸ ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਇਹ ਦੱਸਣ ਕਿ ਪਿਛਲੇ ਤਿੰਨ ਸਾਲਾਂ ’ਚ ਏਅਰਪੋਰਟ ਦੇ ਵਿਕਾਸ ਲਈ ਕੀਤੇ ਗਏ ਵਾਅਦਿਆਂ ’ਚੋਂ ਕਿਹੜਾ ਵਾਅਦਾ ਪੁਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ 15 ਲੱਖ ਦੇ ਕਰੀਬ ਯਾਤਰੀ ਅੰਮ੍ਰਿਤਸਰ ਪੁੱਜੇ ਸਨ।ਜਿਸ ਨੂੰੂ ਲੈ ਕੇ ਇਥੇ ਕੌਮਾਂਤਰੀ ਉਡਾਨਾਂ ਸ਼ੁਰੂ ਕਰਨ ਦੀ ਸੰਭਾਵਨਾ ਹੋਣ ਦੇ ਬਾਵਜ਼ੂਦ ਮੋਦੀ ਸਰਕਾਰ ਜਾਣਬੁੱਝ ਕੇ ਪ੍ਰਾਈਵੇਟ ਕੰਪਨੀਆਂ ਨਾਲ ਰਲ ਕੇ ਇਸ ਏਅਰਪੋਰਟ ਨੂੰ ਫੇਲ੍ਹ ਕਰਨ ਦੀ ਕੋਸ਼ਿਸ ਵਿਚ ਲੱਗੀ ਹੋਈ ਹੈ।ਉਨ੍ਹਾਂ ਨੇ ਕਿਹਾ ਕਿ ਉਹ ਇਹ ਵੀ ਜਵਾਬ ਮੰਗਦੇ ਹਨ ਕਿ ਕੇਂਦਰ ਦੱਸੇ 2014 ’ਚ 5-ਟੀ. ਦੇ ਤਹਿਤ ਕੀਤੇ ਗਏ ਉਸ ਦਾ ਐਲਾਨ ਕੀ ਹੋਇਆ ਜਿਸ ਦੇ ਵਿਚ ਅੰਮ੍ਰਿਤਸਰ ਦੇ ਵਿਕਾਸ ਲਈ ਵਪਾਰ, ਹੁਨਰ, ਟੈਕਨਾਲੋਜੀ, ਟੂਰਜ਼ਿਮ ਦੇ ਵਿਕਾਸ ਦਾ ਦਾਅਵਾ ਕੀਤਾ ਗਿਆ ਸੀ।ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਭਾਜਪਾ ਆਗੂ ਨੇ ਇਨ੍ਹਾਂ ਪੰਜ ਵਾਅਦਿਆਂ ਦੀ ਕੋਈ ਵੀ ਪ੍ਰਵਾਹ ਨਹੀਂ ਕੀਤੀ ਜਦੋਂ ਕਿ ਅੰਮ੍ਰਿਤਸਰ ਏਅਰਪੋਰਟ ਦੇ ਵਿਕਾਸ ਦੇ ਨਾਲ ਹੀ ਇਹ ਵਾਅਦੇ ਪੂਰੇ ਹੋਣ ਦੀਆਂ ਸੰਭਾਵਨਾਵਾਂ ਬਣ ਜਾਂਦੀਆਂ ਹਨ।ਉਨ੍ਹਾਂ ਨੇ ਕਿਹਾ ਕਿ ਦੂਜਿਆਂ ਵਿਰੁੱਧ ਉਂਗਲੀ ਚੁੱਕਣ ਤੋਂ ਪਹਿਲਾਂ ਭਾਜਪਾ ਆਗੂ ਇਹ ਦੱਸਣ ਕਿ ਚਾਰ ਐਰੋਬ੍ਰਿਜ ਵਿਚੋਂ ਅਜੇ ਤੱਕ ਫਿਰ ਦੋ ਹੀ ਕਿਉਂ ਬਣੇ ਹਨ ਅਤੇ ਸਿਰਫ ਦੋ ਹੀ ਕਨਵੇਅਰ ਬੈਲਟ ਅੰਮ੍ਰਿਤਸਰ ਏਅਰਪੋਰਟ ’ਤੇ ਕਿਉਂ ਹਨ ਜਦੋਂ ਕਿ ਇਥੇ ਕੌਮਾਂਤਰੀ, ਯਾਤਰੀ ਆਉਂਦੇ ਹਨ।ਇਸ ਦੇ ਨਾਲ ਹਵਾਈ ਅੱਡੇ ਨੂੰ ਉਹ ਮੁੱਢਲੀਆਂ ਸਹੂਲਤਾਂ ਵੀ ਨਹੀਂ ਦਿੱਤੀਆਂ ਗਈਆਂ ਜੋ ਜੈਪੁਰ ਨੂੰੂ ਦਿੱਤੀਆਂ ਗਈਆਂ ਹਨ।ਅਜੇ ਤੱਕ ਐਗਜੀਕਿਊਟਵ ਜਾਂ ਬਿਜਨੈਸ ਲਾਉਂਜ ਵੀ ਮੁਹੱਈਆ ਨਹੀਂ ਕਰਵਾਏ ਗਏ।ਉਨ੍ਹਾਂ ਨੇ ਕਿਹਾ ਕਿ ਜੇ ਏਅਰ ਇੰਡੀਆ ਲੰਡਨ, ਬਰਮਿੰਗਮ, ਟਰਾਂਟੋਂ ਨੂੰ ਇਥੋਂ ਉਡਾਨਾਂ ਸ਼ੁਰੂ ਹੋ ਜਾਣ ਤਾਂ ਅੰਮ੍ਰਿਤਸਰ ਏਅਰਪੋਰਟ ਦਾ ਘਾਟਾ ਪੂਰਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੈਟ-ਇਤਹਾਦ ਨੇ 2013 ’ਚ ਅੰਮ੍ਰਿਤਸਰ ਆਬੂ-ਧਾਬੀ ਫਲਾਈਟ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ, ਪਰ ਅਜੇ ਤੱਕ ਕਿਉਂ ਨਹੀਂ ਹੋਈ, ਦਾ ਵੀ ਜਵਾਬ ਦਿੱਤਾ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਥਾਈਸਮਾਇਲ ਵੱਲੋਂ 2016 ਵਿਚ ਐਲਾਨ ਕੀਤਾ ਗਿਆ ਸੀ ਕਿ ਮਾਰਚ 2017 ਵਿਚ ਅੰਮ੍ਰਿਤਸਰ-ਬੈਂਕਕੋਕ ਫਲਾਈਟ ਸ਼ੁਰੂ ਕੀਤੀਆਂ ਜਾਣਗੀਆਂ। ਜਿਸ ਦਾ ਕਾਫੀ ਲਾਭ ਪੁੱਜਣਾ ਸੀ, ਪਰ ਅਜੇ ਤੱਕ ਇਹ ਐਲਾਨ ਹੀ ਰਹਿ ਗਿਆ।
ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਪਿਛਲੇ ਸਾਲ ਏਅਰ ਇੰਡੀਆ ਦੇ ਸੀ.ਐਮ.ਡੀ ਅਸ਼ਵਨੀ ਲੋਹਾਨੀ ਅਤੇ ਕਮਰਸ਼ੀਅਲ ਡਾਇਰੈਕਟਰ ਪੰਕਜ ਸ੍ਰੀਵਾਸਤਵ ਵੱਲੋਂ 15 ਫਰਵਰੀ ਤੋਂ ਅੰਮ੍ਰਿਤਸਰ ਟਰਾਂਟੋਂ ਫਲਾਈਟ ਸ਼ੁਰੂ ਕਰਨ ਦਾ ਕੀਤੇ ਗਏ ਐਲਾਨ ਦਾ ਕੀ ਬਣਿਆ? ਗੁਰਜੀਤ ਸਿੰਘ ਔਜਲਾ ਨੇ ਮੰਗ ਕੀਤੀ ਕਿ ਲੁਫਥਾਸਾ ਨੂੰ ਵੀ ਸੱਦਾ ਦਿੱਤਾ ਜਾਣਾ ਚਾਹੀਦਾ ਹੈ ਕਿ ਅੰਮ੍ਰਿਤਸਰ ਫਰੈਂਕਫਰਟ ਉਡਾਨ ਵੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ, ਜੋ ਸੰਸਾਰ ਦੀ ਸਭ ਤੋਂ ਵੱਡੀ ਏਅਰਪੋਰਟ ਹੈ।ਲੁਫਥਾਸਾ ਅਮਰੀਕਾ ਦੇ 19 ਸ਼ਹਿਰਾਂ ਅਤੇ 5 ਕਨੇਡੀਅਨ ਸ਼ਹਿਰਾਂ ਦੇ ਨਾਲ ਜੁੜਿਆ ਹੈ ਜਿਥੇ ਪੰਜਾਬੀ ਵੱਡੀ ਗਿਣਤੀ ਵਿਚ ਰਹਿੰਦੇ ਹਨ।ਉਨ੍ਹਾਂ ਨੇ ਇਹ ਵੀ ਸਵਾਲ ਕੀਤਾ ਕਿ ਦੱਸਿਆ ਜਾਵੇ ਇੰਡੋ ਕਨੇਡੀਅਨ ਬੱਸ ਸਰਵਿਸ ਦਾ ਜੈਟ ਏਅਰਵੇਜ਼ ਦੇ ਨਾਲ ਕਰਵਾਇਆ ਗਿਆ ਸਮਝੋਤਾ ਬਾਦਲਾਂ ਨੂੰ ਲਾਭ ਪਹੁੰਚਾਉਣ ਦੇ ਮਕਸਦ ਨਾਲ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਜੇ ਜੈਟ ਅਤਿਹਾਦ ਅੰਮ੍ਰਿਤਸਰ ਤੋਂ ਆਬੂ-ਧਾਬੀ ਚੱਲਦੀ ਹੈ ਤਾਂ ਇਸ ਨਾਲ ਬਾਦਲਾਂ ਦਾ ਨੁਕਸਾਨ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜੇ ਲਾਹੋਰ ਏਅਰਪੋਰਟ ਜੋ ਬਿਲਕੁੱਲ ਸਾਡੇ ਗੁਆਂਢ ਵਿਚ ਸਥਿਤ ਹੈ, ਤੋਂ 100 ਦੇ ਕਰੀਬ ਕੌਮਾਂਤਰੀ ਉਡਾਨਾਂ ਉਡ ਸਕਦੀਆਂ ਹਨ ਤਾਂ ਅੰਮ੍ਰਿਤਸਰ ਏਅਰਪੋਰਟ ਤੋਂ ਕਿਉਂ ਨਹੀਂ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਆਪਣੀ ਨੀਅਤ ਸਾਫ ਕਰਨੀ ਚਾਹੀਦੀ ਹੈ ਤਾਂ ਅੰਮ੍ਰਿਤਸਰ ਏਅਰਪੋਰਟ ਦਾ ਵਿਕਾਸ ਸੰਭਵ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਜਾਸਾਂਸੀ ਏਅਰਪੋਰਟ ਜਿਥੋਂ 100 ਕਰੋੜ ਦੇ ਕਰੀਬ ਦਾ ਕਾਰੋਬਾਰ ਦੀ ਸਮਰੱਥਾ ਹੈ, ਨੂੰ ਦਰਕਿਨਾਰ ਕਰਦਿਆਂ ਅਕਤੂਬਰ 2012 ਤੋਂ ਕਾਰਗੋਂ ਨੂੰ ਬੰਦ ਕੀਤਾ ਹੋਇਆ ਹੈ।ਉਨ੍ਹਾਂ ਨੇ ਕਿਹਾ ਕਿ ਪੰਜਾਬ, ਐਗਰੋਂ ਇੰਡਸਟਰੀ ਕਾਰਪੋਰੇਸ਼ਨ ਅਤੇ ਐਗਰੀਕਲਚਰ, ਏ.ਪੀ.ਈ.ਡੀ.ਏ ਵੱਲੋਂ ਕਾਰਗੋਂ ਨੂੰ ਲੈ ਕੇ ਦਿੱਤੀ ਰਿਪੋਰਟ ’ਤੇ ਕਿਉਂ ਅਮਲ ਨਹੀਂ ਹੋ ਰਿਹਾ।ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਕੋਲ 4 ਹਜ਼ਾਰ ਏਕੜ ਜਗ੍ਹਾ ਹੋਣ ਤੋਂ ਇਲਾਵਾ ਭੁਗੋਲਿਕ ਤੌਰ ’ਤੇ ਵੀ ਚੰਗਾ ਥਾਂ ਹੈ, ਪਰ ਫਿਰ ਵੀ ਬੈਂਗਲੋਰ ਅਤੇ ਨਾਗਪੁਰ ਦੀ ਤਰਜ਼ ’ਤੇ ਇਥੇ ਐਮ.ਆਰ.ਓ (ਮੇਨਟੇਨਸ ਰੀ-ਪੇਅਰ ਓਵਰ ਹਾਲ) ਸੈਂਟਰ ਬਣਾਉਣ ਵੱਲ ਕੋਈ ਵੀ ਕੇਂਦਰ ਸਰਕਾਰ ਵੱਲੋਂ ਤਵੱਜੋਂ ਨਹੀਂ ਦਿੱਤੀ ਜਾ ਰਹੀ। ਗੁਰਜੀਤ ਔਜਲਾ ਨੇ ਇਹ ਵੀ ਕਿਹਾ ਕਿ ਅੰਮਿਤਸਰ ਦਾ ਹੱਕ ਲੈਣ ਦੇ ਲਈ ਉਨ੍ਹਾਂ ਨੂੰ ਜਿਸ ਦਾ ਵੀ ਦਰਵਾਜਾ ਖੜਕਾਉਣਾ ਪਿਆ ਉਹ ਖੜਕਾਉਣਗੇ।
Check Also
ਖ਼ਾਲਸਾ ਕਾਲਜ ਦੇ ਵਿਦਿਆਰਥੀ ਫ਼ਿਲਮ ਫੈਸਟੀਵਲ ’ਚ ਓਵਰ ਆਲ ਟਰਾਫ਼ੀ ’ਤੇ ਕਾਬਜ਼
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਐਨੀਮੇਸ਼ਨ ਵਿਦਿਆਰਥੀਆਂ ਨੇ ਸੀ.ਟੀ.ਟੀ ਇੰਸਟੀਚਿਊਟ …
Punjab Post Daily Online Newspaper & Print Media