ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ.ਕੇ ਸਨਮਾਨਿਤ
ਅੰਮ੍ਰਿਤਸਰ, 27 ਜੁਲਾਈ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸਮੂਹ ਵਿਦਿਅਕ ਅਦਾਰਿਆਂ ਵੱਲੋਂ ਅੱਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਵਤਾਰ ਪੁਰਬ ਦੇ ਸੰਬੰਧ ਵਿੱਚ ਦੀਵਾਨ ਦੇ ਪ੍ਰਮੁੱਖ ਸਕੂਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਦੇ ਵਿਹੜੇ ਵਿੱਚ ਅਲੌਕਿਕ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ । ਕੀਰਤਨ ਦਰਬਾਰ ਦੇ ਸ਼ੁਭ ਅਵਸਰ ਤੇ ਫੁੱਲਾਂ ਨਾਲ ਸ਼ਿੰਗਾਰੇ ਸਕੂਲ ਦੇ ਵਿਹੜੇ ਵਿੱਚ ਗੁਰਬਾਣੀ ਦੀਆਂ ਧੁਨਾਂ ਦੀ ਗੂੰਜ ਨਾਲ ਰੂਹਾਨੀ ਵਾਤਾਵਰਣ ਸਿਰਜਿਆ ਗਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸਿੱਖੀ ਰਵਾਇਤਾਂ ਅਨੁਸਾਰ ਫੁੱਲਾਂ ਦੀ ਵਰਖਾ ਅਤੇ ਨਰਸਿੰਘੇ ਦੀ ਗੂੰਜ ਨਾਲ ਦੀਵਾਨ ਵਿੱਚ ਸੁਸ਼ੋਭਿਤ ਕੀਤਾ ਗਿਆ । ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ ਨੇ ਆਈਆਂ ਹੋਇਆਂ ਸੰਗਤਾਂ ਨੂੰ ‘ਜੀ ਆਇਆਂ’ ਆਖਿਆ । ਉਹਨਾਂ ਹਾਜ਼ਰ ਸੰਗਤਾਂ ਨੂੰ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਵਿਦਿਅਕ, ਸਮਾਜਿਕ ਅਤੇ ਧਾਰਮਿਕ ਕਾਰਜਾਂ ਦਾ ਵੇਰਵਾ ਦਿੱਤਾ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ । ਉਹਾਂ ਕਿਹਾ ਕਿ ਦੀਵਾਨ ਵੱਲੋਂ ਆਪਣੀਆਂ ਸੰਸਥਾਵਾਂ ਗਿਆਨ ਦੀ ਛੜੀ ਨਾਲ ਵਿਦਿਆ ਦਾ ਦਾਨ ਬਖਸ਼ਣ ਵਾਲੇ ਸਾਹਿਬ ਸੀ੍ਰ ਗੁਰੂ ਹਰਕ੍ਰਿਸ਼ਨ ਜੀ ਦੇ ਨਾਂ ਤੇ ਚਲਾਈਆਂ ਜਾ ਰਹੀਆਂ ਹਨ ਅਤੇ ਇਸੇ ਕਰਕੇ ਬਾਲਾ ਪ੍ਰੀਤਮ ਜੀ ਦੇ ਅਵਤਾਰ ਪੁਰਬ ਦੇ ਮੌਕੇ ਤੇ ਹਰ ਸਾਲ ਇਹਨਾਂ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਜਾਂਦਾ ਹੈ । ਦੀਵਾਨ ਵੱਲੋਂ ਅਜਿਹੇ ਉਪਰਾਲਿਆਂ ਨਾਲ ਸਿੱਖ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਨਵੀਂ ਪਨੀਰੀ ਨੂੰ ਸਿੱਖੀ ਜੀਵਨ ਜਾਚ ਨਾਲ ਜੋੜਨ ਦੇ ਯਤਨ ਕੀਤੇ ਜਾਂਦੇ ਹਨ । ਕੀਰਤਨ ਦਰਬਾਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਵਿਸ਼ੇਸ਼ ਰੂਪ ਵਿੱਚ ਹਾਜ਼ਰੀ ਭਰੀ । ਬੀਬੀ ਪ੍ਰਭਜੋਤ ਕੌਰ ਦੀ ਅਗਵਾਈ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੇ ਕੀਰਤਨੀ ਜਥੇ ਨੇ ਕੀਰਤਨ ਦਰਬਾਰ ਦੇ ਅਰੰਭ ਵਿੱਚ ਅੰਮ੍ਰਿਤਮਈ ਬਾਣੀ ਦੇ ਕੀਰਤਨ ਰਾਹੀਂ ਗੁਰੂ ਚਰਨਾਂ ਵਿੱਚ ਹਾਜ਼ਰੀ ਭਰੀ । ਉਪਰੰਤ ਪੰਥ ਦੇ ਪ੍ਰਸਿੱਧ ਕੀਰਤਨੀ ਜਥਿਆਂ ਨੇ ਨਾਮ-ਬਾਣੀ ਦੀ ਛਹਿਬਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਇਹਨਾਂ ਜਥਿਆਂ ਵਿੱਚ ਸੰਤ ਅਨੂਪ ਸਿੰਘ ਊਨਾ ਵਾਲੇ, ਪਦ ਜੀ ਬੀਬੀ ਕੌਲਾਂ ਵਾਲੇ ਸ਼ਾਮਲ ਸਨ ।
ਕੀਰਤਨ ਦਰਬਾਰ ਦੇ ਅਵਸਰ ਤੇ ਦੀਵਾਨ ਦੇ ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ ਵਲੋਂ ਸਕੂਲ ਵਿੱਚ ਦੀਵਾਨ ਦੇ ਸਾਬਕਾ ਪ੍ਰਧਾਨ ਸਵਰਗਵਾਸੀ ਸ੍ਰ. ਕਿਰਪਾਲ ਸਿੰਘ ਜੀ ਦੀ ਯਾਦ ਵਿੱਚ ਉਸਾਰੇ ਗਏ ‘ਸ੍ਰ. ਕਿਰਪਾਲ ਸਿੰਘ ਮੈਮੋਰੀਅਲ ਹਾਲ’ ਦਾ ਉਦਘਾਟਨ ਕੀਤਾ ਗਿਆ । ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ.ਕੇ., ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਸਾਬਕਾ ਪ੍ਰਿੰਸੀਪਲ ਡਾ: ਦਲਜੀਤ ਸਿੰਘ ਜੀ, ਖ਼ਾਲਸਾ ਕਾਲਜ ਆਫ ਐਜੂਕੇਸ਼ਨ ਦੇ ਪਿੰ੍ਰਸੀਪਲ ਡਾ: ਜਸਵਿੰਦਰ ਸਿੰਘ ਜੀ ਢਿੱਲੋਂ ਅਤੇ ਭਾਈ ਜਸਵਿੰਦਰ ਸਿੰਘ ਜੀ ਬੀਬੀ ਕੌਲਾਂ ਭਲਾਈ ਕੇਂਦਰ ਵਾਲਿਆਂ ਨੂੰ ਧਾਰਮਿਕ ਅਤੇ ਵਿਦਿਅਕ ਖੇਤਰ ਵਿੱਚ ਉਹਨਾਂ ਦੁਆਰਾ ਪਾਏ ਜਾ ਰਹੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ।
ਇਹਨਾਂ ਨਾਮਵਰ ਸ਼ਖਸੀਅਤਾਂ ਦੇ ਸਨਮਾਨ ਪੱਤਰ ਡਾ: ਸੰਤੋਖ ਸਿੰਘ, ਸ੍ਰ. ਨਰਿੰਦਰ ਸਿੰਘ ਖੁਰਾਨਾ, ਸ੍ਰ. ਹਰਮਿੰਦਰ ਸਿੰਘ ਫਰੀਡਮ ਅਤੇ ਸ੍ਰ. ਤਜਿੰਦਰ ਸਿੰਘ ਵੱਲੋਂ ਪੜ੍ਹੇ ਗਏ ।ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ ਨੇ ਕੀਰਤਨ ਦਰਬਾਰ ਵਿੱਚ ਸ਼ਾਮਲ ਸਮੂਹ ਸੰਗਤਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੀਵਾਨ ਨੂੰ ਦਿੱਤੇ ਜਾਂਦੇ ਸਹਿਯੋਗ ਲਈ ਧੰਨਵਾਦ ਕੀਤਾ । ਦੀਵਾਨ ਵੱਲੋਂ ਕੀਰਤਨ ਦਰਬਾਰ ਦੇ ਸਫਲ ਆਯੋਜਨ ਲਈ ਸ੍ਰ. ਜੋਗਿੰਦਰ ਸਿੰਘ ਸ੍ਰੀ ਅੰਮ੍ਰਿਤਸਰ ਸੇਵਕ ਸਭਾ ਵਾਲੇ, ਸ੍ਰ. ਬਲਵਿੰਦਰ ਸਿੰਘ ਵਾਹਿਗੁਰੂ ਸਿਮਰਨ ਸੇਵਾ ਸੁਸਾਇਟੀ ਵਾਲੇ, ਸ੍ਰ. ਅਜੀਤ ਸਿੰਘ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਾਲੇ, ਗੁਰਮਤਿ ਸਤਿਸੰਗ ਸਭਾ ਵਾਲਿਆਂ, ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲਿਆਂ ਦੇ ਸੇਵਕ ਜਥੇ ਨੂੰ ਕੀਰਤਨ ਦਰਬਾਰ ਦੇ ਆਯੋਜਨ ਵਿੱਚ ਵਿਸ਼ੇਸ਼ ਸਹਿਯੋਗ ਦੇਣ ਲਈ ਸਿਰੋਪਾਓ ਭੇਂਟ ਕੀਤੇ ਗਏ । ਇਸ ਗੁਰਮਤਿ ਸਮਾਗਮ ਦਾ ਸਿੱਧਾ ਪ੍ਰਸਾਰਨ ਸਿਟੀ ਕੇਬਲ, ਫਾਸਟ-ਵੇ ਕੇਬਲ ਅਤੇ ਅਕਾਲ ਚੈਨਲ (ਯੂ.ਕੇ.) ਦੁਆਰਾ ਕੀਤਾ ਗਿਆ ਜਦਕਿ ਪੀ.ਟੀ.ਸੀ. ਚੈਨਲ ਵੱਲੋਂ ਇਸ ਦੀ ਰਿਕਾਰਡਿੰਗ ਕੀਤੀ ਗਈ । ਇਸ ਅਵਸਰ ਤੇ ਧੰਨ-ਧੰਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਚਿੱਤਰ ਪ੍ਰਦਰਸ਼ਨੀ ਦਾ ਆਯੋਜਨ ਵੀ ਕੀਤਾ ਗਿਆ । ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਵੱਲੋਂ ਕੀਰਤਨ ਦਰਬਾਰ ਦੇ ਮੌਕੇ ਤੇ ਮੈਡੀਕਲ ਕੈਂਪ ਦਾ ਆਯੋਜਨ ਵੀ ਕੀਤਾ ਗਿਆ । ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ । ਇਸ ਕੀਰਤਨ ਦਰਬਾਰ ਦੇ ਕਨਵੀਨਰ ਸ੍ਰ. ਤਜਿੰਦਰ ਸਿੰਘ (ਸਰਦਾਰ ਪਗੜੀ ਹਾਊਸ) ਅਤੇ ਡਾ: ਧਰਮਵੀਰ ਸਿੰਘ ਡਾਇਰੈਕਟਰ ਐਜੂਕੇਸ਼ਨ ਨੇ ਅੱਜ ਦੇ ਸਮਾਗਮ ਦੇ ਸਫਲ ਆਯੋਜਨ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ, ਲੰਗਰ ਬਣਾਉਣ ਅਤੇ ਵਰਤਾਉਣ ਲਈ ਸਹਾਇਕ ਸੱਜਣਾਂ ਅਤੇ ਵੱਖ-ਵੱਖ ਸੇਵਾ ਸੁਸਾਇਟੀਆਂ ਅਤੇ ਅੰਮ੍ਰਿਤਸਰ ਸ਼ਹਿਰ ਦੀ ਪੁਲਿਸ ਅਤੇ ਪ੍ਰਸ਼ਾਸਨ ਦੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ । ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਸੰਗਤਾਂ ਸ਼ਾਮਲ ਹੋਇਆਂ ਜਿਨ੍ਹਾਂ ਵਿੱਚ ਮੀਤ ਪ੍ਰਧਾਨ ਡਾ: ਸੰਤੋਖ ਸਿੰਘ, ਆਨਰੇਰੀ ਸੱਕਤਰ ਸ੍ਰ. ਨਰਿੰਦਰ ਸਿੰਘ ਖੁਰਾਨਾ, ਸ੍ਰ. ਹਰਮਿੰਦਰ ਸਿੰਘ ਫਰੀਡਮ, ਸ੍ਰ. ਨਵਪ੍ਰੀਤ ਸਿੰਘ ਸਾਹਨੀ, ਸ੍ਰ. ਇੰਦਰਪ੍ਰੀਤ ਸਿੰਘ ਚੱਢਾ, ਸ੍ਰ. ਸਰਬਜੀਤ ਸਿੰਘ, ਸ੍ਰ. ਜਸਵਿੰਦਰ ਸਿੰਘ ਐਡਵੋਕੇਟ, ਸ੍ਰ. ਸੰਤੋਖ ਸਿੰਘ ਸੇਠੀ, ਸ੍ਰ. ਸੁਰਿੰਦਰਪਾਲ ਸਿੰਘ ਵਾਲੀਆ, ਸ੍ਰ. ਚਰਨਜੀਤ ਸਿੰਘ, ਸ੍ਰ. ਹਰਜੀਤ ਸਿੰਘ, ਸ੍ਰ. ਗੁਰਿੰਦਰ ਸਿੰਘ ਚਾਵਲਾ, ਸ੍ਰ. ਮਨਮੋਹਨ ਸਿੰਘ ਸਹਿੰਸਰਾ, ਸ੍ਰ. ਬਲਦੇਵ ਸਿੰਘ ਚੌਹਾਨ, ਸ੍ਰ. ਸਰਬਜੀਤ ਸਿੰਘ, ਸ੍ਰ. ਅਨੂਪ ਸਿੰਘ, ਸ੍ਰ. ਪ੍ਰਿਤਪਾਲ ਸਿੰਘ ਸੇਠੀ, ਸ੍ਰ. ਧਨਰਾਜ ਸਿੰਘ, ਸ੍ਰ. ਜਸਪਾਲ ਸਿੰਘ, ਸ੍ਰ. ਅਤਰ ਸਿੰਘ, ਸ੍ਰ. ਅਜੀਤ ਸਿੰਘ ਬਸਰਾ ਅਤੇ ਸ੍ਰ. ਲਖਬੀਰ ਸਿੰਘ ਖਿਆਲਾ ਸ਼ਾਮਲ ਸਨ ।