Friday, September 20, 2024

ਨਾਨਕਸ਼ਾਹੀ ਕੈਲੰਡਰ ਗਲਤ ਸੀ ਤਾਂ ਇਸ ਨੂੰ ਤਿਆਰ ਤੇ ਲਾਗੂ ਕਰਨ ਵਾਲੇ ਤਲਬ ਹੋਣ-ਵੇਦਾਂਤੀ

14021401
ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਜੇਕਰ ਸਿੱਖ ਕੌਮ ਦੀ ਅੱਡਰੀ, ਨਿਆਰੀ ਤੇ ਵਿਲੱਖਣ ਹੋਂਦ ਹਸਤੀ ਦਾ ਪ੍ਰਤੀਕ, ਸੂਰਜੀ ਪ੍ਰਣਾਲੀ ਤੇ ਅਧਾਰਿਤ ਨਾਨਕਸ਼ਾਹੀ ਕੈਲੰਡਰ ਗਲਤ ਸੀ ਤਾਂ ਉਨ੍ਹਾਂ (ਵੇਦਾਂਤੀ) ਸਮੇਤ ਇਸਨੂੰ ਤਿਆਰ ਕਰਨ ਵਾਲੇ ਸ੍ਰ ਪਾਲ ਸਿੰਘ ਪੁਰੇਵਾਲ, ਸਹਿਮਤੀ ਦੇਣ ਵਾਲੀਆਂ ਸਮੂੰਹ ਪੰਥਕ ਸੰਸਥਾਵਾਂ ਦੇ ਮੁਖੀਆਂ, ਲਾਗੂ ਕਰਨ ਵਾਲੇ ਤਤਕਾਲੀਨ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਕ੍ਰਿਪਾਲ ਸਿੰਘ ਬਡੂੰਗਰ, ਸਿੰਘ ਸਾਹਿਬਾਨ ਅਤੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਤਨਖਾਹ ਲਾਈ ਜਾਵੇ ਅਤੇ ਜੇਕਰ ਅਜੇਹਾ ਸੰਭਵ ਨਹੀ ਹੈ ਤਾਂ ਨਾਨਕਸ਼ਾਹੀ ਕੈਲੰਡਰ ਦਾ ਬੇਲੋੜਾ ਵਿਰੋਧ ਕਰਨ ਵਾਲਿਆਂ ਨੂੰ ਤਲਬ ਕਰ ਲਿਆ ਜਾਵੇ, ਪੱਤਰਕਾਰਾਂ ਨਾਲ ਇਹ ਵਿਚਾਰ ਪ੍ਰਗਟ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਹੈ ਕਿ ਨਾਨਕਸ਼ਾਹੀ ਕੈਲੰਡਰ ਦੀ ਤਿਆਰੀ ਤਾਂ 1999 ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ, ਲੇਕਿਨ ਜਦ ਇਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੇ ਵਿਚਾਰ ਹਿੱਤ ਆਇਆ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੈਸੀਅਤ ਵਿੱਚ ਉਨ੍ਹਾਂ ਇਕ ਨਵੀਂ 11 ਮੈਂਬਰੀ ਕਮੇਟੀ ਦਾ ਗਠਨ ਕਰਕੇ ਇਹ ਪੁੱਛਿਆ ਸੀ ਕਿ ਕੀ ਨਾਨਕਸ਼ਾਹੀ ਕੈਲੰਡਰ ਦੀ ਜਰੂਰਤ ਹੈ । ਗਿਆਨੀ ਵੇਦਾਂਤੀ ਨੇ ਦੱਸਿਆ ਕਿ ਇਸ 11 ਮੈਂਬਰੀ ਕਮੇਟੀ ਦੀ ਰਿਪੋਰਟ ਆਉਣ ਬਾਅਦ ਹੀ ਦੁਬਾਰਾ ਸ਼੍ਰੋਮਣੀ ਕਮੇਟੀ ਨੂੰ ਦੀਰਘ ਵਿਚਾਰ ਤੇ ਵੱਖ ਵੱਖ ਸਿੱਖ ਸੰਸਥਾਵਾਂ ਦੀ ਰਾਏ ਲੈਣ ਭੇਜਿਆ ਗਿਆ ਸੀ। ਉਹ ਦੱਸਦੇ ਹਨ ਕਿ ਸ੍ਰ. ਪਾਲ ਸਿੰਘ ਪੁਰੇਵਾਲ ਦੁਆਰਾ ਸੂਰਜੀ ਪ੍ਰਣਾਲੀ ‘ਤੇ ਅਧਾਰਿਤ ਤਿਆਰ ਨਾਨਕਸ਼ਾਹੀ ਕੈਲੰਡਰ ਪ੍ਰਤੀ ਰਾਏ ਲੈਣ ਲਈ ਉਨ੍ਹਾਂ ਨੇ ਖੁੱਦ ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਅਤੇ ਤਖਤ ਪਟਨਾ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਹਜੂਰ ਸਾਹਿਬ ਵਿਖੇ ਵਿਚਾਰ ਕੀਤੀ । ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਨੋਂ ਤਖਤ ਸਾਹਿਬਾਨ ਨੇ ਮੰਗ ਕੀਤੀ ਸੀ ਕਿ ਸਿਰਫ ਤਿੰਨ ਦਿਹਾੜੇ (ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ, ਜੋਤੀ ਜੋਤਿ ਦਿਵਸ ਦਸਮ ਪਾਤਸ਼ਾਹ ਅਤੇ ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ) ਬਾਰੇ ਉਨ੍ਹਾਂ ਦੀ ਰਾਏ ਅਨੁਸਾਰ ਹੋਰ ਵਿਚਾਰ ਕਰ ਲੈਣ। ਗਿਆਨੀ ਵੇਦਾਂਤੀ ਨੇ ਦੱਸਿਆ ਕਿ ਇਨ੍ਹਾਂ ਦੋਨਾਂ ਤਖਤ ਸਾਹਿਬਾਨ ਦੀ ਸਹਿਮਤੀ ਬਾਅਦ ਹੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਅਤੇ ਜਨਰਲ ਹਾਊਸ ਨੇ ਇਕ ਵਾਰ ਫਿਰ ਨਾਨਕਸ਼ਾਹੀ ਕੈਲੰਡਰ ਨੂੰ ਸਹਿਮਤੀ ਦਿੱਤੀ, ਇਸ ਨੂੰ ਤਿਆਰ ਕਰਨ ਵਾਲੇ, ਵਿਚਾਰ ਕਰਨ ਵਾਲਿਆਂ ਤੇ ਪ੍ਰਵਾਨਗੀ ਲਈ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪੰਜ ਤਖਤ ਸਾਹਿਬਾਨ ਦਾ ਧੰਨਵਾਦ ਕੀਤਾ। ਗਿਆਨੀ ਵੇਦਾਂਤੀ ਦੱਸਦੇ ਹਨ ਕਿ ਕੈਲੰਡਰ ਪ੍ਰਤੀ ਸਹਿਮਤੀ ਲੈਣ ਲਈ ਦਮਦਮੀ ਟਕਸਾਲ ਦੇ ਤੱਤਕਾਲੀਨ ਮੁਖੀ ਬਾਬਾ ਠਾਕੁਰ ਸਿੰਘ ਜੀ ਨੂੰ ਵੀ ਭਰੋਸੇ ਵਿਚ ਲਿਆ ਗਿਆ ਅਤੇ ਕੈਲੰਡਰ ਨਾਲ ਸਬੰਧਤ ਇਕੱਤਰਤਾਵਾਂ ਵਿਚ ਬਾਬਾ ਜੀ ਵਲੋਂ ਟਕਸਾਲ ਦੇ ਬੁਲਾਰੇ ਭਾਈ ਮੋਹਕਮ ਸਿੰਘ ਪੁੱਜਦੇ ਰਹੇ। ਉਨ੍ਹਾਂ ਦੱਸਿਆ ਕਿ ਨਾਨਕਸ਼ਾਹੀ ਕੈਲੰਡਰ ਨੂੰ ਸੰਗਤ ਦੇ ਅਰਪਣ ਕਰਨ ਲਈ ਤਖਤ ਸ੍ਰੀ ਦਮਦਮਾ ਸਾਹਿਬ ਦੀ ਚੋਣ, ਸ਼੍ਰੋਮਣੀ ਕਮੇਟੀ ਦਾ ਫੈਸਲਾ ਸੀ ਅਤੇ ਇਸ ਕੈਲੰਡਰ ਨੂੰ ਰਲੀਜ਼ ਕਰਨ ਮੌਕੇ ਸ. ਪਰਕਾਸ਼ ਸਿੰਘ ਬਾਦਲ ਆਪ ਪੁੱਜੇ ਸਨ, ਵੱਖ ਵੱਖ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਦੇ ਨਾਲ ਨਾਲ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਬਚਨ ਸਿੰਘ ਵੀ ਹਾਜਰ ਸਨ ।ਗਿਆਨੀ ਵੇਦਾਂਤੀ ਨੇ ਕਿਹਾ ਕਿ ਬਾਰ-ਬਾਰ ਨਾਨਕਸ਼ਾਹੀ ਕੈਲੰਡਰ ਵਿਚ ਨੁਕਸ ਕੱਢੀ ਜਾਣਾ ਸੋਭਾ ਨਹੀ ਦਿੰਦਾ, ਜੋ ਸੁਝਾਅ ਹੁਣ ਦਿੱਤੇ ਜਾ ਰਹੇ ਹਨ ਇਹ 2010 ਵਿਚ ਵੀ ਦਿੱਤੇ ਜਾ ਸਕਦੇ ਸਨ, ਲੇਕਿਨ ਬਾਰ-ਬਾਰ ਸਿੱਖ ਕੌਮ ਦੀ ਨਿਆਰੀ ਹਸਤੀ ਦੇ ਪ੍ਰਤੀਕ ਕੈਲੰਡਰ ਨੂੰ ਤੋਹਮਤਬਾਜ਼ੀ ਦਾ ਸ਼ਿਕਾਰ ਨਾ ਬਣਾਇਆ ਜਾਵੇ । ਉਨ੍ਹਾਂ ਸਾਫ ਕਿਹਾ ਕਿ ਸਾਲ 2013 ਵਿਚ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ 97 ਫੀਸਦੀ ਸਿੱਖਾਂ ਨੇ ਆਪਣੀ ਸਹਿਮਤੀ ਦਿੱਤੀ ਸੀ, ਲੇਕਿਨ ਜੇਕਰ ਇਸ ਨੂੰ ਤੋੜਨ ਮਰੋੜਨ ਵਾਲੇ ਅਜੇ ਵੀ ਇਸਨੂੰ ਗਲਤ ਹੀ ਕਹਿ ਰਹੇ ਹਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply