ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਨਾਦ ਪ੍ਰਗਾਸੁ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਪੰਜਾਬੀ ਸਾਹਿਤ ਜਗਤ ਦੀ ਅਜ਼ੀਮ ਸ਼ਖ਼ਸੀਅਤ ਭਾਈ ਵੀਰ ਸਿੰਘ ਦੇ 145ਵੇਂ ਜਨਮ ਦਿਵਸ ਮੌਕੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਵੱਖ ਵੱਖ ਵਿਦਵਾਨਾਂ ਅਤੇ ਖੋਜਾਰਥੀਆਂ ਨੇ ਪੰਜਾਬ ਦੀ ਇਸ ਸਿਰਜਣਾਤਮਕ ਸ਼ਖ਼ਸੀਅਤ ਸੰਬੰਧੀ ਆਪਣੇ ਵਿਚਾਰ ਹਾਜਿਰ ਸਰੋਤਿਆਂ ਨਾਲ ਸਾਂਝੇ ਕੀਤੇ।ਦੱਸਣਯੋਗ ਹੈ ਕਿ ਭਾਈ ਵੀਰ ਸਿੰਘ ਦੇ ਜਨਮ ਦਿਵਸ ਮੌਕੇ ਆਯੋਜਿਤ ਕੀਤਾ ਗਿਆ ਇਹ ਸਮਾਗਮ ਅਕਾਦਮਿਕ ਖੋਜ ਖੇਤਰ ਵਿਚ ਕਾਰਜਸ਼ੀਲ ਸੰਸਥਾ ਨਾਦ ਪ੍ਰਗਾਸੁ ਵਲੋਂ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਕਰਵਾਇਆ ਜਾ ਰਿਹਾ ਹੈ।
ਅੱਜ ਦਾ ਇਹ ਪ੍ਰੋਗਰਾਮ ਦੋ ਪੜਾਵਾਂ ਰਾਹੀਂ ਆਪਣੀ ਸਿਖਰ ਨੂੰ ਪਹੁੰਚਿਆਂ।ਪਹਿਲੇ ਪੜਾਅ ਦੌਰਾਨ ਭਾਈ ਵੀਰ ਸਿੰਘ ਦੀਆਂ ਕੁਝ ਚੋਣਵੀਆਂ ਕਵਿਤਾਵਾਂ ਦਾ ਗਾਇਨ ਅਤੇ ਉਚਾਰਣ ਖੋਜਾਰਥੀਆਂ ਅਤੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ।ਇਸ ਸਮਾਗਮ ਦੇ ਦੂਸਰੇ ਪੜਾਅ ਵਿਚ ਆਪਣੇ ਵਿਸ਼ੇਸ਼ ਭਾਸ਼ਣ ਦੌਰਾਨ ਵਿਚਾਰ ਸਾਂਝੇ ਕਰਦਿਆਂ ਖੋਜਾਰਥੀ ਹਰਪ੍ਰੀਤ ਸਿੰਘ ਨੇ ਭਾਈ ਵੀਰ ਸਿੰਘ ਦੇ ਜੀਵਨ ਅਤੇ ਯੋਗਦਾਨ ਤੋਂ ਇਲਾਵਾ ਉਨਾਂ ਤਤਕਾਲੀ ਪ੍ਰਸ਼ਨਾਂ ਨੂੰ ਵੀ ਉਭਾਰਿਆ ਜਿਨ੍ਹਾਂ ਨਾਲ ਭਾਈ ਵੀਰ ਸਿੰਘ ਆਪਣੀਆਂ ਰਚਨਾਵਾਂ ਰਾਹੀਂ ਸੰਬੋਧਿਤ ਹੋਏ।ਉਹਨਾਂ ਕਿਹਾ ਕਿ ਭਾਈ ਵੀਰ ਸਿੰਘ ਸਮਕਾਲੀ ਚਿੰਤਨ ਅਤੇ ਸਮਾਜਿਕ ਸਥਿਤੀਆਂ ਦੇ ਤਿਕੋਣੇ ਸੰਕਟ ਦੇ ਰੂ-ਬ-ਰੂ ਹੋ ਰਹੇ ਹਨ।ਜਿਨ੍ਹਾਂ ਵਿਚੋਂ ਪਹਿਲਾ ਸੰਕਟ ਯੂਰਪੀ ਨਸਲਵਾਦ ਅਤੇ ਦਾਰਸ਼ਨਿਕ ਏਕਾਧਿਕਾਰ ਨਾਲ ਸੰਬਧਿਤ ਹੈ ਅਤੇ ਦੂਸਰਾ ਸੰਕਟ ਸਿੱਖ ਰਾਜ ਦੇ ਜਾਣ ਉਪਰੰਤ ਪੰਜਾਬ ਦੇ ਸਮਾਜਿਕ ਅਤੇ ਰਾਜਨੀਤਕ ਦ੍ਰਿਸ਼ ਉਪਰ ਜਗੀਰਦਾਰੀ ਮਾਨਸਿਕਤਾ ਦੀਆਂ ਆਪਹੁਦਰੀਆਂ/ਅਰਾਜਕ ਰੁਚੀਆਂ ਦੇ ਉਭਾਰ ਨੂੰ ਦ੍ਰਿਸ਼ਟੀਗੋਚਰ ਕਰਦਾ ਹੈ।ਜਦ ਕਿ ਤੀਸਰਾ ਸੰਕਟ ਇਸਾਈ ਮਿਸ਼ਨਰੀਆਂ ਦੀਆਂ ਸ਼ੱਸ਼ਕਤ ਪ੍ਰਚਾਰ ਵਿਧੀਆਂ ਦੇ ਵਿਚਾਰਧਾਰਕ ਢਾਂਚੇ ਨਾਲ ਸੰਬੰਧਤ ਹੈ।ਉਹਨਾਂ ਕਿਹਾ ਕਿ ਕਿਸੇ ਵੀ ਸ਼ਖਸੀਅਤ ਦੀ ਉਸਾਰੀ ਕੁੱਝ ਵਿਸ਼ੇਸ਼ ਵਿਚਾਰਧਾਰਕ ਅਤੇ ਦਾਰਸ਼ਨਿਕ ਆਧਾਰਾਂ ਉਪਰ ਟਿਕੀ ਹੁੰਦੀ ਹੈ।ਸੋ ਭਾਈ ਵੀਰ ਸਿੰਘ ਦੇ ਦਾਰਸ਼ਨਿਕ ਪਰਿਪੇਖ ਨੂੰ ਅਕਾਦਮਿਕ ਦ੍ਰਿਸ਼ਟੀ ਤੋਂ ਮੁੜ ਤਲਾਸ਼ੇ ਜਾਣ ਦੀ ਲੋੜ ਹੈ।
ਉਪਰੰਤ ਵਿਚਾਰ ਚਰਚਾ ਦਾ ਆਗਾਜ ਕਰਦਿਆਂ ਡਾ: ਹੀਰਾ ਸਿੰਘ, ਖਾਲਸਾ ਕਾਲਜ ਨੇ ਕਿਹਾ ਕਿ ਭਾਈ ਵੀਰ ਸਿੰਘ ਨੇ ਅੰਮ੍ਰਿਤਸਰ ਦੀ ਧਰਤੀ ਨੂੰ ਹੀ ਆਪਣੀ ਕਰਮ ਭੂਮੀ ਬਣਾਇਆ ਅਤੇ ਇਸ ਧਰਤੀ ਨਾਲ ਜੁੜੇ ਅਨੁਭਵ ਅਤੇ ਪਰੰਪਰਾਵਾਂ ਦੀ ਵਿਆਪਕਤਾ ਨੂੰ ਆਪਣੀ ਸਿਰਜਨਾਤਮਕ ਚੇਤਨਾ ਰਾਹੀਂ ਸੰਚਾਰਿਤ ਕੀਤਾ।ਉਨਾਂ ਕਿਹਾ ਕਿ ਭਾਈ ਵੀਰ ਸਿੰਘ ਜਿਹੀ ਬਹੁਪੱਖੀ ਸ਼ਖਸ਼ੀਅਤ ਦੀ ਗੈਰਹਾਜਰੀ ਕਾਰਨ ਅੱਜ ਦਾ ਪੰਜਾਬੀ ਸਾਹਿਤਕ ਜਗਤ ਕਈ ਦਾਰਸ਼ਨਿਕ ਅਤੇ ਚਿੰਤਨਮਈ ਸੰਕਟਾਂ ਵਿਚ ਘਿਰਿਆ ਹੋਇਆ ਹੈ।ਪੰਜਾਬੀ ਸਾਹਿਤ ਵਿਚ ਭਾਈ ਵੀਰ ਸਿੰਘ ਦੀ ਚਿੰਤਨ ਦ੍ਰਿਸ਼ਟੀ ਦੇ ਮੁੜ ਦਖਲ ਨਾਲ ਅੱਜ ਦੀ ਇਸ ਸਥਿਤੀ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ।
ਉਪਰੰਤ ਪ੍ਰੋ: ਜਗਦੀਸ਼ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਦੋਂ ਭਾਈ ਵੀਰ ਸਿੰਘ ਬ੍ਰਿਜ ਭਾਸ਼ਾ ਨੂੰ ਛੱਡ ਕੇ ਪੰਜਾਬੀ ਭਾਸ਼ਾ ਵਿਚ ਰਚਨਾ ਕਰ ਰਿਹਾ ਹੈ, ਤਾਂ ਉਹ ਉਸ ਬ੍ਰਿਜੀ ਪ੍ਰਭਾਵ ਵਾਲੀ ਭਾਸ਼ਾ ਤੋਂ ਕਿਨਾਰਾ ਕਰ ਰਿਹਾ ਹੈ, ਜੋ ਭਗਤੀ ਲਹਿਰ ਦੇ ਨਾਮ ਰਸੀ ਪ੍ਰਭਾਵ ਅਤੇ ਸਮਕਾਲੀ ਸੱਭਿਆਚਾਰਕ ਪ੍ਰਸੰਗ ਨਾਲੋਂ ਟੁੱਟੀ ਹੋਈ ਹੈ।ਭਾਈ ਵੀਰ ਸਿੰਘ ਹੀ ਪੰਜਾਬੀ ਸਥਾਨਕ ਪ੍ਰੰਪਰਾਵਾਂ ਦਾ ਪ੍ਰਤੀਨਿਧ ਲੇਖਕ ਹੈ ਜੋ ਤਤਕਾਲੀ ਚੁਣੌਤੀਆਂ ਨਾਲ ਵੀ ਸੰਵਾਦ ਰਚਾ ਰਿਹਾ ਹੈ।ਉਹਨਾਂ ਦਾ ਦ੍ਰਿਸ਼ਟੀਕੋਣ ਘਟਨਾਮੁਖੀ ਨਾ ਹੋ ਕਿ ਸੰਰਚਨਾਮਈ ਅਤੇ ਗਿਆਨਮੁਖੀ ਹੈ।ਭਾਈ ਵੀਰ ਸਿੰਘ ਦੀ ਸਮਰੱਥਾ ਅਤੇ ਸੰਭਾਵਨਾਵਾਂ ਵਿਚ ਉਸਦੇ ਰਾਜਨੀਤਿਕ ਅਤੇ ਇਤਿਹਾਸਿਕ ਦ੍ਰਿਸ਼ਟੀਕੋਣ ਦਾ ਵੀ ਪੁਨਰ ਨਿਰੀਖਣ ਕੀਤੇ ਜਾਣ ਦੀ ਲੋੜ ਹੈ। ਇਸ ਮੌਕੇ ਡਾ: ਸੁਖਵਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਿੱਖ ਅਧਿਐਨ ਦੇ ਖੇਤਰ ਵਿਚ ਅਜੇ ਤਕ ਭਾਈ ਵੀਰ ਸਿੰਘ ਬਾਰੇ ਕੋਈ ਵਰਣਨਯੋਗ ਖੋਜ ਕਾਰਜ ਨਹੀਂ ਹੋ ਸਕਿਆ, ਜੋ ਭਾਈ ਵੀਰ ਸਿੰਘ ਦੀ ਸਿਰਜਨਾਤਮਕ ਸਮਰੱਥਾ ਅਤੇ ਚਿੰਤਨ ਦ੍ਰਿਸ਼ਟੀ ਨੂੰ ਧਰਮ ਅਧਿਐਨ ਦੇ ਪ੍ਰਸੰਗ ਵਿਚ ਸਮਕਾਲੀ ਦਾਰਸ਼ਨਿਕ ਪ੍ਰਸ਼ਨਾਂ ਅਤੇ ਚੁਣੌਤੀਆਂ ਦੇ ਸਨਮੁੱਖ ਰੱਖ ਕੇ ਵੇਖ ਸਕੇ।
ਸਮਾਗਮ ਦੇ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਖਾਲਸਾ ਕਾਲਜ ਅੰਮ੍ਰਿਤਸਰ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਤੋਂ ਇਲਾਵਾ ਰਾਜ ਦੀਆਂ ਹੋਰ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਵਿਦਵਾਨਾਂ ਨੇ ਭਾਗ ਲਿਆ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media