ਸੰਗੀਤਕ ਖੇਤਰ `ਚ ਗਾਇਕ ਗਿੱਲ ਅਖਾੜੇ ਵਾਲਾ ਦਾ ਨਾਂ ਕੋਈ ਨਵਾਂ ਨਹੀਂ।ਉਸ ਨੇ ਸੰਘਰਸ਼ ਤੇ ਪ੍ਰਸਿੱਧੀ ਨੂੰ ਆਪਣੇ ਪਿੰਡੇ ‘ਤੇ ਸਿਰੜ ਸਿਦਕ ਨਾਲ ਹੰਢਾਇਆ।ਖਾਸੀਅਤ ਇਹ ਰਹੀ ਹੈ ਕਿ ਉਹ ਮੁਕਾਬਲੇਬਾਜ਼ੀ ‘ਚੋਂ ਵੱਖਰੇ ਰਾਹਾਂ ਦਾ ਪਾਂਧੀ ਹੋ ਕੇ ਤੁਰਿਆ ਤੇ ਧੀਮੀ ਰਫ਼ਤਾਰ ਨਾਲ ਨਿਰੰਤਰ ਤੁਰਦਾ ਰਿਹਾ।ਉਸ ਦੀ ਵਿਰਾਸਤ ਮਾਲਵੇ ਦੀ ਮਿੱਟੀ ਦੇ ਪ੍ਰਸਿੱਧ ਪਿੰਡ ਅਖਾੜਾ ਦੀ ਹੈ।
ਜਿਥੇ ਪਿੰਡ ਦੀਆਂ ਗਲੀਆਂ ਵਿਚ ਖੇਡਿਆ ਪਲਿਆ ਤੇ ਜਦੋਂ ਜਵਾਨ ਹੋਇਆ ਤਾਂ ਉਸ ਦਾ ਝੁਕਾਅ ਲਿਖਣ ਕਲਾ ਵੱਲ ਹੋ ਗਿਆ।ਖੁਸ਼ਕਿਸਮਤੀ ਰਹੀ ਕਿ ਉਸ ਨੇ ਇਹ ਗੱਲ ਛੇਤੀ ਹੀ ਸਮਝ ਲਈ ਕਿ ਗੀਤਕਾਰਾਂ ਦੇ ਪੱਲੇ ਫੋਕੀ ਵਾਹ-ਵਾਹ ਤੋਂ ਸਿਵਾਏ ਕੱਖ ਨਹੀਂ ਪੈਂਦਾ ਤੇ ਉਸ ਨੇ ਆਪਣਾ ਕਲਾਤਮਿਕ ਰੁੱਖ ਗਾਇਕੀ ਵੱਲ ਕਰ ਲਿਆ।ਇਸ ਖੇਤਰ ਵਿਚ ਹਾਸਰਸ ਕਲਾਕਾਰ ਗੁਰਦੇਵ ਢਿੱਲੋਂ ਉਰਫ ਭਜਨਾ ਅਮਲੀ ਨੇ ਉਸ ਦਾ ਵਿਸ਼ੇਸ਼ ਸਹਿਯੋਗ ਦਿੱਤਾ।ਢਿੱਲੋਂ ਨੇ ਗਿੱਲ ਨੂੰ ਉਂਗਲ ਫੜ ਕੇ ਤੁਰਨਾ ਹੀ ਨਹੀਂ ਸਿਖਾਇਆ ਬਲਕਿ ਸਟੇਜ ਪੇਸ਼ਕਾਰੀ ਦੇ ਮੁੱਲਵਾਨ ਗੁਣ ਵੀ ਸਿਖਾਏ।
ਗਿੱਲ ਅਖਾੜੇ ਵਾਲਾ ਨੇ ਸੰਗੀਤ ਦੀਆਂ ਕੁੱਝ ਬਰੀਕੀਆਂ ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਹਰਪਾਲ ਹੀਰਾ ਤੋਂ ਵੀ ਹਾਸਿਲ ਕੀਤੀਆਂ।ਗਿੱਲ ਦੀ ਕਲਮ ਦੁਆਰਾ ਰਚਿਤ ਅਨੇਕਾਂ ਗੀਤਾਂ ਨੂੰ ਚਰਚਿਤ ਗਾਇਕਾਂ ਨੇ ਆਵਾਜ਼ ਦਿੱਤੀ। ਉਪਰੰਤ ਉਸ ਦੇ ਅੰਦਰਲੇ ਕਲਾਕਾਰ ਨੇ ਉਸ ਨੂੰ ਬਤੌਰ ਗਾਇਕ ਮਾਰਕੀਟ ਵਿੱਚ ਪੈਰ ਰੱਖਣ ਲਈ ਮਜ਼ਬੂਰ ਕਰ ਦਿੱਤਾ। ਗੀਤਕਾਰ ਅਤੇ ਪੇਸ਼ਕਾਰ ਰਾਜ ਜਗਰਾਉਂ ਤੇ ਗਿੱਲ ਦੀ ਜੋੜੀ ਦੀ ਚਰਚਿਤ ਸੰਗੀਤਕ ਹਲਕਿਆਂ ਵਿਚ ਚਰਚਾ ਹੁੰਦੀ ਰਹੀ ਹੈ।
ਗਿੱਲ ਅਖਾੜੇ ਵਾਲਾ ਨੇ ਪਲੇਠੀ ਟੇਪ ‘ਹੁਣ ਕੀ ਤੂੰ ਰੱਬ ਬਣਗੀ‘ ਰਾਹੀਂ ਕੈਸਿਟ ਕਲਚਰ ਵਿੱਚ ਕਦਮ ਰੱਖਿਆ, ਜੋ ਬਾਅਦ ਵਿਚ ਸੀਡੀਆਂ ਤੋਂ ਪਾਰ ਹੁੰਦਾ ਹੋਇਆ ਇੰਟਰਨੈਟ ਦੇ ਮਾਧਿਅਮ ਰਾਹੀਂ ਅੱਜ ਵੀ ਨਿਰੰਤਰ ਜਾਰੀ ਹੈ। ਅਗਲੀ ਟੇਪ ‘ਚੱਲੇ ਪਿੰਡ ‘ਚ ਗੰਡਾਸੀ‘ ਨੇ ਉਸ ਦੇ ਸੰਗੀਤਕ ਕੈਰੀਅਰ ਨੂੰ ਸਥਾਪਤੀ ਵੱਲ ਤੋਰਨ ‘ਚ ਸਫਲਤਾ ਹਾਸਲ ਕੀਤੀ।ਉਸ ਵੇਲੇ ਜਦੋਂ ਗਾਣਾ ਰੂਹ ਦੀ ਖ਼ੁਰਾਕ ਨਾ ਹੋ ਕੇ ਸ਼ੋਰ ਪ੍ਰਦੂਸ਼ਣ ਦੀਆਂ ਪੌੜ੍ਹੀਆਂ ਚੜ੍ਹ ਰਿਹਾ ਸੀ ਤਾਂ ਆਰਥਿਕ ਪੱਖ ਤੋਂ ਕਮਜ਼ੋਰ ਗਾਇਕ ਕਲਾਕਾਰਾਂ ਨੂੰ ਮਹਿੰਗੇ ਭਾਅ ਦੇ ਵੀਡੀਓ ਫਿਲਮਾਂਕਣ ਅਤੇ ਟੀ.ਵੀ ਚੈਨਲਾਂ ਦੀ ਅਤਿ ਮਹਿੰਗੀ ਪਬਲੀਸਿਟੀ ਨਾਲ ਆਪਣਾ ਰੁਜ਼ਗਾਰ ਖੁਸਦਾ ਨਜ਼ਰ ਆਇਆ।ਬਹੁਤ ਸਾਰੇ ਨਵੇਂ ਪੁਰਾਣੇ ਗਾਇਕਾਂ ਨੇ ਨਾਮੀ ਗਾਇਕਾਵਾਂ ਨਾਲ ਦੋਗਾਣੇ ਰਿਕਾਰਡ ਕਰਵਾ ਕੇ ਸਥਾਪਤੀ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ।ਇਸੇ ਅਮਲ ਵਿਚ ਕੁਲਵਿੰਦਰ ਸਿੰਘ ਬਰਿਆਰ ਵਰਗੇ ਪ੍ਰਮੋਟਰਾਂ ਨੇ ਉਸ ਦੀ ਕਲਾ ਨੂੰ ਦੇਖਿਆ ਪਰਖਿਆ ਤੇ ਨਵੀਂ ਐਲਬਮ ਨੂੰ ਵਿਸ਼ਵ ਪੱਧਰ ‘ਤੇ ਰਿਲੀਜ਼ ਕਰਨ ਦਾ ਮੌਕਾ ਪ੍ਰਦਾਨ ਕੀਤਾ।‘ਪ੍ਰਛਾਵੇਂ ‘ਟਾਈਟਲ ਅਧੀਨ ਰਲੀਜ਼ ਕੀਤੀ ਇਸ ਐਲਬਮ ਵਿਚ ਵਿਸ਼ਵ ਪੱਧਰ ਦੀ ਸਥਾਪਤ ਗਾਇਕਾ ਜਸਪਿੰਦਰ ਨਰੂਲਾ ਨਾਲ ਗਾਉਣ ਦੀ ਖੁਸ਼ੀ ਉਸ ਦੇ ਗਾਇਕੀ ਸਫਰ ਦੀ ਵਿਲੱਖਣ ਪ੍ਰਾਪਤੀ ਮੰਨੀ ਜਾਂਦੀ ਹੈ।ਜ਼ਾਹਿਰ ਹੈ ਅਜਿਹੀ ਸੁਰ ਸੂਝ ਵਾਲੀ ਗਾਇਕਾ ਨਾਲ ਗਾਉਣਾ ਬੇਸੁਰੇ ਤੇ ਬੇਤਾਲੇ ਲੋਕਾਂ ਦੇ ਨਹੀਂ, ਸਗੋਂ ਸੁਰ ਸੰਗੀਤ ਦੀ ਸੂਝ ਰੱਖਣ ਵਾਲੇ ਸੁਰੀਲੇ ਫਨਕਾਰਾਂ ਹਿੱਸੇ ਹੀ ਆ ਸਕਿਆ ਹੈ।ਗਿੱਲ ਅਖਾੜੇ ਵਾਲੇ ਨੇ ਦੋ ਦਹਾਕਿਆਂ ਦੇ ਗਾਇਕੀ ਸਫਰ ਦੌਰਾਨ ਅਨੇਕਾਂ ਸਹਿ ਗਾਇਕਾਵਾਂ ਨਾਲ ਸਟੇਜ ਪੇਸ਼ਕਾਰੀਆਂ ਕੀਤੀਆਂ।ਇਹਨਾਂ ਗਾਇਕਾਵਾਂ ਵਿਚੋਂ ਬਹੁਤੀਆਂ ਨੂੰ ਪਹਿਲੀ ਸਟੇਜ ਪੇਸ਼ਕਾਰੀ ਕਰਨ ਦਾ ਮੌਕਾ ਉਸ ਨੇ ਹੀ ਦਿੱਤਾ।ਗਿੱਲ ਅਖਾੜੇ ਵਾਲਾ ਨੇ ਬਹੁਤ ਘੱਟ ਪਰ ਮਿਆਰੀ ਗੀਤ ਲਿਖੇ ਤੇ ਗਾਏ।ਉਸ ਦਾ ਮੰਨਣਾ ਹੈ ਕਿ ਵਿਆਹ, ਪਾਰਟੀਆਂ ਦੇ ਪ੍ਰੋਗਰਾਮਾਂ ਵਿੱਚ ਲੋਕ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਸਾਫ-ਸੁਥਰੇ ਗੀਤ ਹੀ ਸੁਣਨੇ ਪਸੰਦ ਕਰਦੇ ਹਨ।ਇਹੀ ਕਾਰਨ ਹੈ ਕਿ ਉਹ ਲੰਮੇ ਸਮੇਂ ਤੋਂ ਵਿਆਹਾਂ ਮੇਲਿਆਂ ਦੇ ਅਖਾੜਿਆਂ ਵਿਚ ਗਾਹੇ ਬਗਾਹੇ ਰੁੱਝਿਆ ਰਹਿੰਦਾ ਹੈ।ਸੁਰ ਸੰਗੀਤ ਨੂੰ ਰੱਬੀ ਇਬਾਦਤ ਮੰਨਣ ਵਾਲੇ ਇਸ ਗਾਇਕ ਨੂੰ ਸੰਗੀਤ ਤੇ ਕਲਮ ਨਾਲ ਮਹਿਬੂਬਾ ਵਰਗਾ ਇਸ਼ਕ ਹੈ।ਮਾਤਾ ਗੁਰਦਿਆਲ ਕੌਰ ਤੇ ਪਿਤਾ ਬਚਿੱਤਰ ਸਿੰਘ ਦੇ ਇਸ ਹੋਣਹਾਰ ਪੁੱਤਰ ਨੂੰ ਸਮੇਂ-ਸਮੇਂ ਆਰਥਿਕ ਮਜ਼ਬੂਰੀਆਂ ਨਾਲ ਜੂਝਣਾ ਪਿਆ।ਪ੍ਰੰਤੂ ਉਸ ਨੇ ਜ਼ਿੰਦਗੀ ਦੇ ਹਰ ਸੰਘਰਸ਼ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ।ਸਮੇਂ ਦੇ ਬਦਲਾਅ ਅਤੇ ਪੀੜੀਆਂ ਦੇ ਸੰਵਾਦ ਤੇ ਤਰਜੀਹਾਂ ਵਿੱਚ ਆਏ ਵੱਡੇ ਬਦਲਾਅ ਨਾਲ ਉਸ ਦੇ ਬਹੁਤੇ ਸਮਕਾਲੀ ਗਾਇਕ ਰੂਪੋਸ਼ ਹੋ ਗਏ, ਪ੍ਰੰਤੂ ਸੋਚ, ਸਿਆਣਪ ਅਤੇ ਆਪਣੇ ਵੱਖਰੇ ਸਰੋਤਾ ਵਰਗ ਕਰਕੇ ਉਹ ਅੱਜ ਵੀ ਆਪਣੇ ਚਹੇਤਿਆਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ।ਉਸ ਦੀ ਸਟੇਜ ਪੇਸ਼ਕਾਰੀ ਵਿੱਚ ਵਿਲੱਖਣ ਤੇ ਦਿਲਖਿੱਚਵਾਂ ਜਲੌਅ ਦੇਖਣ ਨੂੰ ਮਿਲਦਾ ਹੈ।ਸਾਥਣ ਗਾਇਕਾ ਨਾਲ ਉਹ ਦੋਗਾਣਾ ਪੇਸ਼ਕਾਰੀ ਦੇ ਆਪਣੇ ਰੌਚਿਕ ਤੇ ਦਿਲ ਟੁੰਬਵੇਂ ਅੰਦਾਜ਼ ਸਦਕਾ ਦਰਸ਼ਕਾਂ ਨੂੰ ਆਪਣੇ ਨਾਲ ਜੋੜਨ ਵਿਚ ਸਫਲ ਹੁੰਦੇ ਹਨ।
ਗਿੱਲ ਅਖਾੜੇ ਵਾਲਾ ਨੇ ਹਾਲ ਹੀ ਕੁੱਝ ਨਵੇਂ ਦੋਗਾਣਿਆਂ ਨਾਲ ਮੁੜ ਦਸਤਕ ਦਿੱਤੀ ਹੈ।ਸਿੰਗਲ ਟਰੈਕ ਦੇ ਯੁੱਗ ਦੀ ਰਵਾਇਤ ਅਨੁਸਾਰ ਇਹ ਦੋਗਾਣੇ ਇਕ-ਇਕ ਕਰਕੇ ਰਿਲੀਜ਼ ਕੀਤੇ ਜਾ ਰਹੇ ਹਨ।
ਕੁਲਦੀਪ ਸਿੰਘ ਲੋਹਟ
ਲੁਧਿਆਣਾ ।
ਮੋ – 9876492410
Check Also
ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼
5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ …