ਡੀ.ਏ.ਵੀ ਸਕੂਲ ਤੇ ਪਿੰਡ ਵਾਸੀਆਂ ਨੂੰ ਦਿੱਤੇ ਗਰਾਂਟਾਂ ਦੇ ਤੋਹਫੇ -ਦੋ ਏਕੜ `ਚ ਬਣੇਗਾ ਸਟੇਡੀਅਮ
ਧੂਰੀ, 27 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) ਸਥਾਨਕ ਡੀ.ਏ.ਵੀ. ਪਬਲਿਕ ਸਕੂਲ ਵੱਲੋਂ ਗਰਾਮ ਪੰਚਾਇਤ ਕੱਕੜਵਾਲ ਦੇ ਸਹਿਯੋਗ ਨਾਲ ਗਣਤੰਤਰਤਾ ਦਿਵਸ ਮੌਕੇ ਕਰਵਾਏ ਇੱਕ ਸੱਭਿਆਚਾਰਕ ਪ੍ਰੋਗਰਾਮ ਵਿੱਚ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਕੈਬਨਿਟ ਮੰਤਰੀ ਬਨਣ ਤੋਂ ਬਾਅਦ ਆਪਣੀ ਜਨਮਭੂਮੀ `ਤੇ ਪਹਿਲੀ ਵਾਰ ਪਹੁੰਚੇ ਸਿੱਧੂ ਨੇ ਸਭ ਤੋਂ ਪਹਿਲਾਂ ਆਪਣੇ ਬਚਪਨ ਦੀਆਂ ਯਾਦਾਂ ਤਾਜੀਆਂ ਕੀਤੀਆਂ।ਉਹਨਾਂ ਹਾਜ਼ਰ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੀ ਜਨਮਭੂਮੀ ਕੱਕੜਵਾਲ ਵਿਖੇ ਪਹੁੰਚ ਕੇ ਮੈਂਨੂੰ ਬੇਹਦ ਖੁਸ਼ੀ ਹੋਈ ਹੈ।ਇਸ ਦੌਰਾਨ ਸਿੱਧੂ ਨੇ ਬਾਦਲ ਸਰਕਾਰ `ਤੇ ਸ਼ਿਕੰਜਾ ਕੱਸਦਿਆਂ ਕਿਹਾ ਕਿ ਅਕਾਲੀ ਸਰਕਾਰ ਨੇ ਹਮੇਸ਼ਾਂ ਲੋਕ ਵਿਰੋਧੀ ਫੈਸਲੇ ਲਏ ਹਨ।ਜਿਸ ਕਾਰਨ ਸੂਬਾ ਵਿਕਾਸ ਪੱਖੋਂ ਹਮੇਸ਼ਾਂ ਪਛੜਿਆ ਹੈ ਅਤੇ ਇਹ ਹੁਣ ਕਾਂਗਰਸ ਦੀ 10 ਮਹੀਨੇ ਪਹਿਲਾਂ ਬਣੀ ਸਰਕਾਰ ਦੀ ਕਾਰਗੁਜ਼ਾਰੀ ਉਪਰ ਸਵਾਲੀਆ ਚਿੰਨ ਲਗਾਉਣ ਲੱਗ ਪਏ ਹਨ, ਜਦੋਂ ਕਿ ਇਹ ਆਪਣੀ ਸਰਕਾਰ ਦੇ ਕਾਰਜਕਾਲ ਦਾ ਸਮਾਂ ਭੁੱਲੀ ਬੈਠੇ ਹਨ।
ਪ੍ਰੋਗਰਾਮ ਦੌਰਾਨ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਧੂਰੀ ਵਿਖੇ ਬੱਸ ਸਟੈਂਡ ਬਨਾਉਣ ਦੀ ਮੰਗ ਨੂੰ ਸਵੀਕਾਰ ਕਰਦਿਆਂ ਸਿੱਧੂ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਜੇਕਰ ਗੋਲਡੀ ਬਾਦਲ ਪਰਿਵਾਰ ਦੀਆਂ ਬੱਸਾਂ ਨੂੰ ਬੱਸ ਅੱਡੇ ਵਿੱਚ ਖੜ੍ਹਣ ਨਹੀਂ ਦੇਵੇਗਾ ਤਾਂ ਉਹ ਬੱਸ ਸਟੈਂਡ ਬਣਵਾ ਦੇਣਗੇ।ਜਿਸ `ਤੇ ਤੁਰੰਤ ਜਵਾਬ ਦਿੰਦਿਆਂ ਹਲਕਾ ਵਿਧਾਇਕ ਗੋਲਡੀ ਨੇ ਵੀ ਬਾਦਲ ਪਰਿਵਾਰ ਦੀਆਂ ਬੱਸਾਂ ਬੱਸ ਸਟੈਂਡ ਵਿੱਚ ਨਾ ਖੜ੍ਹਣ ਦੇਣ ਵਾਰੇ ਹਾਮੀ ਭਰੀ।ਉਹਨਾਂ ਦੋ ਏਕੜ ਜ਼ਮੀਨ ਵਿੱਚ ਕੱਕੜਵਾਲ ਵਿਖੇ ਸਟੇਡੀਅਮ ਬਨਾਉਣ ਦੀ ਗੱਲ ਵੀ ਕੀਤੀ।ਸਿੱਧੂ ਨੇ ਪਿੰਡ ਕੱਕੜਵਾਲ ਵਿਖੇ ਪਾਣੀ ਦੀ ਨਿਕਾਸੀ ਦੇ ਉਚਿਤ ਪ੍ਰਬੰਧਾਂ ਲਈ 60 ਲੱਖ ਰੁਪਏ ਦੀ ਗਰਾਂਟ, ਪਿੰਡ ਦੀ ਫਿਰਨੀ ਲਈ 25 ਲੱਖ ਰੁਪਏ ਅਤੇ ਹਰ ਸਾਲ 5 ਲੱਖ ਰੁਪਏ ਦੀ ਗਰਾਂਟ ਡੀ.ਏ.ਵੀ ਪਬਲਿਕ ਸਕੂਲ ਨੂੰ ਚਾਰ ਸਾਲਾਂ ਲਈ ਦੇਣ ਦਾ ਐਲਾਨ ਵੀ ਕੀਤਾ।ਉਹਨਾਂ ਅੱਗੇ ਕਿਹਾ ਕਿ ਸੂਬੇ ਲਈ 1500 ਕਰੋੜ ਰੁਪਏ ਦਾ ਕਰਜ਼ਾ ਹੁਡਕੋ ਤੋਂ ਪ੍ਰਾਪਤ ਹੋਣ ਵਾਲਾ ਹੈ, ਜੋ ਕਿ ਇਸ ਪੈਸਾ ਨਹਿਰੀ ਪਾਣੀਆਂ ਨੂੰ ਪੀਣ ਯੋਗ ਬਨਾਉਣ ਲਈ ਖਰਚਿਆ ਜਾਵੇਗਾ।ਸਿੱਧੂ ਨੇ ਗਰਾਂਟਾਂ ਦਾ ਐਲਾਨ ਕਰਨ ਤੋਂ ਬਾਅਦ ਆਪਣੇ ਰੋਮਾਂਟਿਕ ਅੰਦਾਜ਼ ਵਿੱਚ ਹਾਜ਼ਰ ਪਿੰਡ ਵਾਸੀਆਂ ਨੂੰ ਕਿਹਾ ਕਿ ਲਓ ਬਾਈ ਹੁਣ `ਠੋਕੋ ਤਾਲੀ`।
ਇਸ ਮੌਕੇ ਸੰਗਰੂਰ ਦੇ ਵਿਧਾਇਕ ਸ਼੍ਰੀ ਵਿਜੈਇੰਦਰ ਸਿੰਗਲਾ ਅਤੇ ਵਿਧਾਇਕ ਸ਼੍ਰੀ ਦਲਵੀਰ ਸਿੰਘ ਗੋਲਡੀ ਨੇ ਵੀ ਸੰਬੋਧਨ ਕਰਦਿਆ ਕਿਹਾ ਕਿ ਹਲਕੇ ਨੂੰ ਪਾਣੀ, ਸਿਹਤ ਸਹੂਲਤਾਂ, ਪੜਾਈ ਆਦਿ ਵਰਗੀਆਂ ਮੁਢਲੀਆਂ ਸਹੂਲਤਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।ਇਸ ਮੌਕੇ ਡੀ.ਏ.ਵੀ ਪਬਲਿਕ ਸਕੂਲ ਦੇ ਚੇਅਰਮੈਨ ਵੀ.ਕੇ ਸ਼ਰਮਾ, ਡਾ. ਏ.ਆਰ ਸ਼ਰਮਾ ਐਮ.ਡੀ ਰਾਈਸੀਲਾ ਫੂਡਜ਼, ਮਨਜੀਤ ਸਿੰਘ ਬਖਸ਼ੀ ਸਾਬਕਾ ਡੀ.ਪੀ.ਆਰ.ਓ, ਹਰਬੰਸ ਸਿੰਘ, ਅੱਛਰਾ ਸਿੰਘ ਭਲਵਾਨ, ਨਰੇਸ਼ ਕੁਮਾਰ ਮੰਗੀ, ਰਾਕੇਸ਼ ਕੁਮਾਰ, ਸੁਰੇਸ਼ ਬਾਂਸਲ, ਗੁਰਪਿਆਰ ਸਿੰਘ ਧੂਰਾ, ਨਰੇਸ਼ ਕਾਲਾ, ਰੋਮੀ ਢੰਡ, ਗੋਲਡੀ ਕਹੇਰੂ ਆਦਿ ਤੋਂ ਇਲਾਵਾ ਹੋਰ ਅਨੇਕਾਂ ਪਤਵੰਤੇ ਹਾਜ਼ਰ ਸਨ।
Punjab Post Daily Online Newspaper & Print Media