ਸੰਦੌੜ, 9 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਭਾਰਤ ਵਿਚ ਦਿੱਲ ਦਾ ਦੌਰਾ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਸ ਨੇ ਇਕ ਮਹਾਂਮਾਰੀ ਦਾ ਰੂਪ ਲੈ
ਲਿਆ ਹੈ।ਇਸ ਸਮੇਂ ਸਭ ਤੋਂ ਜ਼ਰੂਰੀ ਹੈ ਕਿ ਆਮ ਜਨਤਾ ਵਿਚ ਦਿਲ ਦੇ ਰੋਗਾਂ ਪ੍ਰਤੀ ਜਾਗਰੂੂਤਾ ਫੈਲਾਈ ਜਾਵੇ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਾਰਟ ਸਪੈਸ਼ਲਿਸਟ ਡਾ. ਸੰਦੀਪ ਚੋਪੜਾ ਨੇ ਐਨ.ਆਈ.ਐਮ.ਏ ਦੇ ਇੱਕ ਸੰਖੇਪ ਸਮਾਗਮ ਦੌਰਾਨ ਕੀਤਾ।ਉਨਾਂ ਕਿਹਾ ਕਿ ਹਾਰਟ ਫੇਲੀਅਰ ਦੀ ਰੋਕਥਾਮ ਵੀ ਹੋ ਸਕਦੀ ਹੈ ਅਤੇ ਇਸ ਦਾ ਇਲਾਜ ਵੀ ਮੁਮਕਿਨ ਹੈ।ਬਿਮਾਰੀ ਦਾ ਜਲਦ ਪਤਾ ਲੱਗਣ ਨਾਲ ਚੰਗੇ ਨਤੀਜੇ ਸਾਹਮਣੇ ਆਉਂਦੇ ਹਨ।ਅਜਿਹੇ ਮਰੀਜ਼ਾਂ ਦਾ ਇਲਾਜ ਕਰਨ ਦੇ ਲਈ ਡਾਕਟਰਾਂ ਦੇ ਕੋਲ ਨਵੇਂ ਸਾਧਨ, ਨਵੀਂਆਂ ਦਵਾਈਆਂ ਉਪਲੱਬਧ ਹਨ, ਜਿਨਾਂ ਨਾਲ ਜੀਵਨ ਦੇ ਪੱਧਰ ਅਤੇ ਗੁਣਵੱਤਾ `ਚ ਸੁਧਾਰ ਹੋ ਰਹੇ ਹਨ।
ਡਾ. ਸੰਦੀਪ ਚੋਪੜਾ ਨੇ ਕਿਹਾ ਕਿ ਹਾਰਟ ਫੇਲੀਅਰ ਮਰੀਜ਼ਾਂ ਵਿਚ ਰੋਗ ਦੀ ਪਹਿਚਾਣ ਜਲਦ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਨਾਲ ਜੁੜੇ ਖ਼ਤਰੇ ਦੇ ਕਾਰਕ- ਜਿਵੇਂ ਕਿ ਬਲੱਡ ਪ੍ਰੈਸ਼ਰ, ਡਾਈਬਿਟਿਜ਼, ਕਾਰੋਨੋਰੀ ਆਰਟਰੀ ਡਿਜੀਜ ਅਤੇ ਵਾਲਵਯੁਲਰ ਹਾਰਟ ਡਿਜਿਜ ਦਾ ਸਹੀ ਇਲਾਜ ਇਸ ਵਧਦੀ ਬਿਮਾਰੀ ਦੀ ਰੋਕਥਾਮ ਵਿਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ।ਉਨਾਂ ਅੱਗੇ ਕਿਹਾ ਕਿ ਅੱਜ ਦੇ ਤੇਜ਼ ਰਫ਼ਤਾਰ ਯੁੱਗ ਵਿਚ ਲੋਕਾਂ ਕੋਲ ਸਰੀਰ ਅਤੇ ਮਾਨਸਿਕ ਆਰਾਮ ਲਈ ਸਮਾਂ ਘਟ ਗਿਆ ਹੈ ਜਿਸ ਦੇ ਚੱਲਦੇ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗ ਵਧ ਰਹੇ ਹਨ। ਉਨਾਂ ਕਿਹਾ ਕਿ ਖਾਣ ਪੀਣ ਦੀਆਂ ਚੀਜ਼ਾਂ ਵਿਚ ਚਰਬੀ ਯੁਕਤ ਭੋਜਨ ਅਤੇ ਫਾਸਟ ਫੂਡ ਦੀ ਵਧ ਵਰਤੋਂ ਨਾਲ ਵੀ ਦਿਲ ਦੇ ਰੋਗਾਂ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਯੋਗ, ਸਰੀਰਕ ਕਸਰਤ ਅਤੇ ਨਿਯਮਿਤ ਰੂਪ ਵਿਚ ਦਿਲ ਦਾ ਚੈਕਅਪ ਕਰਵਾ ਕੇ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਤੋਂ ਬਚਿਆ ਜਾ ਸਕਦਾ ਹੈ।ਸਮਾਗਮ ਦੌਰਾਨ ਐਨ.ਆਈ.ਐਮ.ਏ ਸੰਸਥਾ ਵਲੋਂ ਡਾ. ਸੰਦੀਪ ਚੋਪੜਾ ਨੰੂ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ।
Punjab Post Daily Online Newspaper & Print Media