ਭੋਪਾਲ ਵਿਖੇ ਗੁਰਮਤਿ ਸਮਾਗਮ `ਚ ਕੀਤੀ ਸ਼ਮੂਲੀਅਤ
ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਲੰਘੇ ਸੋਮਵਾਰ ਨੂੰ ਭੋਪਾਲ ਦੇ ਗੁਰਦੁਆਰਾ ਮਾਤਾ ਸਾਹਿਬ ਕੌਰ ਵਿਖੇ ਸਿਕਲੀਗਰ ਸਿੱਖਾਂ ਵੱਲੋਂ ਕਰਵਾਏ ਗਏ ਇਕ ਸਮਾਗਮ ਵਿਚ ਪਹੁੰਚ ਕੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਕਮੇਟੀ ਸਿੱਖ ਪੰਥ ਦਾ ਅਹਿਮ ਅੰਗ ਸਿਕਲੀਗਰ ਸਿੱਖਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬਧ ਹੈ।ਉਨ੍ਹਾਂ ਕਿਹਾ ਕਿ ਸਿਕਲੀਗਰ ਸਿੱਖ ਬੱਚਿਆਂ ਦੀਆਂ ਫੀਸਾਂ ਦਾ ਖ਼ਰਚਾ ਸ਼੍ਰੋਮਣੀ ਕਮੇਟੀ ਵੱਲੋਂ ਚੁੱਕਿਆ ਗਿਆ ਹੈ ਅਤੇ ਬੱਚੀਆਂ ਲਈ ਵੀ ਕਿੱਤਾਮੁਖੀ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿਕਲੀਗਰ ਸਿੱਖਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕਾਰਜ ਕਰਦੀ ਰਹੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨਾਲ ਗਏ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਭੋਪਾਲ ਦੇ ਗੁਰਦੁਆਰਾ ਗੁਰੂ ਨਾਨਕ ਟੇਕਰੀ ਸਾਹਿਬ ਵਿਖੇ ਨਵੇਂ ਬਣੇ ਏਅਰ ਕੰਡੀਸ਼ਨ ਹਾਲ ਦਾ ਉਦਘਾਟਨ ਕੀਤਾ ਅਤੇ ਇਸ ਦੇ ਨਾਲ ਹੀ ਗੁਰੂ ਨਾਨਕ ਫ੍ਰੀ ਮੋਦੀ ਖਾਨਾ ਦੀ ਸ਼ੁਰੂਆਤ ਕੀਤੀ।ਉਨ੍ਹਾਂ ਨੇ ਇਥੇ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੇ ਇਕ ਅਜਾਇਬ ਘਰ ਦਾ ਉਦਘਾਟਨ ਵੀ ਕੀਤਾ।ਇਸ ਤੋਂ ਇਲਾਵਾ ਲੌਂਗੋਵਾਲ ਨੇ ਗੁਰੂ ਨਾਨਕਸਰ ਸਾਹਿਬ ਹਮੀਦੀਆ ਰੋਡ ਵਿਖੇ ਲਾਇਬ੍ਰੇਰੀ ਅਤੇ ਗੁਰੂ ਨਾਨਕ ਨਿਵਾਸ ਨੂੰ ਵੀ ਸੰਗਤ ਅਰਪਣ ਕੀਤਾ।ਭੋਪਾਲ ਪਹੁੰਚਣ ’ਤੇ ਪ੍ਰਧਾਨ ਲੌਂਗੋਵਾਲ ਦਾ ਸਿੰਘ ਸਭਾਵਾਂ ਦੇ ਪ੍ਰਧਾਨ ਗਿਆਨੀ ਦਲੀਪ ਸਿੰਘ ਨੇ ਧੰਨਵਾਦ ਕੀਤਾ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਲੋਕ ਭਲਾਈ ਦੀਆਂ ਸੇਵਾਵਾਂ ਲਈ ਪ੍ਰਸ਼ੰਸਾ ਕੀਤੀ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ, ਨਿੱਜੀ ਸਹਾਇਕ ਜਗਜੀਤ ਸਿੰਘ ਜੱਗੀ, ਦਰਸ਼ਨ ਸਿੰਘ ਪੀ.ਏ, ਸੁਖਜਿੰਦਰ ਸਿੰਘ ਐਕਸੀਅਨ, ਗਿਆਨੀ ਦਲੀਪ ਸਿੰਘ, ਅਮਰੀਕ ਸਿੰਘ, ਮਨਜੀਤ ਸਿੰਘ, ਸੁਰਜੀਤ ਸਿੰਘ, ਗੁਰਵੇਲ ਸਿੰਘ, ਕੁਲਬੀਰ ਸਿੰਘ, ਪਰਮਜੀਤ ਸਿੰਘ, ਗੁਰਮੀਤ ਸਿੰਘ ਆਦਿ ਮੌਜੂਦ ਸਨ।
Punjab Post Daily Online Newspaper & Print Media