ਹਜ਼ਾਰਾਂ ਕਿਸਾਨਾਂ ਤੇ ਬੀਬੀਆਂ ਵੱਲੋਂ ਕੀਤੀ ਗਈ ਸ਼ਿਰਕਤ

ਤਰਸਿਕਾ/ਰਈਆ, 10 ਅਗਸਤ (ਕਵਲਜੀਤ ਸਿੰਘ/ਬਲਵਿੰਦਰ ਸੰਧੂ) – ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਕੁਰਬਾਨੀ ਤੇ ਬਲੀਦਾਨ ਨੂੰ ਯਾਦ ਕਰਨ ਲਈ ਇਤਿਹਾਸਿਕ ਰੱਖੜ ਪੁੰਨਿਆ ਦੇ ਮੇਲੇ ਉਤੇ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਵਿਸ਼ਾਲ ਕਾਨਫਰੰਸ ਕੀਤੀ ਗਈ, ਜਿਸ ਵਿੱਚ ਹਜ਼ਾਰਾਂ ਕਿਸਾਨਾ, ਬੀਬੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕਰਕੇ ਕੇਂਦਰ ਤੇ ਬਾਦਲ ਸਰਕਾਰ ਦੀਆਂ ਨਿਜੀਕਰਨ ਦੀਆਂ ਨੀਤੀਆਂ ਖਿਲਾਫ ਸੰਘਰਸ਼ ਤਿਖੇ ਕਰਨ ਦਾ ਅਹਿਦ ਲਿਆ। ਇਸ ਕਾਨਫਰੰਸ ਦੀ ਪ੍ਰਧਾਨਗੀ ਕਿਸਾਨ ਆਗੂ ਸਤਨਾਮ ਸਿੰਘ ਸਠਿਆਲਾ, ਲਖਬੀਰ ਸਿੰਘ ਵੈਰੋਵਾਲ, ਜਵਾਹਰ ਸਿੰਘ ਟਾਡਾ, ਅਮਰੀਕ ਸਿੰਘ ਭੋਏਵਾਲ ਤੇ ਬੀਬੀ ਜਗੀਰ ਕੌਰ ਕਲੇਰ ਘੁਮਾਣ ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ ਤੇ ਸਟੇਜ ਸਕੱਤਰ ਦੀ ਜਿੰਮੇਵਾਰੀ ਸੂਬਾ ਕਮੇਟੀ ਮੈਂਬਰ ਸਤਨਾਮ ਸਿੰਘ ਜੋਹਲ ਤੇ ਬਾਖੂਬੀ ਨਿਭਾਈ। ਇਸ ਮੌਕੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਹਰਪ੍ਰੀਤ ਸਿੰਘ ਸਿਧਵਾਂ, ਸਵਿੰਦਰ ਸਿੰਘ ਠੱਠੀ ਖਾਰਾ, ਕਸ਼ਮੀਰ ਸਿੰਘ ਬਾਣੀਆ ਤੇ ਬੀਬੀ ਦਵਿੰਦਰ ਕੌਰ ਕੱਲਾ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੇ ਔਰੰਗਜੇਬ ਵੱਲੋਂ ਦੇਸ਼ ਦੇ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦੀ ਨੀਤੀ ਨੂੰ ਪਿੱਛੇ ਧੱਕ ਦਿੱਤਾ। ਇਸ ਬਲੀਦਾਨ ਤੋਂ ਬਾਅਦ ਔਰੰਗਜੇਬ ਕਿਸੇ ਵੀ ਹਿੰਦੂ ਨੂੰ ਮੁਸਲਮਾਨ ਨਹੀਂ ਬਣਾ ਸਕਿਆ। ਇਸ ਲਈ ਅੱਜ ਦੇ ਹਾਕਮਾ ਦੀਆਂ ਜਾਬਰ ਲੋਕ ਵਿਰੋਧੀ ਨੀਤੀਆਂ ਨੂੰ ਠੱਲ ਪਾਉਣ ਲਈ ਗੁਰੂ ਸਾਹਿਬ ਦੀ ਸ਼ਹੀਦੀ ਤੋਂ ਸੇਧ ਲੈ ਕੇ ਸੰਘਰਸ਼ ਤਿੱਖੇ ਕਰਨ ਦੀ ਲੋੜ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਵਿਸ਼ਾਲ ਇਕੱਠ ਤੋ ਜੈ ਕਾਰਿਆ ਦੀ ਗੂੰਜ ਵਿੱਚ ਮਤੇ ਪਾਸ ਕਰਵਾ ਕੇ ਮੰਗ ਕੀਤੀ ਕਿ ਬਾਬਾ ਬਕਾਲਾ ਬਜਾਰ ਦੇ ਪੀੜਤ ਦੁਕਾਨਦਾਰਾਂ ਨੂੰ ਵਾਅਦੇ ਮੁਤਾਬਿਕ ਬਾਦਲ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਮਾਰਕੀਟ ਬਣਾ ਕੇ ਦੁਕਾਨਾਂ ਅਲਾਟ ਕਰੇ, ਬਾਦਲ ਸਰਕਾਰ ਵੱਲੋ ਪਾਸ ਕੀਤੀ ਕਾਲਾ ਕਾਨੂੰਨ ਤੁਰੰਤ ਰੱਦ ਕੀਤਾ ਜਾਵੇ, 21 ਫਰਵਰੀ ਦੇ ਘੱਲੂਘਾਰੇ ਦੇ ਸਬੰਧ ਵਿੱਚ ਕੀਤੇ ਲਿਖਤੀ ਸਮਝੌਤੇ ਮੁਤਾਬਿਕ ਜਖਮੀਆਂ ਨੂੰ 25-25 ਹਜਾਰ ਰੁਪਏ, ਸੰਦਾਂ ਦੀ ਟੁੱਟਭੱਜ ਦਾ 4 ਲੱਖ ਰੁਪਏ ਦਿੱਤੀ ਜਾਵੇ। ਡਾ, ਸਵਾਮੀ ਨਾਥ ਕਮਿਸ਼ਨ ਦੀ ਰਿਪੋਰਟ ਲਾਗੂ ਕਰਕੇ ਫਸਲਾਂ ਦੇ ਭਾਅ, ਅੱਠ ਘੰਟੇ ਬਿਜਲੀ ਸਪਲਾਈ ਨੂੰ ਬਹਿਤਰ ਬਣਾਇਆ ਜਾਵੇ। ਕਿਸਾਨਾਂ ਨੂੰ ਸੋਕਾ ਰਾਹਤ ਤੇ 500 ਰੁਪਏ ਫ੍ਰੀ ਕਵਿੰਟਲ ਝੋਨੇ ਤੇ ਬੋਨਸ ਦਿੱਤਾ ਜਾਵੇ। ਇਸ ਮੌਕੇ ਗੁਰਬਚਨ ਸਿੰਘ ਚੱਬਾ, ਦਲਬੀਰ ਸਿੰਘ ਬਦਾਦਪੁਰ, ਚਰਨ ਸਿੰਘ ਕਲੇਰ, ਕਰਮ ਸਿੰਘ ਬੱਲ ਸਰਾਂ, ਹਰਬਿੰਦਰ ਸਿੰਘ ਭਲਾਈਪਬਰ, ਹਰਪਿੰਦਰ ਸਿੰਘ ਕੰਗ, ਭਗਵਾਨ ਸਿੰਘ ਸੰਗਰਕੋਟ, ਮੁਖਬੈਨ ਸਿੰਘ ਜੌਧਾ ਨਗਰੀ, ਪਰਗਟ ਸਿੰਘ ਨੰਗਲੀ, ਕੁਲਵੰਤ ਸਿੰਘ ਭੈਲ, ਬੀਬੀ ਬਲਜੀਤ ਕੌਰ ਨਾਗੋਕੇ, ਬੀਬੀ ਜਸਵਿੰਦਰ ਕੌਰ ਚੀਮਾ ਬਾਠ ਤੇ ਬੀਬੀ ਬਘੂਬੀਰ ਕੌਰ ਘੋਗਾ ਬਾਬਾ ਬਕਾਲਾ ਬਾਜਾਰ ਕਮੇਟੀ ਦੀ ਪ੍ਰਧਾਨ ਬੀਬੀ ਕਸ਼ਮੀਰ ਕੌਰ, ਸਤਨਾਮ ਸਿੰਘ ਬਾਜਵਾ ਸਮੇਤ ਸਾਰੇ ਮੈਬਰ ਹਾਜਿਰ ਸਨ।
Punjab Post Daily Online Newspaper & Print Media