ਨਵੀਂ ਦਿੱਲੀ, 25 ਜੂਨ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਅਦਾਰੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨਾਰਥ ਕੈਂਪਸ ਦੇ ਚੇਅਰਮੈਨ ਵਜੋਂ ਅੱਜ ਸਾਬਕਾ ਰਾਜ ਸਭਾ ਮੈਂਬਰ ਅਤੇ ਸਾਬਕਾ ਕੌਮੀ ਘੱਟ ਗਿਣਤੀ ਕਮੀਸ਼ਨ ਦੇ ਚੇਅਰਮੈਨ ਤ੍ਰਿਲੋਚਨ ਸਿੰਘ ਅਤੇ ਸਿੱਖ ਵਿਦਵਾਨ ਕੁਲਭੂਸ਼ਣ ਸਿੰਘ ਚੱਡਾ ਨੇ ਖਜਾਨਚੀ ਦੇ ਤੌਰ ਤੇ ਆਪਣਾ ਅਹੁਦਾ ਸੰਭਾਲਿਆ। ਗਵਰਨਿੰਗ ਬੋਡੀ ਦੀ ਮੀਟਿੰਗ ‘ਚ ਸ਼ਮੁਲਿਅਤ ਕਰਦੇ ਹੋਏ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਜਾਣਕਾਰੀ ਦਿੱਤੀ ਕਿ ਅਸੀ ਤ੍ਰਿਲੋਚਨ ਸਿੰਘ ਨੂੰ ਇਸ ਵਕਾਰੀ ਕਾਲਜ ਦੇ ਚੇਅਰਮੈਨ ਵਜੋਂ ਸੇਵਾ ਸੰਭਾਲਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਉਨ੍ਹਾਂ ਨੇ ਪ੍ਰਵਾਨ ਕੀਤਾ। ਜੀ.ਕੇ. ਨੇ ਆਸ ਪ੍ਰਗਟਾਈ ਕਿ ਤ੍ਰਿਲੋਚਨ ਸਿੰਘ ਦੇ ਅਹੁਦਾ ਸੰਭਾਲਣ ਨਾਲ ਪੰਜਾਬੀ ਭਾਸ਼ਾ ਅਤੇ ਵਿਰਸੇ ਦੀ ਮਹਿਕ ਹੋਰ ਦੂਰ ਤਕ ਫੈਲੇਗੀ। ਦਿੱਲੀ ਕਮੇਟੀ ਵੱਲੋਂ ਕਾਲਜ ਦੀ ਨਵੀਂ ਗਵਰਨਿੰਗ ਬੋਡੀ ਨੂੰ ਪੂਰਾ ਸਹਿਯੋਗ ਦੇਣ ਦਾ ਵੀ ਜੀ.ਕੇ. ਨੇ ਭਰੋਸਾ ਦਿੱਤਾ। ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਤ੍ਰਿਲੋਚਨ ਸਿੰਘ ਦੀਆਂ ਪਿਛਲੀਆਂ ਪ੍ਰਾਪਤੀਆਂ ਦਾ ਹਵਾਲਾ ਦਿੰਦੇ ਹੋਏ aਨ੍ਹਾਂ ਦੀ ਅਗਵਾਈ ਹੇਠ ਕਾਲਜ ਵੱਲੋਂ ਭਵਿੱਖ ‘ਚ ਵਿਦਿਆ ਦੇ ਖੇਤਰ ‘ਚ ਵੱਡੀ ਮੱਲ੍ਹਾਂ ਮਾਰਨ ਦੀ ਵੀ ਆਸ ਜਤਾਈ। ਤ੍ਰਿਲੋਚਨ ਸਿੰਘ ਵੱਲੋਂ ਆਏ ਹੋਏ ਸਾਰੇ ਮਹਿਮਾਨਾ ਦਾ ਧੰਨਵਾਦ ਕਰਦੇ ਹੋਏ ਮੀਟਿੰਗ ਦੌਰਾਨ ਕਾਲਜ ਵੱਲੋਂ ਵਿਦਿਆ ਅਤੇ ਖੇਡ ਦੇ ਖੇਤਰ ‘ਚ ਕੀਤੀ ਜਾ ਰਹੀਆਂ ਕਾਰਗੁਜਾਰੀਆਂ ਤੇ ਸੰਤੋਸ਼ ਵੀ ਪ੍ਰਗਟਾਇਆ। ਯੂ.ਜੀ.ਸੀ. ਤੇ ਦਿੱਲੀ ਯੁਨਿਵਰਸਿਟੀ ਵਿਚਕਾਰ ਪੈਦਾ ਹੋਏ ਟਕਰਾਵ ਬਾਰੇ ਵੀ ਇਸ ਮੀਟਿੰਗ ‘ਚ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਆਗੂ ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਵਿਧਾਇਕ ਜਤਿੰਦਰ ਸਿੰਘ ਸ਼ੰਟੀ ਸਣੇ ਦਿੱਲੀ ਕਮੇਟੀ ਦੇ ਕਈ ਮੈਂਬਰ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …