ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ `ਮਾਤ ਭਾਸ਼ਾ ਦਿਵਸ` ਸੰਬੰਧੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਮਾਤ ਭਾਸ਼ਾ ਦਿਵਸ ਮਨਾਉਣ ਦੀ ਮਹੱਤਤਾ ਅਤੇ ਵਿਸ਼ਵੀਕਰਨ ਦੇ ਦੌਰ ਵਿੱਚ ਦਰਪੇਸ਼ ਚੁਣੌਤੀਆਂ ਸੰਬੰਧੀ ਵਿਚਾਰ ਹੋਈ।ਇਸ ਦੀ ਪ੍ਰਧਾਨਗੀ ਮਦੁਰਈ ਯੂਨੀਵਰਸਿਟੀ ਤੋਂ ਡਾ.ਸੀ.ਜੀ. ਸ਼ੰਕਰ ਨੇ ਕੀਤੀ ਅਤੇ ਉੱਘੇ ਲੋਕਧਾਰਾ ਸ਼ਾਸਤਰੀ ਡਾ. ਭੁਪਿੰਦਰ ਸਿੰਘ ਖਹਿਰਾ ਸਾਬਕਾ ਡੀਨ ਭਾਸ਼ਾਵਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਮੁੱਖ ਭਾਸ਼ਣ ਕਰਤਾ ਦੇ ਰੂਪ ਵਿੱਚ ਸ਼ਿਰਕਤ ਕੀਤੀ।
ਸਮਾਗਮ ਦੇ ਆਰੰਭ ਵਿੱਚ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਨ ਦੇ ਨਾਲ-ਨਾਲ ਆਧੁਨਿਕ ਸਮੇਂ ਵਿੱਚ ਮਾਤ ਭਾਸ਼ਾ ਦੀ ਸਥਿਤੀ ਅਤੇ ਚੁਣੌਤੀਆਂ ਸੰਬੰਧੀ ਵੀ ਚਰਚਾ ਕੀਤੀ।ਮੁੱਖ ਬੁਲਾਰੇ ਡਾ. ਭੁਪਿੰਦਰ ਸਿੰਘ ਖਾਹਰਾ ਨੇ ਭਾਸ਼ਾ ਦੀ ਬਣਤਰ ਪਿਛੇ ਕੰਮ ਕਰਕੇ ਨਿਯਮਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਜ਼ੁਬਾਨ ਦਾ ਢਾਂਚਾ ਬਦਲ ਰਿਹਾ ਹੈ।ਟੈਕਨੋਲਜੀ ਦੇ ਵਿਕਾਸ ਅਤੇ ਵਿਸ਼ਵੀ ਤਬਦੀਲੀਆਂ ਕਾਰਨ ਭਾਸ਼ਾ ਵਿੱਚ ਲਗਾਤਾਰ ਪਰਿਵਰਤਨ ਵਾਪਰ ਰਿਹਾ ਹੈ ਜਿਸ ਕਾਰਨ ਨਵੇਂ ਸ਼ਬਦਾਂ ਦੀ ਵਰਤੋਂ ਹੋ ਰਹੀ ਹੈ ਅਤੇ ਪੁਰਾਣੇ ਸ਼ਬਦ ਅਲੋਪ ਹੋ ਰਹੇ ਹਨ।ਪਰੰਤੂ ਇਸ ਨਾਲ ਭਾਸ਼ਾ ਨੂੰ ਕੋਈ ਖ਼ਤਰਾ ਨਹੀਂ ਸਗੋਂ ਇਹ ਤਬਦੀਲੀਆਂ ਸਾਰਥਕ ਹਨ।
ਡਾ. ਹਰਭਜਨ ਸਿੰਘ ਭਾਟੀਆ ਨੇ ਮਾਤਭਾਸ਼ਾ ਦਿਵਸ ਦੀ ਮਹੱਤਤਾ ਸੰਬੰਧੀ ਚਰਚਾ ਕਰਦਿਆਂ ਇਸ ਗੱਲ `ਤੇ ਜ਼ੋਰ ਦਿੱਤਾ ਕਿ ਵਿਅਕਤੀ ਨੂੰ ਮਾਤਭਾਸ਼ਾ ਦਾ ਸਹੀ ਅਰਥਾਂ ਵਿੱਚ ਗਿਆਨ ਹੋਣਾ ਜ਼ਰੂਰੀ ਹੈ ਤਾਂ ਹੀ ਉਹ ਦੂਸਰੀਆਂ ਭਾਸ਼ਾ ਸਿੱਖ ਸਕਦਾ ਹੈ ਅਤੇ ਆਪਣੇ ਗਿਆਨ ਦਾ ਵਿਸਥਾਰ ਕਰ ਸਕਦਾ ਹੈ।ਉਚੇਚੇ ਤੌਰ ਤੇ ਪਹੁੰਚੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ਼੍ਰੀ ਪ੍ਰਵੀਨ ਪੁਰੀ ਨੇ ਵੀ ਮਾਤਭਾਸ਼ਾ ਸੰਬੰਧੀ ਗੱਲ ਕਰਦਿਆਂ ਇਸ ਗੱਲ ਤੇ ਫੋਕਸ ਕੀਤਾ ਕਿ ਭਾਵੇਂ ਅਜੋਕੇ ਸਮੇਂ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਹਨ ਪਰੰਤੂ ਫਿਰ ਵੀ ਸਾਨੂੰ ਆਪਣੀ ਭਾਸ਼ਾ ਪ੍ਰਤੀ ਹੀਣਭਾਵਨਾ ਰੱਖਣ ਦੀ ਲੋੜ ਨਹੀਂ ਸਗੋਂ ਆਪਣੀ ਭਾਸ਼ਾ ਅਤੇ ਵਿਰਸੇ `ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ।
ਡਾ. ਸੀ.ਜੀ ਸ਼ੰਕਰ ਅਤੇ ਉਹਨਾਂ ਦੀ ਪਤਨੀ ਸ਼੍ਰੀ ਮਤੀ ਸੀ.ਐਸ. ਸ਼ਾਂਤੀ ਨੇ ਵੀ ਮਾਤਭਾਸ਼ਾ ਸੰਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ।ਡਾ. ਦਰਿਆ ਨੇ ਸਮੁੱਚੇ ਸਮਾਗਮ ਦਾ ਸੰਚਾਲਨ ਕਰਦਿਆਂ ਮਾਤਭਾਸ਼ਾ ਦਿਵਸ ਮਨਾਉਣ ਦੀ ਮਹੱਤਤਾ ਅਤੇ ਵਿਸ਼ਵੀਕਰਨ ਦੇ ਦੌਰ ਵਿੱਚ ਦਰਪੇਸ਼ ਚੁਣੌਤੀਆਂ ਸੰਬੰਧੀ ਵੀ ਅਹਿਮ ਨੁਕਤੇ ਸਾਂਝੇ ਕੀਤੇ।ਵਿਦਿਆਰਥੀਆਂ ਵਲੋਂ ਮਾਤਭਾਸ਼ਾ ਨਾਲ ਸੰਬੰਧਤ ਕਵਿਤਾਵਾਂ ਅਤੇ ਗੀਤ ਵੀ ਸੁਣਾਏ ਗਏ।ਇਸ ਮੌਕੇ ਵਿਭਾਗ ਦੇ ਅਧਿਆਪਕਾਂ ਤੋਂ ਇਲਾਵਾ ਡਾ. ਬਲਜੀਤ ਕੌਰ ਰਿਆੜ, ਡਾ. ਸਿਧਾਰਥ, ਮਹਿੰਦਰ ਸਿੰਘ ਰਾਹੀ, ਵਿਭਾਗ ਦੇ ਖੋਜ-ਵਿਦਿਆਰਥੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …