Saturday, June 27, 2026

ਇੰਦੌਰ ਬਣਿਆ ਭਾਰਤ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ

ਨਵੀਂ ਦਿੱਲੀ, 5 ਮਈ (ਪੰਜਾਬ ਪੋਸਟ ਬਿਊਰੋ) – Indoreਭੋਪਾਲ, ਵਿਸ਼ਾਖਾਪਟਨਮ, ਸੂਰਤ, ਮੇਸੁਰੂ, ਤਿਰੂਚਿਰਾਪੱਲੀ, ਐੱਨ.ਡੀ.ਐੱਮ.ਸੀ., ਨਵੀ ਮੁੰਬਈ, ਵਡੋਦਰਾ, ਚੰਡੀਗੜ੍ਹ ਵੀ ਆਏ ਪਹਿਲੇ 10 `ਚ  ਐੱਮ. ਵੈਂਕਈਆ ਨਾਇਡੂ ਨੇ ਕਿਹਾ ਮੱਧ ਪ੍ਰਦੇਸ਼, ਗੁਜਰਾਤ, ਝਾਰਖੰਡ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਤੇਲੰਗਾਨਾ ਹਨ `ਮੂਵਰਜ਼ ਐਂਡ ਸ਼ੇਕਰਜ਼` ਗੁਜਰਾਤ ਦੇ 12 ਸ਼ਹਿਰ, ਮੱਧ ਪ੍ਰਦੇਸ਼ ਦੇ 11, ਆਂਧਰਾ ਪ੍ਰਦੇਸ਼ ਦੇ 8 ਆਏ ਪਹਿਲੇ 50 ਸਾਫ਼-ਸੁਥਰੇ ਸ਼ਹਿਰਾਂ ਵਿਚ ਵਾਰਾਨਸੀ ਇਸ ਵਰ੍ਹੇ 32 ਵੇਂ ਸਥਾਨ `ਤੇ ਰਿਹਾ, ਜਦ ਕਿ 2018 ਵਿੱਚ ਇਹ 418ਵੇਂ ਸਥਾਨ `ਤੇ ਸੀ; ਫ਼ਰੀਦਾਬਾਦ ਵੱਡੇ ਸ਼ਹਿਰਾਂ ਵਿੱਚੋਂ ਸਭ ਤੋਂ ਤੇਜ਼ ਮੂਵਰ ਸਵੱਛ ਸਰਵੇਖਸ਼ਣ-2017 ਦੇ ਨਤੀਜਿਆਂ ਦਾ ਐਲਾਨ; ਸ੍ਰੀ ਨਾਇਡੂ ਨੇ ਕਿਹਾ ਕਿ ਇਹ ਨਾਗਰਿਕਾਂ ਦਾ ਫ਼ੈਸਲਾ ਹੈ ।ਮੰਤਰੀ ਨੇ ਕਿਹਾ ਕਿ ਮੈਸੁਰੂ ਇਸ ਵਰ੍ਹੇ ਪੰਜਵੇਂ ਸਥਾਨ `ਤੇ ਖਿਸਕਿਆ ਪਰ ਸਫ਼ਾਈ ਦੇ ਮਾਪਦੰਡਾਂ ਵਿੱਚ ਕੋਈ ਕਮੀ ਨਹੀਂ।
434 ਸ਼ਹਿਰਾਂ ਤੇ ਕਸਬਿਆਂ ਵਿੱਚ ਕਰਵਾਏ ਗਏ `ਸਵੱਛ ਸਰਵੇਖਸ਼ਣ-2017` ਵਿੱਚ ਇੰਦੌਰ ਭਾਰਤ ਦਾ ਸਭ ਤੋਂ ਵੱਧ ਸਾਫ਼-ਸੁਥਰਾ ਸ਼ਹਿਰ ਬਣ ਕੇ ਉੱਭਰਿਆ ਹੈ। ਇਸ ਸਰਵੇਖਣ ਦੇ ਨਤੀਜੇ ਅੱਜ ਇੱਥੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਐੱਮ. ਵੈਂਕਈਆ ਨਾਇਡੂ ਨੇ ਐਲਾਨੇ।ਭੋਪਾਲ, ਵਿਸ਼ਾਖਾਪਟਨਮ, ਸੂਰਤ, ਮੈਸੁਰੂ, ਤਿਰੂਚਿਰਾਪੱਲੀ, ਨਵੀਂ ਦਿੱਲੀ ਨਗਰ ਪ੍ਰੀਸ਼ਦ, ਨਵੀ ਮੁੰਬਈ, ਵਡੋਦਰਾ ਅਤੇ ਚੰਡੀਗੜ੍ਹ ਪਹਿਲੇ 10 ਸਵੱਛ ਸ਼ਹਿਰਾਂ ਵਿੱਚ ਸ਼ਾਮਲ ਹਨ।
ਸਰਵੇਖਣ-ਅਧੀਨ 434 ਸ਼ਹਿਰਾਂ ਵਿੱਚੋਂ ਸਭ ਤੋਂ ਹੇਠਲੇ ਸਥਾਨ `ਤੇ ਰਹਿਣ ਵਾਲੇ 10 ਸ਼ਹਿਰ ਇਹ ਹਨ; ਗੋਂਡਾ (ਉੱਤਰ ਪ੍ਰਦੇਸ਼) 434ਵਾਂ ਸਥਾਨ, ਉਸ ਤੋਂ ਬਾਅਦ ਭੂਸਾਵਲ (ਮਹਾਰਾਸ਼ਟਰ), ਬਾਗਾਹਾ (ਬਿਹਾਰ)-433, ਹਰਦੋਈ (ਉੱਤਰ ਪ੍ਰਦੇਸ਼)-432, ਕਟਿਹਾਰ (ਬਿਹਾਰ)-431, ਬਹਿਰਾਇਚ (ਉੱਤਰ ਪ੍ਰਦੇਸ਼)-429, ਸ੍ਰੀ ਮੁਕਤਸਰ ਸਾਹਿਬ (ਪੰਜਾਬ)-427, ਸ੍ਰੀ ਮੁਕਤਸਰ ਸਾਹਿਬ (ਪੰਜਾਬ)-426 ਅਤੇ ਖੁਰਜਾ (ਉੱਤਰ ਪ੍ਰਦੇਸ਼)-425.

ਸਰਵੇਖਣ ਦੇ ਨਤੀਜਿਆਂ ਦਾ ਐਲਾਨ ਕਰਦਿਆਂ ਸ੍ਰੀ ਨਾਇਡੂ ਨੇ ਮੱਧ ਪ੍ਰਦੇਸ਼, ਗੁਜਰਾਤ, ਝਾਰਖੰਡ ਅਤੇ ਛੱਤੀਸਗੜ੍ਹ ਤੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਨੂੰ `ਮੂਵਰਜ਼ ਐਂਡ ਸ਼ੇਕਰਜ਼` (  ) ਦੱਸਿਆ ਕਿਉਂਕਿ ਸਾਲ 2014 ਦੇ ਸਰਵੇਖਣ ਦੇ ਮੁਕਾਬਲੇ ਇਨ੍ਹਾਂ ਸੂਬਿਆਂ ਨੇ ਆਪਣੀਆਂ ਰੈਂਕਿੰਗ ਵਿੱਚ ਵਰਨਣਯੋਗ ਸੁਧਾਰ ਦਰਜ ਕੀਤਾ ਹੈ। ਉਹ ਸਰਵੇਖਣ ਅਕਤੂਬਰ, 2014 ਵਿੱਚ `ਸਵੱਛ ਭਾਰਤ ਮਿਸ਼ਨ` ਦੀ ਸ਼ੁਰੂਆਤ ਤੋਂ ਪਹਿਲਾਂ ਹੋਇਆ ਸੀ। ਸਾਲ 2016 `ਚ ਕਰਵਾਇਆ ਗਿਆ `ਸਵੱਛ ਸਰਵੇਖਸ਼ਣ` ਰਾਜਧਾਨੀ ਸ਼ਹਿਰਾਂ ਤੋਂ ਇਲਾਵਾ 10 ਲੱਖ ਤੋਂ ਵੱਧ ਦੀ ਆਬਾਦੀ ਵਾਲੇ 73 ਸ਼ਹਿਰਾਂ ਵਿੱਚ ਕਰਵਾਇਆ ਗਿਆ ਸੀ।
ਮੰਤਰੀ ਨੇ ਇਹ ਵੀ ਸੂਚਿਤ ਕੀਤਾ ਕਿ `ਸਵੱਛ ਸਰਵੇਖਸ਼ਣ-2017` ਦੌਰਾਨ ਜਿਹੜੇ ਸ਼ਹਿਰਾਂ ਦਾ ਸਰਵੇਖਣ ਕੀਤਾ ਗਿਆ ਸੀ, ਉਨ੍ਹਾਂ ਵਿੱਚੋਂ ਮੱਧ ਪ੍ਰਦੇਸ਼ ਅਤੇ ਝਾਰਖੰਡ ਨੇ 2016 ਅਤੇ 2014 ਦੇ ਮੁਕਾਬਲੇ ਆਪਣੇ ਸਥਾਨਾਂ ਵਿੱਚ ਵੱਡਾ ਸੁਧਾਰ ਦਰਜ ਕੀਤਾ ਹੈ। ਰਾਜਕੋਟ ਨੂੰ ਛੱਡ ਕੇ ਗੁਜਰਾਤ ਦੇ ਵੀ ਸਾਰੇ ਸ਼ਹਿਰਾਂ ਦੇ ਮਾਮਲੇ ਵਿੱਚ ਇਹੋ ਕਿਹਾ ਜਾ ਸਕਦਾ ਹੈ, ਇਸੇ ਤਰ੍ਹਾਂ ਛੱਤੀਸਗੜ੍ਹ `ਚ ਵੀ ਬਿਲਾਸਪੁਰ ਨੂੰ ਛੱਡ ਕੇ ਹੋਰ ਸ਼ਹਿਰ ਵਧੇਰੇ ਸਾਫ਼ ਹੋਏ ਹਨ। ਤੇਲੰਗਾਨਾ `ਚ ਇਸ ਵਰ੍ਹੇ ਕੇਵਲ ਦੋ ਸ਼ਹਿਰਾਂ ਦੀ ਰੈਂਕਿੰਗ ਵਿੱਚ ਕਮੀ ਵੇਖੀ ਗਈ ਹੈ, ਜਦ ਕਿ ਆਂਧਰਾ ਪ੍ਰਦੇਸ਼ ਦੇ ਚਾਰ ਸ਼ਹਿਰ ਹੇਠਾਂ ਆਏ ਹਨ।
ਸ੍ਰੀ ਨਾਇਡੂ ਨੇ ਕਿਹਾ ਕਿ ਚੋਟੀ ਦੇ 50 ਸਭ ਤੋਂ ਸਾਫ਼ ਸ਼ਹਿਰ 14 ਰਾਜਾਂ ਨਾਲ ਸਬੰਧਤ ਹਨ; ਜਿਨ੍ਹਾਂ ਵਿੱਚੋਂ 12 ਗੁਜਰਾਤ ਦੇ, 11 ਸ਼ਹਿਰ ਮੱਧ ਪ੍ਰਦੇਸ਼ ਦੇ, 8 ਆਂਧਰਾ ਪ੍ਰਦੇਸ਼ ਦੇ ਅਤੇ ਚੰਡੀਗੜ੍ਹ, ਛੱਤੀਸਗੜ੍ਹ, ਦਿੱਲੀ, ਝਾਰਖੰਡ, ਕਰਨਾਟਕ, ਸਿੱਕਿਮ ਅਤੇ ਉੱਤਰ ਪ੍ਰਦੇਸ਼ ਦਾ ਇੱਕ-ਇੱਕ ਸ਼ਹਿਰ ਇਨ੍ਹਾਂ ਪਹਿਲੇ 50 ਸ਼ਹਿਰਾਂ ਵਿੱਚ ਸ਼ਾਮਲ ਹਨ।
ਉੱਤਰ ਪ੍ਰਦੇਸ਼ ਦੇ 25 ਸ਼ਹਿਰ ਸਭ ਤੋਂ ਹੇਠਲੇ 50 ਸ਼ਹਿਰਾਂ ਵਿੱਚ ਸ਼ਾਮਲ ਹਨ ਤੇ ਉਸ ਤੋਂ ਬਾਅਦ ਰਾਜਸਥਾਨ ਤੇ ਪੰਜਾਬ ਦੇ ਪੰਜ-ਪੰਜ ਸ਼ਹਿਰ ਆਉਂਦੇ  ਹਨ, ਦੋ ਮਹਾਰਾਸ਼ਟਰ ਦੇ ਅਤੇ ਇੱਕ-ਇੱਕ ਹਰਿਆਣਾ, ਕਰਨਾਟਕ ਤੇ ਲਕਸ਼ਦੀਪ ਦਾ ਹੈ।
ਸਾਲ 2014 ਵਿੱਚ ਵਾਰਾਨਸੀ ਦਾ ਸਥਾਨ 418ਵਾਂ ਸੀ ਤੇ ਇਸ ਸਾਲ ਇਹ 32ਵੇਂ ਸਥਾਨ `ਤੇ ਰਿਹਾ ਹੈ ਅਤੇ ਇੰਝ ਉੱਤਰੀ ਜ਼ੋਨ ਵਿੱਚ ਸਭ ਤੋਂ ਤੇਜ਼ੀ ਨਾਲ ਅੱਗੇ ਵਧਣ ਵਾਲਾ ਵੱਡਾ ਸ਼ਹਿਰ ਹੋ ਨਿੱਬੜਿਆ ਹੈ।
ਮੰਤਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਪੰਜਾਬ ਤੇ ਕੇਰਲ ਨੂੰ ਸ਼ਹਿਰੀ ਖੇਤਰਾਂ ਵਿੱਚ ਸਵੱਛਤਾ ਤੇ ਅਰੋਗਤਾ ਦੇ ਮਾਪਦੰਡਾਂ ਵਿੱਚ ਸੁਧਾਰ ਲਿਆਉਣ ਲਈ ਕੁਝ ਨਿੱਗਰ ਕਦਮ ਚੁੱਕਣ ਦੀ ਜ਼ਰੂਰਤ ਹੈ।
ਹਰਿਆਣਾ ਦਾ ਸ਼ਹਿਰ ਫ਼ਰੀਦਾਬਾਦ ਸਾਲ 2014 `ਚ 379ਵੇਂ ਸਥਾਨ `ਤੇ ਸੀ ਤੇ ਇਸ ਵਰ੍ਹੇ ਇਹ 88ਵੇਂ ਸਥਾਨ `ਤੇ ਰਿਹਾ ਹੈ ਅਤੇ ਉਸ ਨੂੰ 10 ਲੱਖ ਤੋਂ ਵੱਧ ਦੀ ਆਬਾਦੀ ਵਾਲੇ ਸ਼ਹਿਰਾਂ ਵਿੱਚੋਂ `ਫ਼ਾਸਟੈਸਟ ਮੂਵਰ` ਦਾ ਦਰਜਾ ਦਿੱਤਾ ਗਿਆ ਹੈ।
ਸ੍ਰੀ ਵੈਂਕਈਆ ਨਾਇਡੂ ਨੇ ਜ਼ੋਰ ਦਿੱਤਾ ਕਿ ਇਸ ਵਰ੍ਹੇ ਦੇ ਸਰਵੇਖਣ ਦੇ ਨਤੀਜੇ ਸ਼ਹਿਰੀ ਖੇਤਰਾਂ ਵਿੱਚ  ਸਫ਼ਾਈ ਦੇ ਮਾਮਲੇ `ਤੇ “ਨਾਗਰਿਕਾਂ ਦਾ ਫ਼ੈਸਲਾ“ ਹਨ ਅਤੇ ਇਸ ਸਰਵੇਖਣ ਲਈ 434 ਸ਼ਹਿਰਾਂ ਦੇ 37 ਲੱਖ ਆਮ ਨਾਗਰਿਕਾਂ ਨੇ ਬਹੁਤ ਉਤਸ਼ਾਹ ਨਾਲ ਸਫ਼ਾਈ ਬਾਰੇ ਆਪਣੇ ਵਿਚਾਰ ਤੇ ਸੁਝਾਅ ਦਿੱਤੇ। ਇਨ੍ਹਾਂ ਹੀ ਸ਼ਹਿਰਾਂ ਵਿੱਚ ਦੇਸ਼ ਦੀ ਕੁੱਲ ਸ਼ਹਿਰੀ ਆਬਾਦੀ ਦਾ 60 ਫ਼ੀ ਸਦੀ ਵਸਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸਰਵੇਖਣ ਸਾਰੇ 4,041 ਸ਼ਹਿਰਾਂ ਤੇ ਕਸਬਿਆਂ ਵਿੱਚ ਕੀਤਾ ਜਾਵੇਗਾ।
ਸ੍ਰੀ ਨਾਇਡੂ ਨੇ ਦੱਸਿਆ ਕਿ ਭਾਰਤ ਨੇ ਵਿਸ਼ਵ ਪੱਧਰ `ਯਾਤਰਾ ਤੇ ਸੈਰ-ਸਪਾਟਾ` ਦੇ ਮੁਕਾਬਲੇ ਨਾਲ ਸਬੰਧਤ ਸੂਚਕ-ਅੰਕ ਵਿੱਚ 12 ਸਥਾਨਾਂ ਦਾ ਸੁਧਾਰ ਦਰਜ ਕੀਤਾ ਹੈ ਅਤੇ ਪੱਤਰਕਾਰਾਂ ਤੋਂ ਮਿਲੀ ਫ਼ੀਡਬੈਕ ਨੇ ਵੀ ਸ਼ਹਿਰੀ ਇਲਾਕਿਆਂ ਵਿੱਚ ਸਫ਼ਾਈ ਦੇ ਮਾਮਲੇ `ਚ ਸੁਧਾਰ ਦੀ ਹੋਰ ਪੁਸ਼ਟੀ ਕਰ ਦਿੱਤੀ ਹੈ।
ਕਰਨਾਟਕ `ਚ ਮੈਸੁਰੂ ਦਾ ਜ਼ਿਕਰ ਕਰਦਿਆਂ ਸ੍ਰੀ ਨਾਇਡੂ ਨੇ ਦੱਸਿਆ ਕਿ ਸਾਲ 2016 ਅਤੇ 2014 ਦੇ ਸਰਵੇਖਣਾਂ ਵਿੱਚ ਇਹ ਸ਼ਹਿਰ ਚੋਟੀ `ਤੇ ਸੀ ਪਰ ਇਸ ਵਾਰ ਇਹ ਪੰਜਵੇਂ ਸਥਾਨ `ਤੇ ਖਿਸਕ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਸ਼ਹਿਰ ਵਿੱਚ ਸਫ਼ਾਈ ਘਟ ਗਈ ਹੈ ਜਾਂ ਨਗਰ ਦੀ ਸਰਕਾਰ ਨੇ ਆਪਣੇ ਯਤਨ ਘਟਾ ਦਿੱਤੇ ਹਨ।ਉਨ੍ਹਾਂ ਦੱਸਿਆ ਕਿ ਮੈਸੁਰੂ ਨੇ ਸਾਲ 2017 ਅਤੇ 2016 `ਚ ਕੁੱਲ 2,000 ਅੰਕਾਂ ਵਿੱਚੋਂ 87% ਅੰਕ ਹਾਸਲ ਕੀਤੇ ਸਨ ਅਤੇ ਇਸ ਤੋਂ ਇਹ ਸਪੱਸ਼ਟ ਹੈ ਕਿ ਉਸ ਦੀ ਸਫ਼ਾਈ ਦੇ ਪੱਧਰ ਵਿੱਚ ਇਸ ਵਰ੍ਹੇ ਕੋਈ ਕਮੀ ਦਰਜ ਨਹੀਂ ਕੀਤੀ ਗਈ ਹੈ ਪਰ ਕੁਝ ਹੋਰ ਸ਼ਹਿਰ ਮੈਸੁਰੂ ਤੋਂ ਵੱਧ ਅੰਕ ਲੈ ਗਏ ਹਨ। ਮੰਤਰੀ ਨੇ ਕਿਹਾ,“ਮੁਕਾਬਲੇ ਦੀ ਭਾਵਨਾ ਵਿੱਚ ਅਜਿਹੇ ਸਰਵੇਖਣਾਂ ਨਾਲ ਉਤਸ਼ਾਹ ਮਿਲਦਾ ਹੈ ਅਤੇ ਸ਼ਹਿਰਾਂ ਨੂੰ ਇਹ ਜਾਣਨ ਵਿੱਚ ਮਦਦ ਮਿਲਦੀ ਹੈ ਕਿ ਉਹ ਹੋਰਨਾਂ ਸ਼ਹਿਰਾਂ ਦੇ ਮੁਕਾਬਲੇ ਮੁਕੰਮਲ ਮੱਦਾਂ ਵਿੱਚ ਕਿੱਥੇ ਕੁ ਖਲੋਂਦੇ ਹਨ।“
ਪਹਿਲੇ ਪੰਜ ਸਭ ਤੋਂ ਵੱਧ ਸਾਫ਼-ਸੁਥਰੇ ਸ਼ਹਿਰਾਂ ਸਮੇਤ ਕੁੱਲ 38 ਸ਼ਹਿਰਾਂ ਨੂੰ ਰਾਸ਼ਟਰੀ ਪੱਧਰ `ਤੇ ਸਭ ਤੋਂ ਵੱਧ ਸਾਫ਼ ਸ਼ਹਿਰਾਂ ਤੇ 5-10 ਲੱਖ ਤੇ 2-5 ਲੱਖ ਦੀ ਆਬਾਦੀ ਵਾਲੇ ਵੱਖੋ-ਵੱਖਰੇ ਜ਼ੋਨਾਂ ਦੇ ਵਰਗਾਂ ਵਿੱਚ ਪੁਰਸਕਾਰ ਦਿੱਤੇ ਗਏ ਹਨ।
ਸਵੱਛ ਸਰਵੇਖਸ਼ਣ-2017 ਦਾ ਉਦੇਸ਼ ਸ਼ਹਿਰੀ ਖੇਤਰਾਂ ਨੂੰ `ਖੁੱਲ੍ਹੇ ਵਿੱਚ ਮਲ-ਤਿਆਗ ਤੋਂ ਮੁਕਤ` ਬਣਾਉਣ ਦੇ ਚੱਲ ਰਹੇ ਯਤਨਾਂ ਦੇ ਆਧਾਰ `ਤੇ ਨਤੀਜਿਆਂ ਦਾ ਮੁਲਾਂਕਣ ਕਰਨਾ, ਘਰੋਂ-ਘਰੀਂ ਜਾ ਕੇ ਕੂੜਾ ਚੁੱਕਣ, ਤੇ ਸ਼ਹਿਰੀ ਠੋਸ ਕੂੜਾ-ਕਰਕਟ ਦੀ ਪ੍ਰੋਸੈਸਿੰਗ ਤੇ ਉਸ ਦੇ ਨਿਬੇੜੇ ਦੇ ਮਾਮਲਿਆਂ ਵਿੱਚ ਸੁਧਾਰ ਲਿਆਉਣਾ ਸੀ। ਕੁੱਲ 2,000 ਅੰਕਾਂ ਵਿੱਚੋਂ 900 ਅੰਕ ਓ.ਡੀ.ਐੱਫ਼. ਤੇ ਠੋਸ ਕੂੜਾ-ਕਰਕਟ ਦੇ ਪ੍ਰਬੰਧ ਦੀ ਕਾਰਗੁਜ਼ਾਰੀ ਸਬੰਧੀ ਰੱਖੇ ਗਏ ਸਨ।ਇੰਝ ਹੀ 600 ਅੰਕ ਨਾਗਰਿਕਾਂ ਦੀ ਫ਼ੀਡਬੈਕ ਲਈ ਅਤੇ 500 ਅੰਕ ਸੁਤੰਤਰ ਵਿਚਾਰਾਂ ਲਈ ਰੱਖੇ ਗਏ ਸਨ।
ਕੁਆਲਿਟੀ ਕੌਂਸਲ ਆਵ੍ ਇੰਡੀਆ ਨੇ ਇਸ ਵਰ੍ਹੇ ਜਨਵਰੀ-ਫਰਵਰੀ ਮਹੀਨਿਆਂ ਦੌਰਾਨ ਇਹ ਸਰਵੇਖਣ ਕੀਤਾ ਤੇ ਇਸ ਲਈ 421 ਮੁਲਾਂਕਣਕਰਤਾਵਾਂ ਨੂੰ ਤਾਇਨਾਤ ਕੀਤਾ ਗਿਆ ਸੀ, ਜਿਨ੍ਹਾਂ ਨੇ 434 ਤੇ 55 ਹੋਰ ਸ਼ਹਿਰਾਂ ਤੇ ਕਸਬਿਆਂ ਵਿੱਚ ਜਾ ਕੇ ਸਫ਼ਾਈ ਦਾ ਮੌਕੇ `ਤੇ ਨਿਰੀਖਣ ਕੀਤਾ।ਸਰਵੇਖਣ ਦੀ ਪ੍ਰਗਤੀ ਉੱਤੇ ਨਜ਼ਰ ਰੱਖੀ ਗਈ ਅਤੇ ਫ਼ੀਲਡ ਦਾ ਨਿਰੀਖਣ ਕੀਤਾ। ਫ਼ੀਲਡ ਇੰਸਪੈਕਟਰਾਂ ਨੇ 17,500 ਟਿਕਾਣਿਆਂ ਦਾ ਨਿਰੀਖਣ ਕਰਨ ਲਈ ਸਹੀ ਸਮੇਂ ਸਬੂਤ ਇਕੱਠੇ ਕਰਨ ਲਈ ਜਿਓ-ਟੈਗਡ ਉਪਕਰਨਾਂ ਦੀ ਵਰਤੋਂ ਕੀਤੀ।
(ਰੈਂਕ, ਰਾਜ ਤੇ ਸ਼ਹਿਰ-ਕ੍ਰਮ ਅਨੁਸਾਰ ਸਵੱਛਤਾ ਦੀਆਂ ਰੈਂਕਿੰਗ, ਮੱਧ ਪ੍ਰਦੇਸ਼, ਗੁਜਰਾਤ, ਝਾਰਖੰਡ ਤੇ ਛੱਤੀਸਗੜ੍ਹ ਦੇ ਰੈਂਕ ਵਿੱਚ ਸੁਧਾਰ ਪੀ.ਆਈ.ਬੀ. ਦੀ ਵੈੱਬਸਾਈਟ ਉੱਤੇ ਉਪਲਬਧ ਹਨ)

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply