ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵਲੋਂ ਸਿਵਲ ਸਰਜਨ ਬਠਿੰਡਾ ਡਾ. ਐਚ.ਐਨ ਸਿੰਘ ਦੀ ਦੇਖ-ਰੇਖ ਹੇਠ ਅਰਬਨ ਪੀ.ਐਚ.ਸੀ ਬੇਅੰਤ ਨਗਰ, ਬਠਿੰਡਾ ਵਿਖੇ ਆਈ.ਡੀ.ਸੀ.ਐਫ ਮੁਹਿੰਮ ਤਹਿਤ ਇਕ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਜ਼ਿਲਾ ਟੀਕਾਕਰਨ ਅਫਸਰ ਡਾ. ਕੁੰਦਨ ਕੁਮਾਰ ਪਾਲ, ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਅਤੇ ਅਰਬਨ ਨੋਡਲ ਅਫਸਰ ਡਾ. ਪੈਮਿਲ ਬਾਂਸਲ ਵੱਲੋਂ ਸ਼ਿਰਕਤ ਕੀਤੀ ਗਈ।ਇਸ ਕੈਂਪ ਵਿੱਚ ਸ਼ਾਮਲ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀਆਂ ਮਾਵਾਂ ਨੂੰ ਦਸਤ ਰੋਗਾਂ ਸਬੰਧੀ ਜਾਣਕਾਰੀ ਦਿੱਤੀ ਗਈ।
ਜ਼ਿਲਾ ਟੀਕਾਕਰਨ ਅਫਸਰ ਡਾ. ਕੁੰਦਨ ਕੁਮਾਰ ਪਾਲ ਨੇ ਦਸਿਆ ਕਿ ਜੇਕਰ ਬੱਚੇ ਵਲੋਂ ਦੋ ਜਾਂ ਦੋ ਤੋਂ ਜ਼ਿਆਦਾ ਪਤਲੇ ਦਸਤ ਲਗਾਤਾਰ ਕੀਤੇ ਜਾਂਦੇ ਹਨ ਤਾਂ ਇਸ ਨੂੰ ਦਸਤ ਰੋਗ ਕਿਹਾ ਜਾਂਦਾ ਹੈ।ਦਸਤ ਰੋਗ ਹੋਣ ਨਾਲ ਬੱਚੇ ਵਿੱਚ ਨਮਕ ਅਤੇ ਪਾਣੀ ਦੀ ਘਾਟ ਹੋ ਜਾਂਦੀ ਹੈ, ਇਸ ਨੂੰ ਡੀਹਾਈਡ੍ਰੇਸ਼ਨ ਵੀ ਆਖਦੇ ਹਨ।ਜਿਸ ਕਾਰਨ ਬੱਚੇ ਦੀ ਮੌਤ ਵੀ ਹੋ ਸਕਦੀ ਹੈ।ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਆਸ਼ਾ ਵਰਕਰ ਅਤੇ ਏ.ਐਨ.ਐਮ ਦੁਆਰਾ ਘਰ ਘਰ ਜਾ ਕੇ ਮਾਪਿਆਂ ਨੂੰ ਦਸਤ ਰੋਗਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਸ ਦੀ ਰੋਕਥਾਮ ਲਈ ਜੀਵਨ ਰਖਿਅਕ ਘੋਲ (ਓ.ਆਰ.ਐਸ) ਅਤੇ ਜਿੰਕ ਦੀਆਂ ਗੋਲੀਆਂ ਬਾਰੇ ਦਸਿਆ ਜਾਵੇਗਾ।ਜੇਕਰ ਕੋਈ ਵੀ ਬੱਚਾ ਇਸ ਮੁਹਿੰਮ ਤਹਿਤ ਦਸਤ ਰੋਗ ਤੋਂ ਪੀੜਤ ਪਾਇਆ ਜਾਂਦਾ ਹੈ ਤਾ ਉਸ ਨੂੰ ਓ.ਆਰ.ਐਸ ਅਤੇ ਜਿੰਕ ਦੀਆਂ ਗੋਲੀਆਂ ਤੁਰੰਤ ਦਿੱਤੀਆਂ ਜਾਣਗੀਆਂ।ਦਸਤ ਰੋਗ ਤੋਂ ਬਚਾਓ ਸਬੰਧੀ ਜਾਦਕਾਰੀ ਦਿੰਦਿਆਂ ਜ਼ਿਲਾ ਟੀਕਾਕਰਨ ਅਫਸਰ ਨੇ ਦਸਿਆ ਕਿ ਖਾਣਾ ਖਾਣ ਤੋਂ ਪਹਿਲਾਂ, ਖਾਣਾ ਖਾਣ ਤੋਂ ਬਾਅਦ ਅਤੇ ਪਖਾਨਾ ਜਾਣ ਤੋਂ ਬਾਅਦ ਆਪਣੇ ਹੱਥਾਂ ਦੀ ਸਫਾਈ ਵੱਲ ਪੂਰਾ ਧਿਆਨ ਦਿੱਤਾ ਜਾਵੇ।ਦਸਤ ਰੋਗ ਦੌਰਾਨ ਮਾਤਾ ਨੂੰ ਬੱਚੇ ਦੀ ਸੰਭਾਲ ਸਮੇਂ ਚਾਹੀਦਾ ਹੈ ਕਿ ਉਹ ਬੱਚੇ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਅਤੇ ਉਸ ਦੇ ਬਾਅਦ ਆਪਣੇ ਹੱਥ ਸਾਫ ਕਰਨਾ ਨਾਂ ਭੁੱਲੇ।ਇਥੇ ਇਹ ਵੀ ਧਿਆਨ ਰੱਖਿਆ ਜਾਵੇ ਕਿ ਜੇਕਰ ਬੱਚਾ ਮਾਂ ਦਾ ਦੁੱਧ ਲੈ ਰਿਹਾ ਹੈ ਤਾਂ ਉਸ ਨੂੰ ਮਾਂ ਦਾ ਦੁੱਧ ਉਸੇ ਤਰਾਂ ਚਾਲੂ ਰੱਖਿਆ ਜਾਵੇ।ਦਸਤ ਦੌਰਾਨ ਕਿਸੇ ਵੀ ਪ੍ਰਕਾਰ ਦੇ ਜੂਸ / ਕੋਲਡ ਡਿ੍ਰੰਕਸ ਨਾ ਦਿੱਤੇ ਜਾਣ।
ਡਾ. ਪੈਮਿਲ ਬਾਂਸਲ ਅਰਬਨ ਨੋਡਲ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਬੱਚਾ ਦਸਤ ਦੌਰਨ ਸੁਸਤ ਜਾਂ ਬੇਹੋਸ਼ ਹੋ ਜਾਂਦਾ ਹੈ ਜਾਂ ਅੱਖਾਂ ਅੰਦਰ ਧੱਸ ਜਾਂਦੀਆਂ ਹਨ, ਕੁਝ ਵੀ ਠੀਕ ਤਰੀਕੇ ਨਾਲ ਖਾ-ਪੀ ਨਹੀਂ ਰਿਹਾ, ਚੂੰਡੀ ਵੱਢਣ ਤੇ ਚਮੜੀ ਆਪਣੀ ਥਾਂ `ਤੇ ਹੌਲੀ ਵਾਪਸ ਆਉਂਦੀ ਹੈ ਤਾਂ ਇਹ ਬੱਚੇ ਲਈ ਖਤਰਨਾਕ ਹੋ ਸਕਦਾ ਹੈ।ਅਜਿਹੀ ਹਾਲਤ ਵਿੱਚ ਬੱਚੇ ਨੂੰ ਜਲਦੀ ਤੋਂ ਜਲਦੀ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਓ ਅਤੇ ਰਸਤੇ ਦੌਰਾਨ ਉਸ ਨੂੰ ਓ.ਐਸ.ਆਰ ਦਿੰਦੇ ਰਹਿਣਾ ਚਾਹੀਦਾ ਹੈ।ਇਸ ਮੌਕੇ ਡਾ. ਮਨਜੀਤ ਕੌਰ ਐਮ.ਡੀ ਗਾਇਨੀ, ਸੀ.ਐਲ ਸਿੰਗਲਾ ਫਾਰਮਾਸਿਸਟ, ਕੁਲਰਾਜ ਸਿੰਘ ਫਾਰਮਾਸਿਸਟ, ਸ਼੍ਰੀਮਤੀ ਜਸਪ੍ਰੀਤ ਕੌਰ, ਰਾਜਵਿੰਦਰ ਕੌਰ, ਏ.ਐਨ.ਐਮ ਹਰਜਿੰਦਰ ਕੌਰ, ਬੇਅੰਤ ਕੌਰ, ਜਗਦੀਸ਼ ਕੌਰ ਆਦਿ ਹਾਜ਼ਰ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media