ਨਵੀਂ ਦਿੱਲੀ, 7 ਦਸੰਬਰ (ਪੰਜਾਬ ਪੋਸਟ ਬਿਊਰੋ) – ‘ਭਗਤ ਸੈਣ ਜੀ ਭਾਵੇਂ ਕਿਤੇ ਪਖੋਂ ਨਾਈ ਜਾਤ ਨਾਲ ਸੰਬੰਧਤ ਸਨ, ਪ੍ਰੰਤੂ ਉਨ੍ਹਾਂ ਨੇ ਪ੍ਰਭੂ ਭਗਤੀ ਸਦਕਾ ਜੀਵਨ ਵਿੱਚ ਉਹ ਉਚ ਪਦ ਪ੍ਰਾਪਤ ਕਰ ਲਿਆ, ਜੋ ਵਿਰਲਿਆਂ ਨੂੰ ਹੀ ਨਸੀਬ ਹੁੰਦਾ ਹੈ’।ਇਹ ਵਿਚਾਰ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ.ਗੁ.ਪ੍ਰ ਕਮੇਟੀ) ਨੇ ਇਥੇ ਭਗਤ ਸੈਣ ਜੀ ਦਾ ਜਨਮ ਦਿਨ ਮੰਨਾਉਣ ਲਈ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਆਯੋਜਿਤ ਧਾਰਮਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।ਰਾਣਾ ਨੇ ਦਸਿਆ ਕਿ ਗੁਰਧਾਮਾਂ ਵਿੱਚ ਆਰਤੀ ਦਾ ਗਾਇਨ ਕਰਦਿਆਂ, ਉਨ੍ਹਾਂ ਦੀ ਰਚਤ ਸ਼ਬਦ ‘ਧੂਪ ਦੀਪ ਘ੍ਰਿਤ ਸਾਜਿ ਆਰਤੀ। ਵਾਰਨੇ ਜਾਉ ਕਮਲਾ ਪਤੀ’, ਵੀ ਪੜ੍ਹਿਆ ਜਾਂਦਾ ਹੈ।ਭਾਈ ਗੁਰਦਾਸ ਜੀ ਨੇ ਵੀ ਆਪਣੀ ਰਚਨਾ ਵਿੱਚ ਉਨ੍ਹਾਂ ਦਾ ਜ਼ਿਕਰ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ : ‘ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ’।ਰਾਣਾ ਨੇ ਉਨ੍ਹਾਂ ਦੇ ਜੀਵਨ ਨਾਲ ਸੰਬੰਧਤ ਪ੍ਰਚਲਤ ਇੱਕ ਸਾਖੀ ਦਾ ਜ਼ਿਕਰ ਕਰਦਿਆਂ ਦਸਿਆ ਕਿ ਸੈਣ ਜੀ ਹਰ ਰੋਜ਼ ਰਾਜੇ ਦੀ ਮਾਲਿਸ਼ ਕਰਨ ਦੀ ਸੇਵਾ ਕਰਨ ਉਸਦੇ ਮਹਲ ਜਾਇਆ ਕਰਦੇ ਸਨ।ਇੱਕ ਦਿਨ ਭਗਤ ਸੈਣ ਜੀ ਪ੍ਰਭੂ ਭਗਤੀ ਵਿੱਚ ਇਤਨੇ ਲੀਨ ਹੋਏ ਕਿ ਉਹ ਰਾਜੇ ਦੀ ਸੇਵਾ ਕਰਨ ਲਈ ਨਾ ਪੁਜ ਸਕੇ।ਇਸ ਮੌਕੇ ਪ੍ਰਭੂ ਨੇ ਆਪ ਉਨ੍ਹਾਂ ਦਾ ਰੂਪ ਧਾਰ ਰਾਜੇ ਦੀ ਸੇਵਾ ਕੀਤੀ।ਜਦੋਂ ਰਾਜੇ ਨੂੰ ਪਤਾ ਲਗਾ ਕਿ ਸੈਣ ਜੀ ਦੇ ਪ੍ਰਭੂ ਭਗਤੀ ਵਿੱਚ ਲੀਨ ਹੋ ਜਾਣ ਕਾਰਣ, ਪ੍ਰਭੂ ਆਪ ਉਨ੍ਹਾਂ ਦੀ ਜਗ੍ਹਾ ਉਸਦੀ ਸੇਵਾ ਲਈ ਆ ਪੁੱਜੇ ਸਨ, ਤਾਂ ਉਸ ਦਿਨ ਤੋਂ ਉਹ ਆਪ ਸੈਣ ਜੀ ਦਾ ਭਗਤ ਬਣ ਗਿਆ।ਇਸ ਮੌਕੇ ਪ੍ਰਮੁੱਖ ਕੀਰਤਨੀ ਜਥਿਆਂ ਤੇ ਕਥਾ ਵਾਚਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਸੈਣ ਜੀ ਦੀ ਬਾਣੀ ਦੇ ਸ਼ਬਦਾਂ ਪੁਰ ਅਧਾਰਤ ਕੀਰਤਨ ਅਤੇ ਕਥਾ ਕਰ ਸੰਗਤਾਂ ਨੂੰ ਉਨ੍ਹਾਂ ਦੇ ਜੀਵਨ ਅਤੇ ਕਾਰਜਾਂ ਤੋਂ ਜਾਣੂ ਕਰਵਾਇਆ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media