ਕਵਿਤਾ
ਰਹਿੰਦੀ ਸਦਾ ਆਸਰਾ ਬਣਕੇ, ਇਹ ਲੋਕ ਵਿਚਾਰਿਆਂ ਦਾ
ਗੁਰੂ ਰਵੀਦਾਸ ਦੀ ਬਾਣੀ ਮੰਗਦੀ, ਭਲਾ ਸਾਰਿਆਂ ਦਾ।
ਜਨਮ ਜ਼ਾਤ ਦੇ ਕਾਰਣ ਇਥੇ, ਕੋਈ ਉੱਚਾ ਨਾ ਨੀਵਾਂ
ਰਵੀਦਾਸ ਦੀ ਬਾਣੀ ਵਿੱਚ, ਇਹ ਹੈ ਸੰਦੇਸ਼ ਸਦੀਵਾਂ।
ਸਾਰੀ ਕਾਇਨਾਤ ਵਿੱਚ ਵੱਸਦਾ, ਉਹ ਮਾਲਕ ਚੰਨ ਤਾਰਿਆਂ ਦਾ
ਗੁਰੂ ਰਵੀਦਾਸ ਦੀ ਬਾਣੀ……………..।
ਬੇਗਮਪੁਰਾ ਇਕ ਸ਼ਹਿਰ ਵਸਾਉਣਾ, ਚਾਹੁੰਦੀ ਹੈ ਇਹ ਬਾਣੀ
ਜਿਥੇ ਦੁੱਖ ਤਕਲੀਫ ਨਾ ਹੋਊ, ਨਾ ਕੋਈ ਦਰਦ ਕਹਾਣੀ ।
ਇਥੇ ਹੋਊ ਟਿਕਾਣਾ, ਰੱਬ ਦੇ ਭਗਤ ਪਿਆਰਿਆਂ ਦਾ
ਗੁਰੂ ਰਵੀਦਾਸ ਦੀ ਬਾਣੀ……………..।
ਸੱਚੀ ਸੁੱਚੀ ਕਿਰਤ ਕਰੋ, ਲੱਗ ਜੇ ਲੇਖੇ ਵਿੱਚ ਕਮਾਈ,
ਕਾਂਸ਼ੀ ਵਾਲੇ ਸਤਿਗੁਰ ਨੇ, ਸਭ ਨੂੰ ਇਹੋ ਗੱਲ ਸਮਝਾਈ।
ਨਾਲੇ ਡਟ ਕਰਦੀ ਖੰਡਨ ਹੈ, ਇਹ ਝੂਠ ਪਸਾਰਿਆਂ ਦਾ
ਗੁਰੂ ਰਵੀਦਾਸ ਦੀ ਬਾਣੀ……………..।
ਧੰਨ ਦੌਲਤ ਕੀ ਕਰਨੀ, ਉਹ ਤਾਂ ਮਿਲੇ ਗਰੀਬੀ ਦਾਅਵੇ
ਇਕ ਹਰਿ ਕੇ ਨਾਮ ਬਿਨਾ, ਬਾਕੀ ਫੋਕੇ ਹਨ ਦਿਖਾਵੇ।
ਇਹ ਪੱਖ ਪੂਰਦੀ ਆਈ ਹੈ, ਕੁੱਲੀਆਂ ਤੇ ਢਾਰਿਆਂ ਦਾ
ਗੁਰੂ ਰਵੀਦਾਸ ਦੀ ਬਾਣੀ……………..।
ਗੁਰੂ ਰਵਿਦਾਸ ਦੇ ਦਰ ‘ਤੇ ਆ ਕੇ, ਜਿਹੜਾ ਸੀਸ ਝੁਕਾਉਂਦਾ,
ਹੋ ਜਾਂਦਾ ਨਿਰਭੈ, ਜੈਕਾਰੇ ਉੱਚੀ ਉੱਚੀ ਲਾਉਂਦਾ ।
ਬਣੇ ਸਹਾਰਾ ‘ਚੋਹਲਾ’, ਫਿਰ ਉਹ ਥੱਕਿਆਂ-ਹਾਰਿਆਂ ਦਾ ।
ਗੁਰੂ ਰਵੀਦਾਸ ਦੀ ਬਾਣੀ……………..।
ਰਮੇਸ਼ ਬੱਗਾ ਚੋਹਲਾ
ਹੈਬੋਵਾਲ ਖੁਰਦ ( ਲੁਧਿਆਣਾ)
ਮੋ- 94631-32719