
ਬਟਾਲਾ, ੧੭ ਜੁਲਾਈ (ਨਰਿੰਦਰ ਬਰਨਾਲ) – ਰਾਜ ਦੀ ਪੇਂਡੂ ਅਰਥ ਵਿਵਸਥਾ ਵਿਚ ਪਸ਼ੂ-ਪਾਲਣ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ ਅਤੇ ਰਾਜ ਵਿਚ ਕਿਸਾਨਾਂ ਦੀ ਖੇਤੀਬਾੜੀ ਆਮਦਨ ਨੂੰ ਵਧਾਉਣ ਲਈ ਇਸ ਖੇਤਰ ਦੀ ਬਹੁਤ ਸਮਰੱਥਾ ਹੈ। ਇਹ ਪ੍ਰਗਟਾਵਾ ਕਰਦਿਆਂ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਹਾਇਕ ਧੰਦਿਆਂ ਨੂੰ ਉਤਸ਼ਾਹਤ ਕਰਨ ਦੀਆਂ ਕੋਸ਼ਿਸ਼ਾਂ ਸਦਕਾ ਪਸ਼ੂ-ਪਾਲਣ, ਡੇਅਰੀ ਅਤੇ ਮੱਛੀ ਪਾਲਣ ਪਿਛਲੇ ਵਰ੍ਹਿਆਂ ਵਿਚ ਸੁਤੰਤਰ ਆਰਥਿਕ ਕਿੱਤੇ ਬਣ ਗਏ ਹਨ।
ਸ੍ਰੀ ਧੁੱਗਾ ਨੇ ਕਿਹਾ ਕਿ ਸਰਕਾਰ ਵੱਲੋਂ ਪਸ਼ੂ ਪਾਲਣ ਕਿੱਤੇ ਲਈ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ, ਪਸ਼ੂ ਚਿਕਿਤਸਾ ਹਸਪਤਾਲਾਂ, ਡਿਸਪੈਂਸਰੀਆਂ ਅਤੇ ਮੌਜੂਦਾ ਇਮਾਰਤਾਂ ਨੂੰ ਅਪਗ੍ਰੇਡ ਕਰਨ ਦਾ ਕਾਰਜ ਪਹਿਲ ਦੇ ਅਧਾਰ ‘ਤੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਪਠਾਨਕੋਟ, ਬਰਨਾਲਾ ਅਤੇ ਫਾਜ਼ਿਲਕਾ ਵਿਖੇ ਤਿੰਨ ਨਵੇਂ ਪਸ਼ੂ ਚਿਕਿਤਸਾ ਪੋਲੀਕਲੀਨਿਕਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੱਛੀ ਪਾਲਣ, ਮੁਰਗੀ ਪਾਲਣ, ਸੂਰ ਪਾਲਣ, ਬਣਾਉਟੀ ਗਰਭ ਧਾਰਣ ਅਤੇ ਡੇਅਰੀ ਲਈ ਹੁਨਰਮੰਦ ਕਾਮੇ ਤਿਆਰ ਕਰਨ ਵਿਚ ਸ਼੍ਰੀ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਗਡਵਾਸੂ, ਲੁਧਿਆਣਾ ਪ੍ਰਮੁੱਖ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਜ ਵਿਚ ਭੇਡ, ਸੂਰ ਅਤੇ ਮੁਰਗੀ ਪਾਲਣ ਦੇ ਵਿਕਾਸ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਮੁੱਖ ਸੰਸਦੀ ਸਕੱਤਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀਬਾੜੀ ਦੇ ਨਾਲ ਸਹਾਇਕ ਧੰਦਿਆਂ ਨੂੰ ਵੀ ਅਪਨਾਉਣ ਅਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿੱਡੀ ਦਾ ਫਾਇਦਾ ਲੈ ਕੇ ਆਪਣੇ ਕਾਰੋਬਾਰ ਨੂੰ ਵਧਾ ਕੇ ਵੱਧ ਮੁਨਾਫਾ ਕਮਾਉਣ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media